ਅਖੌਤੀ ਵਿਕਾਸ: ਪਹਿਲਾਂ 'ਮਾਂ' ਮਾਰੀ, ਹੁਣ ਪੀੜੀਆਂ ਮਾਰਨ ਟੁਰੇ!
'ਮਾਂ' ਦੇ ਦੁਸ਼ਮਣ...!
ਜਿਸ ਨੂੰ ਅਸੀਂ ਧਰਤੀ ਮਾਂ ਕਹਿੰਦੇ ਹਾਂ, ਅੱਜ ਉਸ ਦੇ ਹੀ ਦੁਸ਼ਮਣ ਬਣ ਗਏ ਹਾਂ। ਹਰ ਮਨੁੱਖ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧਰਤੀ ਮਾਂ ਦਾ ਸੀਨਾ ਵਿੰਨ੍ਹ ਰਿਹਾ ਹੈ। ਕੋਈ ਧਰਤੀ ਹੇਠੋਂ ਰੇਤਾ ਕੱਢ ਕੇ ਧਰਤੀ ਨੂੰ ਖੋਖਲਾ ਕਰ ਰਿਹਾ ਹੈ, ਕੋਈ ਆਪਣੀ ਇਸ ਧਰਤੀ ਮਾਂ ਦਾ ਸੀਨਾ ਸਾੜ ਰਿਹਾ। ਕੋਈ ਧਰਤੀ ਨੂੰ ਜ਼ਹਿਰ ਦੇ ਰਿਹਾ ਅਤੇ ਕੋਈ ਧਰਤੀ ਨੂੰ ਜ਼ਹਿਰੀਲਾ ਜਲ ਪਿਆ ਰਿਹਾ। ਅੱਜ ਹਰ ਮਨੁੱਖ ਆਪਣੇ ਫ਼ਾਇਦੇ ਦੇ ਲਈ ਆਪਣੀ ਹੀ ਮਾਂ, ਜਿਸ ਨੂੰ ਧਰਤੀ ਆਖਦੇ ਹਾਂ, ਉਸਦਾ ਦੁਸ਼ਮਣ ਬਣਿਆ ਬੈਠਾ ਹੈ। ਭਾਵੇਂ ਕਿ ਬਹੁਤ ਸਾਰੇ ਲੋਕ ਕਿਸਾਨਾਂ ਨੂੰ ਹੀ ਕੋਸਦੇ ਹਨ ਕਿ ਉਹ ਹੀ ਧਰਤੀ ਨੂੰ ਖੋਖਲਾ ਕਰਦੇ ਹੋਏ ਕੀਟਨਾਸ਼ਕ ਦਵਾਈਆਂ ਛਿੜਕ ਕੇ, ਧਰਤੀ ਨੂੰ ਜ਼ਹਿਰੀਲਾ ਬਣਾ ਰਹੇ ਨੇ। ਪਰ ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ, ਕਿਸਾਨ ਤਾਂ ਕੁੱਝ ਰਕਬੇ ਵਿੱਚ ਇਹ ਜ਼ਹਿਰੀਲੀ ਦਵਾਈ ਛਿੜਕ ਰਿਹਾ ਹੈ, ਜਦੋਂਕਿ ਫ਼ੈਕਟਰੀਆਂ, ਕਾਰਖ਼ਾਨਿਆਂ ਅਤੇ ਹੋਰ ਮਿੱਲਾਂ ਤਾਂ ਧਰਤੀ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਰਹੀਆਂ ਨੇ। ਇਸ ਵਿੱਚ ਕੋਈ ਝੂਠ ਨਹੀਂ ਕਿ ਕਿਸਾਨ ਇਸਦਾ ਦੋਸ਼ੀ ਨਹੀਂ, ਕਿਸਾਨ ਵੀ ਉਨ੍ਹਾਂ ਹੀ ਦੋਸ਼ੀ ਹੈ, ਜਿੰਨਾ ਦੂਜੇ ਦੋਸ਼ੀ ਨੇ।
ਕਿਸਾਨ ਤਾਂ, ਸਿਰਫ਼ ਆਪਣੀ ਫ਼ਸਲ ਤੋਂ ਵੱਧ ਮੁਨਾਫ਼ਾ ਕਮਾਉਣ ਦੇ ਵਾਸਤੇ ਧਰਤੀ ਨੂੰ ਜ਼ਹਿਰੀਲਾ ਕਰ ਰਿਹਾ ਉੱਥੇ ਹੀ ਦੂਜੇ ਪਾਸੇ ਇਹਨਾਂ ਕੀਟਨਾਸ਼ਕ ਦਵਾਈਆਂ ਨੂੰ ਬਣਾਉਣ ਵਾਲੀਆਂ ਕੰਪਨੀਆਂ, ਧਰਤੀ ਦਾ ਸੀਨਾ ਸਾੜ ਰਹੀਆਂ ਨੇ ਅਤੇ ਲੋਕਾਈ ਦੀ ਦੁਸ਼ਮਣ ਬਣੀਆਂ ਹੋਈਆਂ ਨੇ। ਭਾਵੇਂ ਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਧਰਤੀ, ਪਾਣੀ, ਅਗਨ ਅਤੇ ਅਸਮਾਨ ਦੀ ਗੱਲ ਕੀਤੀ ਗਈ ਹੈ ਪਰ ਧਰਮ ਦੇ ਰਾਖਿਆਂ ਵੱਲੋਂ ਵੀ ਇੰਨਾ ਸਭ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਕੋਈ ਵੀ ਧਾਰਮਿਕ ਜਥੇਬੰਦੀ ਧਰਤ, ਪੌਣ ਪਾਣੀ ਨੂੰ ਬਚਾਉਣ ਲਈ ਅੱਗੇ ਨਹੀਂ ਆ ਰਹੀ।
ਧਰਤੀ ਉੱਤੇ ਦਿਨੋਂ ਦਿਨ ਵੱਧ ਰਹੀਆਂ ਗੈਸਾਂ ਅਤੇ ਜ਼ਮੀਨੀ ਰਕਬਾ ਘਟਣ ਦੇ ਕਾਰਨ, ਜਿੱਥੇ ਅਨਾਜ ਦੀ ਮੰਗ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਧਰਤੀ ਜ਼ਹਿਰੀਲੀ ਹੋਣ ਦੇ ਕਾਰਨ ਬਿਮਾਰੀਆਂ ਵੀ ਵਧ ਰਹੀਆਂ ਨੇ। ਇਹ ਗੱਲ ਬਿਲਕੁਲ ਸੱਚ ਹੈ ਕਿ, ਇਸ ਵੇਲੇ ਧਰਤੀ ਸ਼ੁੱਧ ਨਹੀਂ ਹੈ। ਧਰਤੀ ਦੇ ਸੀਨੇ ਵਿੱਚ ਰੋਜ਼ ਲਗਾਏ ਜਾ ਰਹੇ ਟੀਕਿਆਂ ਦੇ ਕਾਰਨ, ਧਰਤੀ ਮਰਨ ਕੰਢੇ ਹੈ। ਜ਼ਹਿਰੀਲੀਆਂ ਗੈਸਾਂ, ਕੀਟਨਾਸ਼ਕ ਦਵਾਈਆਂ ਤੋਂ ਇਲਾਵਾ ਜ਼ਹਿਰੀਲੇ ਪਾਣੀ ਨੇ, ਜਿੱਥੇ ਪੀੜ੍ਹੀਆਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਉੱਥੇ ਦੂਜੇ ਪਾਸੇ ਇਸ ਵੇਲੇ ਧਰਤੀ 'ਤੇ ਮੌਜੂਦ ਲੋਕਾਂ ਦੀ ਉਮਰ ਨੂੰ ਵੀ ਤਾਲੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਜਿੱਥੇ ਮਨੁੱਖ ਦੀ ਉਮਰ ਕੋਈ 90-100 ਸਾਲ ਦੇ ਕਰੀਬ ਹੁੰਦੀ ਸੀ, ਉਥੇ ਇਸ ਵੇਲੇ ਮਨੁੱਖ ਦੀ ਔਸਤਨ ਉਮਰ ਕਰੀਬ ਕਰੀਬ 45-50 ਤੋਂ 60 ਦੇ ਵਿਚਕਾਰ ਰਹਿ ਗਈ ਹੈ। ਜੇਕਰ ਨਵੀਂ ਪੀੜੀ ਦੀ ਉਮਰ ਵੱਲ ਝਾਤ ਮਾਰੀਏ, ਤਾਂ ਉਨ੍ਹਾਂ ਦਾ ਖਾਣ ਪਾਣ ਅਤੇ ਰਹਿਣ ਸਹਿਣ ਦੇ ਕਾਰਨ ਉਨ੍ਹਾਂ ਦੀ ਉਮਰ ਇਸ ਤੋਂ ਵੀ ਘਟਦੀ ਨਜ਼ਰ ਆਉਂਦੀ ਹੈ। ਇਸ ਦੇ ਪਿੱਛੇ ਕਈ ਹੋਰ ਵੀ ਕਾਰਨ ਹੋ ਸਕਦੇ ਨੇ, ਪਰ ਸਭ ਤੋਂ ਵੱਡਾ ਕਾਰਨ ਜਿਹੜਾ ਕਿ ਰਿਸਰਚ ਵਿੱਚ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਧਰਤੀ ਗੰਧਲੀ ਹੋਣ ਦੇ ਕਾਰਨ ਲਗਾਤਾਰ ਇਸ ਵਿੱਚੋਂ ਅਨਾਜ ਦੇ ਨਾਲ-ਨਾਲ ਵੱਧ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਜਿਹੜੀਆਂ ਕਿ ਮਨੁੱਖ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਰਹੀਆਂ ਨੇ।
ਪੰਜਾਬ ਦਾ ਬੁੱਢਾ ਨਾਲਾ ਅਤੇ ਹੋਰ ਦਰਿਆ ਇਸ ਵੇਲੇ ਚੀਕ-ਚੀਕ ਕੇ ਕਹਿ ਰਹੇ ਨੇ ਕਿ ਸਾਨੂੰ ਬਚਾ ਲਓ, ਪਰ ਸੱਤਾ ਧਿਰ ਅਤੇ ਵਿਰੋਧੀ ਧਿਰ ਇਸ 'ਤੇ ਸਿਰਫ਼ ਸਿਆਸਤ ਕਰ ਰਹੀ ਹੈ। ਖ਼ੈਰ ਇਹ ਲੀਡਰਾਂ ਨੂੰ ਕੋਸਣ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਇਹਨਾਂ ਨੇ ਕੁੱਝ ਕਰਨਾ ਤਾਂ ਹੈ ਨਹੀਂ। ਖੇਤੀਬਾੜੀ ਵਾਲੀ ਜ਼ਮੀਨ ਦਾ ਜ਼ਹਿਰੀਲਾ ਹੋਣਾ, ਜਿੱਥੇ ਬਹੁਤ ਖ਼ਤਰਨਾਕ ਹੈ, ਉੱਥੇ ਹੀ ਮਨੁੱਖ ਦੀ ਗ਼ਲਤੀ ਕਾਰਨ ਇਹ ਸਭ ਪੀੜੀਆਂ ਖ਼ਤਮ ਕਰਨ ਵਾਲਾ ਵੀ ਜਾਪ ਰਿਹੈ।
ਜਾਣਕਾਰੀ ਦੇ ਅਨੁਸਾਰ ਇੱਕ ਅਧਿਐਨ ਚੀਨੀ, ਅਮਰੀਕੀ ਅਤੇ ਬ੍ਰਿਟਿਸ਼ ਵਿਗਿਆਨੀਆਂ ਦੁਆਰਾ ਕੀਤਾ ਗਿਆ ਹੈ, ਜਿਸ ਦੇ ਨਤੀਜੇ ਅੰਤਰਰਾਸ਼ਟਰੀ ਜਨਰਲ ਸਾਇੰਸ ਵਿੱਚ ਪ੍ਰਕਾਸ਼ਿਤ ਹੋਏ ਹਨ। ਉਸ ਵਿੱਚ ਜਿਹੜੇ ਹੈਰਾਨੀਜਨਕ ਖ਼ੁਲਾਸੇ ਹੋਏ ਨੇ, ਉਸਨੂੰ ਪੜ ਸੁਣ ਕੇ ਹਰ ਕੋਈ ਹੈਰਾਨ ਹੈ।
ਰਿਪੋਰਟ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ, ਦੁਨੀਆਂ ਦੀ ਲਗਭਗ 16% ਖੇਤੀਬਾੜੀ ਜ਼ਮੀਨ ਜ਼ਹਿਰੀਲੀਆਂ ਭਾਰੀ ਧਾਤਾਂ ਕਾਰਨ ਗੰਦਲ਼ੀਂ ਜ਼ਹਿਰੀਲੀ ਹੋ ਗਈ ਹੈ ਅਤੇ ਇਸ ਜ਼ਮੀਨ ਨੂੰ ਕੈਂਸਰ ਹੋ ਗਿਆ ਹੈ। ਇਸ ਕਾਰਨ ਦੁਨੀਆ ਦੇ ਕਰੀਬ 140 ਕਰੋੜ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 140 ਕਰੋੜ ਲੋਕਾਂ ਦੀ ਸਿਹਤ ਇਸ ਵੇਲੇ ਖ਼ਤਰੇ ਵਿੱਚ ਹੈ ਅਤੇ ਕਿਸੇ ਸਮੇਂ ਵੀ ਤਬਾਹੀ ਵਾਲੀ ਖ਼ਬਰ ਸਾਹਮਣੇ ਆ ਸਕਦੀ ਹੈ। ਵੈਸੇ, ਇੱਕ ਪਾਸੇ ਜਿੱਥੇ ਅਸੀਂ ਨਿੱਤ ਨਵੇਂ ਵਾਇਰਸਾਂ ਨਾਲ ਲੜ ਰਹੇ ਹਾਂ, ਉੱਥੇ ਦੂਜੇ ਪਾਸੇ ਗਲੋਬਲ ਰਿਪੋਰਟਾਂ ਖੇਤੀਬਾੜੀ ਜ਼ਮੀਨ ਦੇ ਜ਼ਹਿਰੀਲੇ ਹੋਣ ਦਾ ਅਲਰਟ ਜਾਰੀ ਕਰ ਰਹੀਆਂ ਹਨ।
ਅਧਿਐਨ ਵਿੱਚ ਹੋਏ ਖ਼ੁਲਾਸੇ ਮੁਤਾਬਿਕ, ਦੁਨੀਆਂ ਦੀ ਖੇਤੀਬਾੜੀ ਜ਼ਮੀਨ ਦਾ ਛੇਵਾਂ ਹਿੱਸਾ ਭਾਰੀ ਧਾਤਾਂ ਨਾਲ ਦੂਸ਼ਿਤ ਹੈ। ਇਸ ਦਾ ਮਤਲਬ ਹੈ ਕਿ ਲਗਭਗ 24.2 ਕਰੋੜ ਹੈਕਟੇਅਰ ਦਾ ਇੱਕ ਅਜਿਹਾ ਖੇਤਰ ਹੈ, ਜਿੱਥੇ ਮਿੱਟੀ ਵਿੱਚ ਜ਼ਹਿਰੀਲੀਆਂ ਧਾਤਾਂ ਦਾ ਪੱਧਰ ਸੁਰੱਖਿਅਤ ਸੀਮਾ ਤੋਂ ਬਹੁਤ ਜ਼ਿਆਦਾ ਹੈ। ਚਿੰਤਾ ਦੀ ਗੱਲ ਹੈ ਕਿ ਸਭ ਤੋਂ ਵੱਧ ਖ਼ਤਰੇ ਵਾਲੇ ਖੇਤਰਾਂ ਵਿੱਚ ਦੱਖਣੀ ਚੀਨ, ਉੱਤਰੀ ਅਤੇ ਮੱਧ ਭਾਰਤ ਅਤੇ ਮੱਧ ਪੂਰਬ ਦੇ ਕੁੱਝ ਹਿੱਸੇ ਸ਼ਾਮਿਲ ਹਨ, ਜਿੱਥੇ ਭਾਰੀ ਧਾਤਾਂ ਦਾ ਮਿੱਟੀ ਪੱਧਰ ਪਹਿਲਾਂ ਹੀ ਉੱਚਾ ਹੈ।
ਰਿਪੋਰਟਾਂ ਕਹਿੰਦੀਆਂ ਨੇ ਕਿ ਭਾਰੀ ਧਾਤਾਂ ਉਹ ਤੱਤ ਹਨ, ਜੋ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਸਰੋਤਾਂ ਤੋਂ ਉਤਪੰਨ ਹੁੰਦੇ ਹਨ। ਇਹਨਾਂ ਧਾਤਾਂ ਨੂੰ ਇਸ ਲਈ ਭਾਰੀ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਧਾਤਾਂ ਦੀ ਘਣਤਾ ਪਰਮਾਣੂ ਪੱਧਰ 'ਤੇ ਬਹੁਤ ਜ਼ਿਆਦਾ ਹੁੰਦੀ ਹੈ। ਭਾਵ ਇਹ ਆਮ ਧਾਤਾਂ ਨਾਲੋਂ ਬਹੁਤ ਭਾਰੀ ਹਨ, ਜਿਸ ਦਾ ਆਮ ਮਨੁੱਖ 'ਤੇ ਗਹਿਰਾ ਅਸਰ ਪੈਂਦਾ ਹੈ। ਇਹ ਧਾਤਾਂ ਆਸਾਨੀ ਨਾਲ ਨਹੀਂ ਟੁੱਟਦੀਆਂ, ਇਸ ਲਈ ਦਹਾਕਿਆਂ ਤੱਕ ਮਿੱਟੀ ਵਿੱਚ ਰਹਿ ਜਾਂਦੀਆਂ ਨੇ ਅਤੇ ਇਸ ਦੇ ਕਾਰਨ ਜਿੱਥੇ ਫ਼ਸਲਾਂ ਨੂੰ ਆਪਣੇ ਅੰਦਰ ਸੋਕ ਲੈਂਦੀਆਂ ਨੇ, ਉੱਥੇ ਹੀ ਉਕਤ ਜ਼ਮੀਨ ਵਿਚੋਂ ਪੈਦਾ ਹੋਣ ਵਾਲੇ ਭੋਜਨ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਂਦੀਆਂ ਨੇ। ਇਸ ਦੇ ਕਾਰਨ ਜ਼ਮੀਨ ਵਿੱਚੋਂ ਪੈਦਾ ਹੋਣ ਵਾਲੀ ਫ਼ਸਲ ਬਿਲਕੁਲ ਜ਼ਹਿਰੀਲੀ ਹੋ ਜਾਂਦੀ ਹੈ ਅਤੇ ਇਹ ਸਰੀਰ ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਵਿਗਿਆਨੀਆਂ ਨੇ ਦੁਨੀਆ ਭਰ ਵਿੱਚ ਮਿੱਟੀ ਵਿੱਚ ਮੌਜੂਦ ਭਾਰੀ ਧਾਤੂ ਪ੍ਰਦੂਸ਼ਣ ਦਾ ਇੰਨੇ ਵੱਡੇ ਪੱਧਰ 'ਤੇ ਵਿਸ਼ਲੇਸ਼ਣ ਕੀਤਾ ਹੈ। ਆਪਣੇ ਅਧਿਐਨ ਦੌਰਾਨ, ਵਿਗਿਆਨੀਆਂ ਨੇ ਦੁਨੀਆ ਭਰ ਤੋਂ ਇਕੱਠੇ ਕੀਤੇ ਗਏ ਲਗਭਗ 8 ਲੱਖ ਮਿੱਟੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਦੇ ਨਾਲ ਹੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ, ਉਨ੍ਹਾਂ ਨੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ ਜਿੱਥੇ ਮਿੱਟੀ ਵਿੱਚ ਜ਼ਹਿਰ ਸਭ ਤੋਂ ਵੱਧ ਫੈਲਿਆ ਹੈ। ਅਧਿਐਨ ਵਿੱਚ, ਵਿਗਿਆਨੀਆਂ ਨੇ ਸੱਤ ਜ਼ਹਿਰੀਲੀਆਂ ਧਾਤਾਂ ਆਰਸੈਨਿਕ, ਕੈਡਮੀਅਮ, ਕੋਬਾਲਟ, ਕ੍ਰੋਮੀਅਮ, ਤਾਂਬਾ, ਨਿੱਕਲ ਅਤੇ ਸੀਸੇ 'ਤੇ ਧਿਆਨ ਕੇਂਦਰਿਤ ਕੀਤਾ ਹੈ। ਖੋਜ ਤੋਂ ਪਤਾ ਲੱਗਾ ਹੈ ਕਿ ਜੇਕਰ ਇਨ੍ਹਾਂ ਭਾਰੀ ਧਾਤਾਂ ਦੀ ਮਾਤਰਾ ਨਿਰਧਾਰਿਤ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਇਹ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ। ਇਹ ਪੇਟ ਦੀਆਂ ਸਮੱਸਿਆਵਾਂ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਵੈਸੇ, ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਿੱਟੀ ਦੀ ਉੱਪਰਲੀ ਪਰਤ ਜੋ ਸਾਡੇ ਜੀਵਨ ਦਾ ਆਧਾਰ ਹੈ, ਉਸਦੇ ਸਿਰਫ਼ ਕੁੱਝ ਸੈਂਟੀਮੀਟਰ ਨੂੰ ਬਣਨ ਵਿੱਚ ਇੱਕ ਹਜ਼ਾਰ ਸਾਲ ਤੋਂ ਵੱਧ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਜਿਸ ਗਤੀ ਨਾਲ ਅਸੀਂ ਮਨੁੱਖ ਇਸ ਦਾ (ਧਰਤੀ) ਸ਼ੋਸ਼ਣ ਕਰ ਰਹੇ ਹਾਂ, ਉਸ ਦੇ ਕਾਰਨ ਹਰ ਪੰਜ ਸੈਕਿੰਡਾਂ ਵਿੱਚ ਧਰਤੀ 'ਤੇ ਇੱਕ ਫੁੱਟਬਾਲ ਪਿੱਚ ਦੇ ਬਰਾਬਰ ਜ਼ਮੀਨ ਤਬਾਹ ਹੋ ਰਹੀ ਹੈ।
ਵਿਸ਼ਵ ਪੱਧਰੀ ਇਸ ਸਮੱਸਿਆ ਦੇ ਨਾਲ ਨਾਲ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ, ਸੂਬੇ ਦੇ ਬਹੁ ਗਿਣਤੀ ਹਿੱਸਿਆਂ ਵਿੱਚ ਇਸ ਵੇਲੇ ਧਰਤੀ ਬਿਲਕੁਲ ਖੋਖਲੀ ਹੋ ਚੁੱਕੀ ਹੈ ਅਤੇ ਧਰਤੀ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਚੰਬੜ ਚੁੱਕੀਆਂ ਨੇ। ਭਾਵੇਂ ਕਿ ਮੌਜੂਦਾ ਸੱਤਾ ਧਿਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੋਂ ਸਭ ਗੰਦ ਖ਼ਤਮ ਕਰ ਦੇਣਾ, ਪਰ ਲੱਗ ਇੰਝ ਰਿਹਾ ਹੈ ਕਿ ਇਹ ਧਿਰ ਵੀ ਦੂਜੀਆਂ ਧਿਰਾਂ ਵਾਂਗ ਸਿਰਫ਼ ਵਿਖਾਵਾ ਹੀ ਕਰ ਰਹੀ ਹੈ। ਪੰਜਾਬ ਨੂੰ ਬਚਾਉਣਾ ਇਸ ਵੇਲੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਰਿਹਾ। ਕਿਉਂਕਿ ਹਰ ਕੋਈ ਅੱਜ ਕੱਲ ਸਿਆਣਾ ਬਣਿਆ ਫਿਰਦਾ ਹੈ।
ਪੰਜਾਬ ਦੀ ਫ਼ਿਕਰਮੰਦੀ ਕਰਨ ਵਾਲੇ ਲੋਕ ਭਾਵੇਂ ਕਿ ਚੁਣੰਦਾ ਹੀ ਰਹਿ ਗਏ ਨੇ, ਪਰ ਉਨ੍ਹਾਂ ਦੀ ਅੱਜ ਕੱਲ ਸੁਣ ਕੌਣ ਰਿਹਾ ਹੈ, ਹਰ ਕੋਈ ਉਨ੍ਹਾਂ ਨੂੰ ਸੁਣਾ ਕੇ ਜਾ ਰਿਹਾ ਹੈ। ਪੰਜਾਬ ਦੀ ਗੱਲ ਕਰਨ ਵਾਲਾ ਅੱਜ ਹਰ ਕਿਸੇ ਨੂੰ ਇਸ ਧਰਤੀ ਦਾ ਦੁਸ਼ਮਣ ਜਾਪ ਰਿਹੈ। ਜਿਹੜਾ ਵੀ ਇਸ ਧਰਤੀ ਮਾਂ ਨੂੰ ਬਚਾਉਣ ਦੀਆਂ ਗੱਲਾਂ ਕਰਦਾ ਹੈ ਉਹਨੂੰ ਰਗੜ ਕੇ ਰੱਖ ਦਿੱਤਾ ਜਾਂਦਾ ਹੈ।
ਖ਼ੈਰ, ਭਾਵੇਂ ਕਿ ਇਸ ਵੇਲੇ ਮਨੁੱਖ ਨੂੰ ਅਖੌਤੀ ਤਰੱਕੀ ਤੋਂ ਵਿਹਲ ਨਹੀਂ ਅਤੇ ਉਹ ਆਪਣੀ ਧਰਤੀ ਮਾਂ ਦਾ ਖਿਲਵਾੜ ਕਰਨ ਵਿੱਚ ਰੁੱਝਿਆ ਹੋਇਆ ਹੈ, ਪਰ ਇੱਕ ਦਿਨ ਐਸਾ ਆਵੇਗਾ ਕਿ ਮਨੁੱਖ ਇਸ ਧਰਤੀ 'ਤੇ ਰਹਿਣ ਨੂੰ ਵੀ ਤਰਸੇਗਾ। ਹੁਣ ਸੋਚਣਾ ਵਿਚਾਰਨਾ ਸਾਨੂੰ ਸਭਨਾਂ ਨੂੰ ਹੀ ਪੈਣਾ ਹੈ ਕਿ ਅਸੀਂ ਕਰ ਕੀ ਰਹੇ ਹਾਂ ਅਤੇ ਆਪਣੀ ਮਾਂ ਦੇ ਹੀ ਦੁਸ਼ਮਣ ਬਣ ਕੇ, ਆਪਣੇ ਹੱਥੀਂ ਆਪਣੀ ਮਾਂ ਦਾ ਗਲਾ ਘੁੱਟਣ 'ਤੇ ਲੱਗੇ ਹੋਏ ਹਾਂ।
- ਗੁਰਪ੍ਰੀਤ
9569820314

-
ਗੁਰਪ੍ਰੀਤ, writer
Gurpreetsinghjossan@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.