ਲੜਕੀਆਂ ਲਈ ਛੋਟੇ ਕੋਰਸ ਵੀ ਬਣ ਸਕਦੇ ਹਨ ਰੁਜ਼ਗਾਰ ਹਾਸਿਲ ਕਰਨ ਦਾ ਜ਼ਰਿਏ
ਵਿਜੈ ਗਰਗ
ਅਜੋਕੇ ਯੁੱਗ ’ਚ ਵਿਗਿਆਨ ਅਤੇ ਤਕਨਾਲੋਜੀ ਨੇ ਜਿੱਥੇ ਅਨੇਕਾਂ ਲਾਭਦਾਇਕ ਖੋਜਾਂ ਕਰ ਕੇ ਅਤੇ ਕਾਢਾਂ ਕੱਢ ਕੇ ਸਾਡਾ ਜੀਵਨ ਸੁਖਾਲਾ ਤੇ ਆਰਾਮਦਾਇਕ ਬਣਾ ਦਿੱਤਾ ਹੈ, ਉੱਥੇ ਹੀ ਰੁਜ਼ਗਾਰ ਹਾਸਿਲ ਕਰਨ ਲਈ ਸਾਨੂੰ ਹੋਰ ਉੱਚ-ਪੱਧਰੀ ਵਿਗਿਆਨ ਤੇ ਤਕਨੀਕੀ ਸਿੱਖਿਆ ਹਾਸਿਲ ਕਰਨ ਲਈ ਮਜਬੂਰ ਵੀ ਕਰ ਦਿੱਤਾ ਹੈ। ਅੱਜ ਸਾਡੇ ਦੇਸ਼ ਤੇ ਸੂਬੇ ’ਚ ਅਜਿਹੇ ਅਨੇਕਾਂ ਡਿਪਲੋਮਾ ਤੇ ਡਿਗਰੀ ਕੋਰਸ ਮੁਹੱਈਆ ਹਨ, ਜੋ ਸਾਨੂੰ ਘੱਟ ਖ਼ਰਚ ਤੇ ਘੱਟ ਸਮੇਂ ਅੰਦਰ ਸਿਖਲਾਈ ਲੈ ਕੇ ਚੰਗੀ ਕਮਾਈ ਕਰਨ ਦੇ ਕਾਬਿਲ ਬਣਾਉਂਦੇ ਹਨ। ਹੁਣ ਸਕੂਲਾਂ ਜਾਂ ਕਾਲਜਾਂ ’ਚ ਜਾ ਕੇ ਰਵਾਇਤੀ ਕੋਰਸ ਜਾਂ ਪੜ੍ਹਾਈ ਕਰਨ ਦਾ ਰੁਝਾਨ ਘਟ ਰਿਹਾ ਹੈ। ਸਮੇਂ ਦੀਆਂ ਲੋੜਾਂ ਦੀ ਨਬਜ਼ ਪਛਾਣਦਿਆਂ ਵੱਖ-ਵੱਖ ਵਿੱਦਿਅਕ ਅਦਾਰਿਆਂ ਤੇ ਕੇਂਦਰੀ ਜਾਂ ਸੂਬਾਈ ਸੰਗਠਨਾਂ ਨੇ ਅਨੇਕਾਂ ਨਵੇਂ ਕੋਰਸ ਸ਼ੁਰੂ ਕਰ ਦਿੱਤੇ ਹਨ, ਜੋ ਰੁਜ਼ਗਾਰ ਹਾਸਿਲ ਕਰਨ ’ਚ ਮਦਦਗਾਰ ਸਾਬਿਤ ਹੋ ਸਕਦੇ ਹਨ।
ਮੁੱਢਲੀ ਵਿੱਦਿਅਕ ਯੋਗਤਾ
ਜੇ ਆਪਣੇ ਆਸੇ-ਪਾਸੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਥੋੜ੍ਹੇ ਸਮੇਂ ਦੇ ਯਾਨੀ ਤਿੰਨ ਮਹੀਨੇ ਤੋਂ ਲੈ ਕੇ ਇਕ ਸਾਲਤੱਕ ਦੀ ਸਮਾਂ-ਮਿਆਦ ਵਾਲੇ ਅਜਿਹੇ ਕਈ ਤਕਨੀਕੀ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਮੁਹੱਈਆ ਹਨ, ਜੋ ਸਾਨੂੰ ਰੁਜ਼ਗਾਰ ਪ੍ਰਦਾਨ ਕਰਨ ’ਚ ਪੂਰੀ ਤਰ੍ਹਾਂ ਸਹਾਇਕ ਸਿੱਧ ਹੋ ਸਕਦੇ ਹਨ। ਉਦਾਹਰਨ ਵਜੋਂ ‘ਕੰਪਿਊਟਰ ਹਾਰਡਵੇਅਰ’,‘ਡਿਜੀਟਲ ਮਾਰਕੀਟਿੰਗ’,‘ਵੈੱਬ ਡਿਜ਼ਾਈਨਿੰਗ’,‘ਗ੍ਰਾਫਿਕਸ ਡਿਜ਼ਾਈਨਿੰਗ’,‘ਵੈੱਬ ਡਿਵੈਲਪਰ’,‘ਸੋਸ਼ਲ ਮੀਡੀਆ ਮੈਨੇਜਮੈਂਟ’,‘ਕੰਟੈਂਟ ਰਾਈਟਿੰਗ’ ਤੇ ‘ਕਾਪੀ ਰਾਈਟਿੰਗ’ ਆਦਿ ਜਿਹੇ ਅਨੇਕਾਂ ਕੋਰਸ ਆਫਲਾਈਨ ਜਾਂ ਆਨਲਾਈਨ ਬਾਜ਼ਾਰ ’ਚ ਆਸਾਨੀ ਨਾਲ ਉਪਲਬਧ ਹਨ, ਜੋ ਸਾਨੂੰ ਜਲਦੀ ਰੁਜ਼ਗਾਰ ਦੁਆ ਸਕਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਕਤ ਕੋਰਸ ਕਰਨ ਲਈ ਕਿਸੇ ਵੱਡੀ ਮੁੱਢਲੀ ਵਿਦਿਅਕ ਯੋਗਤਾ ਜਾਂ ਬਹੁਤ ਉੱਚੀ ਅੰਕ ਫ਼ੀਸਦੀ ਦੀ ਵੀ ਲੋੜ ਨਹੀਂ ਹੁੰਦੀ
ਬਣ ਸਕਦੇ ਹੋ ਆਤਮ-ਨਿਰਭਰ
ਇਥੇ ਹੀ ਬੱਸ ਨਹੀਂ ਜੇ ਤੁਸੀਂ ‘ਤਕਨਾਲੋਜੀ ਸਕਿੱਲਜ਼’ ਨੂੰ ਵਧਾਉਣ ਦੇ ਚਾਹਵਾਨ ਹੋ ਤਾਂ ਵੀ ਤੁਹਾਡੇ ਲਈ ਮਾਰਕੀਟ ਵਿਚ ਬਹੁਤ ਕੁਝ ਹੈ। ਉਦਾਹਰਨ ਵਜੋਂ ਤੁਸੀਂ ਚਾਹੋ ਤਾਂ ‘ਕੰਪਿਊਟਰ ਹਾਰਡਵੇਅਰ ਐਂਡ ਨੈੱਟਵਰਕਿੰਗ’,‘ਮੋਬਾਈਲ ਰਿਪੇਅਰਿੰਗ ਕੋਰਸ’,‘ਇਲੈਕਟ੍ਰੀਸ਼ਨ ਕੋਰਸ’,‘ਫਰਿੱਜ ਅਤੇ ਏਅਰ ਕੰਡੀਸ਼ਨਰ ਰਿਪੇਅਰ ਕੋਰਸ’ ਅਤੇ ‘ਸੋਲਰ ਪੈਨਲ ਇੰਸਟਾਲੇਸ਼ਨ ਕੋਰਸ’ ਕਰ ਕੇ ਰੁਜ਼ਗਾਰ ਹਾਸਿਲ ਕਰ ਸਕਦੇ ਹੋ ਤੇ ਆਤਮ-ਨਿਰਭਰ ਬਣ ਸਕਦੇ ਹੋ। ਯਾਦ ਰੱਖੋ ਕਿ ਕੋਈ ਵੀ ਸਰਕਾਰ ਕਦੇ ਵੀ ਦੇਸ਼ ਜਾਂ ਸੂਬੇ ਦੇ ਸਾਰੇ ਪੜ੍ਹੇ-ਲਿਖੇ ਜਾਂ ਸਿਖਲਾਈਯਾਫ਼ਤਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਨਹੀਂ ਕਰ ਸਕਦੀ, ਇਸ ਲਈ ਸਵੈ-ਰੁਜ਼ਗਾਰ ਰਾਹੀਂ ਆਤਮ-ਨਿਰਭਰ ਬਣਨ ਵਾਲੇ ਘੱਟ ਖ਼ਰਚ ਵਾਲੇ ਅਤੇ ਘੱਟ ਸਮਾਂ ਮਿਆਦ ਵਾਲੇ ਕੋਰਸ ਕਰ ਕੇ ਆਤਮ-ਨਿਰਭਰ ਹੋ ਕੇ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਣ ਤੋਂ ਬਚ ਸਕਦੇ ਹਾਂ।
ਪਰਸਨਲ ਕੇਅਰ ਐਂਡ ਬਿਊਟੀ ਇੰਡਸਟਰੀ
ਜੇ ਤੁਹਾਡੀ ਦਿਲਚਸਪੀ ਪਰਸਨਲ ਕੇਅਰ ਐਂਡ ਬਿਊਟੀ ਇੰਡਸਟਰੀ ਯਾਨੀ ‘ਨਿੱਜੀ ਦੇਖ਼ਭਾਲ ਅਤੇ ਸੁੰਦਰਤਾ ਵਧਾਊ ਕਾਰੋਬਾਰ’ ਵਾਲੇ ਪਾਸੇ ਹੈ ਤਾਂ ਇਸ ਖੇਤਰ ਵਿਚ ਵੀ ਤੁਹਾਡੇ ਲਈ ਕਈ ਕੋਰਸ ਮੁਹੱਈਆ ਹਨ। ਤੁਸੀਂ ‘ਬਿਊਟੀ ਥੈਰੇਪੀ ਕੋਰਸ’,‘ਨੇਲ ਆਰਟ ਕੋਰਸ’,‘ਮਹਿੰਦੀ ਕੋਰਸ’,‘ਮੇਕਅੱਪ ਆਰਟਿਸਟ ਕੋਰਸ’,‘ਹੇਅਰ ਸਟਾਈਲਿੰਗ ਕੋਰਸ’,‘ਸਪਾਅ ਥੈਰੇਪੀ ਕੋਰਸ’,‘ਹੈਲਥ ਐਂਡ ਫਿਟਨੈੱਸ ਕੋਰਸ’ ਜਾਂ ‘ਫਿਜ਼ੀਓਥੈਰੇਪੀ’ ਸਬੰਧੀ ਸਿਖਲਾਈ ਹਾਸਿਲ ਕਰ ਸਕਦੇ ਹੋ ਤੇ ਸਿਹਤ ਅਤੇ ਸੁੰਦਰਤਾ ਉਦਯੋਗ ਵਿਚ ਕੰਮ ਕਰ ਕੇ ਆਪਣੀ ਆਮਦਨੀ ਵਧਾ ਸਕਦੇ ਹੋ। ਇਸੇ ਖੇਤਰ ਨਾਲ ਜੁੜੇ ਕੁਝ ਹੋਰ ਵੀ ਕੋਰਸ ਹਨ, ਜਿਵੇਂ ‘ਯੋਗਾ ਟ੍ਰੇਨਿੰਗ’,‘ਫਿਟਨੈੱਸ ਟ੍ਰੇਨਿੰਗ ਕੋਰਸ’ ਤੇ ‘ਨਿਊਟ੍ਰੀਸ਼ਨ ਐਂਡ ਡਾਇਟੀਸ਼ੀਅਨ ਕੋਰਸ’ ਆਦਿ। ਪੰਜਾਬ ਸਰਕਾਰ ਨੇ ਤਾਂ ਯੋਗਾ ਟ੍ਰੇਨਰਾਂ ਦੀ ਸਰਕਾਰੀ ਭਰਤੀ ਵੀ ਸ਼ੁਰੂ ਕੀਤੀ ਹੋਈ ਹੈ।
ਕੁਕਿੰਗ ਕੋਰਸ
ਕੁਕਿੰਗ ਕੋਰਸ ਖ਼ੁਦ ਵਿਚ ਵਿਲੱਖਣ ਸਥਾਨ ਰੱਖਦਾ ਹੈ। ਭਾਰਤ ’ਚ ਮੱਧ ਵਰਗ ਦੀ ਆਬਾਦੀ ਕਾਫ਼ੀ ਜ਼ਿਆਦਾ ਹੋਣ ਕਰਕੇ ਇੱਥੇ ਫਾਸਟ ਫੂਡ ਵੱਡੇ ਉਦਯੋਗ ਵਾਂਗ ਵੱਧ ਰਿਹਾ ਹੈ। ਮੱਧਮ ਵਰਗ ਦਾ ਆਰਥਿਕ ਪੱਧਰ ਠੀਕ ਹੋਣ ਕਰਕੇ ਇਸ ਵਰਗ ਦੇ ਲੋਕ ਬਾਜ਼ਾਰੀ ਖਾਣਾ ਵੱਧ ਪਸੰਦ ਕਰਦੇ ਹਨ। ਇਹ ਬਾਜ਼ਾਰੀ ਖਾਣਾ ‘ਟਿਫਨ ਵਾਲਾ ਖਾਣਾ’,‘ਢਾਬੇ ਵਾਲਾ ਖਾਣਾ’,‘ਰੈਸਟੋਰੈਂਟ ਵਾਲਾ ਖਾਣਾ’ ਜਾਂ ‘ਹੋਟਲ ਵਾਲਾ ਖਾਣਾ’ ਆਦਿ ਦੇ ਰੂਪ ਵਿਚ ਹੋ ਸਕਦਾ ਹੈ। ‘ਸਟਰੀਟ ਫੂਡ’ ਭਾਰਤ ’ਚ ਸਭ ਤੋਂ ਵੱਧ ਪ੍ਰਚੱਲਿਤ ਫੂਡ ਉਦਯੋਗ ਹੈ। ਵਧੀਆ ਕੁਕਿੰਗ ਕੋਰਸ ਕਰ ਕੇ ਜਿੱਥੇ ਤੁਸੀਂ ਕਿਸੇ ਚੰਗੇ ਢਾਬੇ, ਰੈਸਟੋਰੈਂਟ ਜਾਂ ਹੋਟਲ ਵਿਚ ਬਤੌਰ ਸ਼ੈਫ ਨੌਕਰੀ ਕਰ ਸਕਦੇ ਹੋ, ਉੱਥੇ ਹੀ ਘਰ ਬੈਠਿਆਂ ਆਪਣਾ ਟਿਫਨ ਬਿਜ਼ਨੈੱਸ ਵੀ ਸ਼ੁਰੂ ਕਰ ਸਕਦੇ ਹੋ।
ਵਿਦੇਸ਼ ਜਾਣ ’ਚ ਮਦਦਗਾਰ
ਮੁੱਕਦੀ ਗੱਲ ਇਹ ਹੈ ਕਿ ਉਕਤ ਸਾਰੇ ਕੋਰਸ ਤੁਹਾਨੂੰ ਨਾ ਕੇਵਲ ਸਿੱਖਿਅਤ ਕਰਦੇ ਹਨ ਸਗੋਂ ਸੁਰੱਖਿਅਤ ਭਵਿੱਖ ਲਈ ਤੁਹਾਡਾ ਸਹਾਰਾ ਵੀ ਬਣ ਸਕਦੇ ਹਨ। ਉਕਤ ਕੋਰਸ ਕਰ ਕੇ ਤੁਸੀਂ ਬਿਨਾਂ ਵੱਡਾ ਨਿਵੇਸ਼ ਕੀਤਿਆਂ ਘਰ ਬੈਠੇ ਹੀ ਰੁਜ਼ਗਾਰ ਹਾਸਿਲ ਕਰ ਸਕਦੇ ਹੋ। ਯਾਦ ਰੱਖੋ ਕਿ ਅਜੋਕਾ ਤੇ ਅਗਲਾ ਜ਼ਮਾਨਾ ਹੱਥੀਂ ਹੁਨਰ ਦਾ ਹੈ ਤੇ ਸੋਨੇ ’ਤੇ ਸੁਹਾਗੇ ਵਾਲੀ ਗੱਲ ਤਾਂ ਇਹ ਵੀ ਹੈ ਕਿ ਇਹ ਸਾਰੇ ਕੋਰਸ ਸਾਡੇ ਵਿਦੇਸ਼ ਜਾਣ ’ਤੇ ਵੀ ਸਾਡੇ ਲਈ ਮਦਦਗਾਰ ਸਾਬਿਤ ਹੋ ਸਕਦੇ ਹਨ ਪਰ ਸ਼ਰਤ ਹੈ ਕਿ ਇਹ ਕੋਰਸ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਤੇ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੀਤੇ ਗਏ ਹੋਣ।

-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.