ਨੌਜਵਾਨ ਨੇ ਪਵਿੱਤਰ ਕਾਲੀ ਵੇਈਂ 'ਚ ਮਾਰੀ ਛਾਲ, ਹੋਈ ਮੌਤ
ਪੁਲਿਸ ਨੇ ਕੀਤੀ ਧਾਰਾ 174 ਦੀ ਕਾਰਵਾਈ
ਸੁਲਤਾਨਪੁਰ ਲੋਧੀ 16 ਜੂਨ -ਅੱਜ ਕਰੀਬ 9ਾ:30 ਵਜੇ ਸਵੇਰੇ ਇੱਕ 24 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਫੱਤੋਵਾਲ ਨੇ ਪਵਿੱਤਰ ਕਾਲੀ ਵੇਈ ਉੱਪਰ ਬਣੇ ਪੁੱਲ, ਨੇੜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਛਲਾਂਗ ਮਾਰ ਦਿੱਤੀ। ਇਸ ਤੋਂ ਪਹਿਲਾਂ ਉਸਨੇ ਆਪਣੇ ਤਾਏ ਦੇ ਲੜਕੇ ਨੂੰ ਫੋਨ ਕਰਕੇ ਛਲਾਂਗ ਲਗਾਉਣ ਬਾਰੇ ਸੂਚਿਤ ਵੀ ਕੀਤਾ। ਉਕਤ ਨੌਜਵਾਨ ਨੇ ਪੁਲ ਦੇ ਉੱਪਰ ਆਪਣਾ ਮੋਟਰ ਸਾਈਕਲ ਖੜਾ ਕਰਕੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ। ਸੂਚਨਾ ਮਿਲਦੇ ਸਾਰ ਸੁਲਤਾਨਪੁਰ ਲੋਧੀ ਪੁਲਿਸ ਮੌਕੇ ਤੇ ਪੁੱਜੀ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਛਲਾਂਗ ਲਗਾਉਣ ਵਾਲੇ ਨੌਜਵਾਨ ਦੇ ਤਾਏ ਦੇ ਲੜਕੇ ਜਰਮਨ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸੁਲਤਾਨਪੁਰ ਲੋਧੀ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਅਜੇ ਕੁੰਵਾਰਾ ਸੀ। ਸੂਚਨਾ ਮਿਲਣ ਤੇ ਗੁਰਪ੍ਰੀਤ ਦੀ ਮਾਤਾ ਤੇ ਹੋਰ ਰਿਸ਼ਤੇਦਾਰ ਵੀ ਮੌਕੇ ਤੇ ਪਹੁੰਚ ਗਏ। ਪੁਲਿਸ ਵੱਲੋਂ ਗੋਤਾਖੋਰ ਬਲਾਉਣ ਉਪਰੰਤ ਉਕਤ ਨੌਜਵਾਨ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਾਣੀ ਚੋਂ ਬਾਹਰ ਕੱਢ ਲਈ ਗਈ। ਮ੍ਰਿਤਕ ਦੇ ਮਾਤਾ ਪਿਤਾ ਦੇ ਹੰਝੂ ਵੇਖੇ ਨਹੀਂ ਜਾ ਰਹੇ ਸਨ। ਗੁਰਪ੍ਰੀਤ ਸਿੰਘ ਦਾ ਇੱਕ ਭਰਾ ਅਤੇ ਦੋ ਭੈਣਾਂ ਵੀ ਹਨ। ਗੁਰਪ੍ਰੀਤ ਸਿੰਘ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਪਰੰਤੂ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਡੀਐਸਪੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ ਅਤੇ ਉਸ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ । ਥਾਣਾ ਸੁਲਤਾਨਪੁਰ ਲੋਧੀ ਐਸ ਐਚ ਓ ਸੋਨਮਦੀਪ ਕੌਰ ਨੇ ਦੱਸਿਆ ਮ੍ਰਿਤਕ ਗੁਰਪ੍ਰੀਤ ਸਿੰਘ ਸ਼ਾਇਦ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਇਸ ਸੰਬੰਧ ਵਿੱਚ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।