ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਲਰਟ ਮੋਡ ’ਤੇ ਰਹਿਣ ਦੀ ਹਦਾਇਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 2 ਸਤੰਬਰ,2025
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਜ਼ਿਲ੍ਹੇ ਵਿਚ ਭਾਰੀ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ
ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੇ ਦੂਸ਼ਿਤ ਪਾਣੀ ਨਾਲ ਪੈਦਾ ਹੋ ਰਹੀਆਂ ਬਿਮਾਰੀਆਂ ਦਰਮਿਆਨ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਲਟੀਪਰਪਸ ਹੈਲਥ ਸੁਪਰਵਾਈਜਰਸ ਮੇਲ ਨਾਲ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਜ਼ਿਲ੍ਹੇ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ’ਤੇ ਡੂੰਘਾਈ ਨਾਲ ਵਿਚਾਰ-ਚਰਚਾ ਕਰਨ ਉਪਰੰਤ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਲਰਟ ਮੋਡ ’ਤੇ ਰਹਿਣ ਦੀ ਹਦਾਇਤ ਕੀਤੀ।
ਸਿਵਲ ਸਰਜਨ ਨੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਸੰਭਾਵਿਤ ਬਿਮਾਰੀਆਂ ਤੋਂ ਬਚਾਅ ਲਈ ਜ਼ਿਲ੍ਹਾ ਐਪੀਡੀਮੋਲੋਜਿਸਟ (ਆਈ.ਡੀ.ਐੱਸ.ਪੀ.) ਸ੍ਰੀਮਤੀ ਸ਼ਿਆਮਾਵੇਦਾ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸੰਭਾਵੀ ਹਾਈਰਿਸਕ ਇਲਾਕਿਆਂ ਵਿਚੋਂ ਪਾਣੀ ਦੇ ਸੈਂਪਲ ਭਰ ਕੇ ਪਾਣੀ ਦੀ ਸਵੱਛਤਾ ਦੀ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਇਸ ਦੀ ਜਾਣਕਾਰੀ ਭਾਈਵਾਲ ਵਿਭਾਗਾਂ ਨਾਲ ਸਾਂਝੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਫੀਵਰ ਸਰਵੇ ਜਾਰੀ ਰੱਖਦੇ ਹੋਏ ਸਰਵੀਲੈਂਸ ਯਕੀਨੀ ਬਣਾਈ ਜਾਵੇ। ਹੜ੍ਹਾਂ ਦੀ ਸਥਿਤੀ ਵਿਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਫੈਲਣ ਦੇ ਖਦਸ਼ਾ ਰਹਿੰਦਾ ਹੈ, ਇਸ ਲਈ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣ ਅਤੇ ਇਨ੍ਹਾਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਰਵੇ ਤੇ ਜਾਂਚ ਦੇ ਨਾਲ-ਨਾਲ ਲੋਕਾਂ ਵਿੱਚ ਜਾਗਰੂਕਤਾ ਵੀ ਫੈਲਾਈ ਜਾਵੇ।
ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਨਾਲ ਹੈਜ਼ਾ, ਪੀਲੀਆ, ਦਸਤ, ਉਲਟੀਆਂ ਅਤੇ ਪੇਟ ਦੇ ਰੋਗਾਂ ਸਮੇਤ ਕਈ ਹੋਰ ਬਿਮਾਰੀਆਂ ਦੇ ਪ੍ਰਸਾਰ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ’ਤੇ ਜ਼ੋਰ ਦਿੱਤਾ ਜਾਵੇ। ਇਸ ਲਈ ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਪਾਣੀ ਦੇ ਵੱਖ-ਵੱਖ ਸਰੋਤਾਂ ਤੋਂ ਸੈਂਪਲ ਭਰੇ ਜਾਣ ਅਤੇ ਇਨ੍ਹਾਂ ਦੀ ਸਟੇਟ ਲੈਬਾਰਟੋਰੀ ਤੋਂ ਟੈਸਟਿੰਗ ਕਰਵਾਈ ਜਾਵੇ। ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਕਰਨੀਆਂ ਨਿਰੰਤਰ ਯਕੀਨੀ ਬਣਾਈਆਂ ਜਾਣ। ਆਮ ਲੋਕਾਂ ਨੂੰ ਬਰਸਾਤ ਦੇ ਮੌਸਮ ਵਿਚ ਪਾਣੀ ਨੂੰ ਉਬਾਲ ਕੇ ਠੰਡਾ ਕਰਨ ਉਪਰੰਤ ਪੀਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ ਸਪਲਾਈ ਲਾਈਨਾਂ 'ਚ ਕਿਸੇ ਵੀ ਕਿਸਮ ਦੀ ਲੀਕੇਜ ਦਰੁਸਤ ਕਰਵਾਉਣ ਤੇ ਪਾਣੀ ਦੀਆਂ ਟੈਂਕੀਆਂ ਦੀ ਸਾਫ-ਸਫਾਈ ਕਰਵਾਉਣ ਲਈ ਭਾਈਵਾਲ ਵਿਭਾਗਾਂ ਨਾਲ ਮਿਲ ਕੇ ਕੰਮ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋ ਜਾਣੂ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਐਮਰਜੈਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਇਨ੍ਹਾਂ ਇਲਾਕਿਆਂ ਵਿੱਚ ਰੋਜ਼ਾਨਾ ਸਿਹਤ ਜਾਂਚ ਕੈਂਪ ਲਗਾਏ ਜਾਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਕੁਦਰਤੀ ਆਫਤ ਵਿਚ ਲੋਕਾਂ ਨੂੰ ਆਪਣੀ ਸਿਹਤ ਨੂੰ ਲੈ ਕੇ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।