ਪੰਜਾਬੀ ਯੂਨੀਵਰਸਿਟੀ ਵਿਖੇ ਉੱਘੇ ਵਿਦਵਾਨ ਮਰਹੂਮ ਡਾ. ਰਤਨ ਸਿੰਘ ਜੱਗੀ ਨੂੰ ਦਿੱਤੀ ਗਈ ਸ਼ਰਧਾਂਜਲੀ
- ਡਾ. ਜੱਗੀ ਜਿਹੀਆਂ ਉੱਚ ਦੁਮਾਲੜੇ ਕੱਦ ਵਾਲ਼ੀਆਂ ਸ਼ਖ਼ਸੀਅਤਾਂ ਹਨ ਪੰਜਾਬੀ ਯੂਨੀਵਰਸਿਟੀ ਦਾ ਮਾਣ: ਡਾ. ਜਗਦੀਪ ਸਿੰਘ
ਪਟਿਆਲਾ, 23 ਮਈ 2025 - ਲੰਘੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਉੱਘੇ ਵਿਦਵਾਨ ਅਤੇ ਖੋਜੀ ਡਾ. ਰਤਨ ਸਿੰਘ ਜੱਗੀ ਨੂੰ ਸ਼ਰਧਾਂਜਲੀ ਦੇਣ ਹਿਤ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੋਕ ਸਭਾ ਕਰਵਾਈ ਗਈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਇਸ ਮੌਕੇ ਸ਼ੋਕ ਮਤਾ ਪੜ੍ਹਦਿਆਂ ਉਨ੍ਹਾਂ ਦੇ ਇਸ ਅਸਹਿ ਵਿਛੋੜੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹੋਣਹਾਰ ਵਿਦਵਾਨ ਡਾ. ਜੱਗੀ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਅਤੇ ਉਨ੍ਹਾਂ ਦੇ ਸਮੂਹ ਪਾਠਕਾਂ ਨਾਲ਼ ਦੁੱਖ ਵਿੱਚ ਸ਼ਰੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਡਾ. ਜੱਗੀ ਜਿਹੀਆਂ ਉੱਚ ਦੁਮਾਲੜੇ ਕੱਦ ਵਾਲ਼ੀਆਂ ਸ਼ਖ਼ਸੀਅਤਾਂ ਯੂਨੀਵਰਸਿਟੀ ਨਾਲ਼ ਜੁੜੀਆਂ ਹੋਈਆਂ ਹਨ। ਅਜਿਹਾ ਹੋਣਾ ਪੰਜਾਬੀ ਯੂਨੀਵਰਸਿਟੀ ਦੀ ਮਹਾਨ ਵਿਰਾਸਤ ਦਾ ਪ੍ਰਮਾਣ ਪੇਸ਼ ਕਰਦਾ ਹੈ।
ਜਿ਼ਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਡਾ. ਰਤਨ ਸਿੰਘ ਜੱਗੀ ਦੇ ਅੰਤਿਮ ਸੰਸਕਾਰ ਦੀ ਰਸਮ ਮੌਕੇ ਵੀ ਪੇਸ਼ ਹੋਏ।
ਸ਼ੋਕ ਸਭਾ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ ਤੋਂ ਇਲਾਵਾ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲੇ ਦੇ ਮੈਂਬਰ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਲੰਬਾ ਸਮਾਂ ਡਾ. ਜੱਗੀ ਦੀ ਕਰਮਭੂਮੀ ਰਹੀ ਹੈ। ਖੋਜ, ਸਮੀਖਿਆ ਅਤੇ ਚਿੰਤਨ ਦੇ ਵਧੇਰੇ ਕਾਰਜ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜ ਕੇ ਹੀ ਸੰਪੰਨ ਕੀਤੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਲਾਈਫ਼ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਸੀ।