ਗੈਰ-ਹਾਜ਼ਰ ਡਾਕਟਰ ਨੂੰ ਸਿਹਤ ਮੰਤਰੀ ਦੀ ਚਿਤਾਵਨੀ - ਜਾਂ ਤਾਂ ਤੁਰੰਤ ਡਿਊਟੀ ਜੁਆਇਨ ਕਰੋ ਜਾਂ 50 ਲੱਖ ਬਾਂਡ ਭਰੋ
ਰਵਿੰਦਰ ਢਿੱਲੋਂ
- ਦੋ ਸਾਲ ਤੋਂ ਗੈਰਹਾਜ਼ਰ ਡਾਕਟਰ 'ਤੇ ਸਿਹਤ ਵਿਭਾਗ ਨੇ ਕਸਿਆ ਸ਼ਿਕੰਜਾ, ਰਜਿਸਟ੍ਰੇਸ਼ਨ ਹੋ ਸਕਦੀ ਰੱਦ
ਖੰਨਾ, 23 ਮਈ 2025 - ਸਿਹਤ ਵਿਭਾਗ ਨੇ ਖੰਨਾ ਸਿਵਲ ਹਸਪਤਾਲ ਵਿੱਚ ਤਾਇਨਾਤ ਈਐਨਟੀ ਡਾਕਟਰ ਅੰਕਿਤ ਅਗਰਵਾਲ ਵਿਰੁੱਧ ਸਖ਼ਤ ਰਵੱਈਆ ਅਪਣਾਉਂਦੇ ਹੋਏ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ ਕਰ ਲਈ ਹੈ ਤੇ ਡਾਕਟਰ ਦੀ ਰਜਿਸਟ੍ਰੇਸ਼ਨ ਵੀ ਰੱਦ ਹੋ ਸਕਦੀ ਹੈ। ਡਾਕਟਰ ਅਗਰਵਾਲ 9 ਸਤੰਬਰ 2023 ਤੋਂ ਲਗਾਤਾਰ ਗੈਰਹਾਜ਼ਰ ਹਨ ਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਇੱਕ ਨਿੱਜੀ ਹਸਪਤਾਲ ਵੀ ਚਲਾ ਰਹੇ ਹਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰ ਜਾਂ ਤਾਂ ਤੁਰੰਤ ਡਿਊਟੀ 'ਤੇ ਵਾਪਸ ਆਵੇ ਜਾਂ 50 ਲੱਖ ਰੁਪਏ ਦਾ ਬਾਂਡ ਜਮ੍ਹਾਂ ਕਰਵਾਏ, ਜੋ ਕਿ ਸਰਕਾਰੀ ਐਮ.ਡੀ. ਕੋਰਸ ਕਰਦੇ ਸਮੇਂ ਸੇਵਾ ਸ਼ਰਤਾਂ ਅਨੁਸਾਰ ਲਾਜ਼ਮੀ ਹੈ। ਇਸਤੋਂ ਬਾਅਦ ਹੀ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਨਿਸ਼ਚਤ ਹੈ।
ਡਾ. ਅਗਰਵਾਲ ਨੇ ਸਰਕਾਰੀ ਡਿਊਟੀ ਦੌਰਾਨ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਨਿਯਮਾਂ ਅਨੁਸਾਰ, ਐਮ.ਡੀ. ਕਰਨ ਤੋਂ ਬਾਅਦ 10 ਸਾਲਾਂ ਦੀ ਸਰਕਾਰੀ ਨੌਕਰੀ ਕਰਨੀ ਜਾਂ 50 ਲੱਖ ਰੁਪਏ ਬਾਂਡ ਵਜੋਂ ਦੇਣੇ ਪੈਂਦੇ ਹਨ। ਉਨ੍ਹਾਂ ਵੱਲੋਂ ਇਹ ਨਾ ਤਾਂ ਨੌਕਰੀ ਕੀਤੀ ਗਈ, ਨਾ ਹੀ ਬਾਂਡ ਦੀ ਰਕਮ ਅਦਾ ਕੀਤੀ ਗਈ। ਉਲਟ, ਅਸਤੀਫਾ ਵੀ ਬਿਨਾਂ 3 ਮਹੀਨਿਆਂ ਦਾ ਨੋਟਿਸ ਜਾਂ ਤਨਖਾਹ ਦੇ ਜਮ੍ਹਾਂ ਕਰਵਾਏ ਦਿੱਤਾ ਗਿਆ।
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵੱਲੋਂ 12 ਜਨਵਰੀ 2024 ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਡਾਕਟਰ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਰਜਿਸਟ੍ਰੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਤੱਕ ਕੋਈ ਜਵਾਬ ਨਹੀਂ ਆਇਆ, ਪਰ ਸਿਹਤ ਮੰਤਰੀ ਦੇ ਨਵੇਂ ਹੁਕਮਾਂ ਦੇ ਚੱਲਦਿਆਂ ਮਾਮਲਾ ਤੇਜੀ ਨਾਲ ਅੱਗੇ ਵਧ ਰਿਹਾ ਹੈ।
ਇਸ ਮੁੱਦੇ 'ਤੇ ਐਡਵੋਕੇਟ ਹਰਸ਼ ਭੱਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਸਦੀ ਗੈਰਹਾਜ਼ਰੀ ਕਾਰਨ ਮਰੀਜ਼ਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਭੱਲਾ ਨੇ ਇਹ ਵੀ ਮੰਗ ਕੀਤੀ ਕਿ ਡਾਕਟਰ ਦੀ ਗੈਰਹਾਜ਼ਰੀ ਕਾਰਨ ਮਰੀਜ਼ਾਂ ਅਤੇ ਸਰਕਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਉਨ੍ਹਾਂ ਦੀ ਤਨਖਾਹ ਤੋਂ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਹੋਰ ਡਾਕਟਰਾਂ ਨੂੰ ਸਬਕ ਸਿਖਾਇਆ ਜਾ ਸਕੇ।
ਖੰਨਾ ਦੇ ਐਸਐਮਓ ਡਾ: ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਈਐਨਟੀ ਡਾਕਟਰ ਅੰਕਿਤ ਅਗਰਵਾਲ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਹੈ। ਉਹ 9 ਸਤੰਬਰ 2023 ਤੋਂ ਗੈਰਹਾਜ਼ਰ ਹੈ। ਇਸ ਸਬੰਧ ਵਿੱਚ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਹੈ। ਅੰਕਿਤ ਅਗਰਵਾਲ ਨੂੰ ਕਈ ਵਾਰ ਚਿੱਠੀਆਂ ਭੇਜੀਆਂ ਗਈਆਂ। ਇਸ ਮਾਮਲੇ ਵਿੱਚ, 12 ਜਨਵਰੀ, 2024 ਨੂੰ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਇੱਕ ਪੱਤਰ ਲਿਖ ਕੇ ਡਾ. ਅੰਕਿਤ ਅਗਰਵਾਲ ਵਿਰੁੱਧ ਕਾਨੂੰਨੀ ਕਾਰਵਾਈ ਲਈ ਪ੍ਰਵਾਨਗੀ ਮੰਗੀ। ਸਿਵਲ ਸਰਜਨ ਨੇ ਵੀ ਪੱਤਰ ਵਿੱਚ ਡਾ. ਅੰਕਿਤ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਮੰਗ ਕੀਤੀ ਹੈ। ਉਸ ਤੋਂ ਬਾਅਦ ਕੋਈ ਜਵਾਬ ਨਹੀਂ ਆਇਆ। ਹੁਣ ਸਿਹਤ ਮੰਤਰੀ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਅਸੀਂ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਾਂਗੇ।