ਔਖੀ ਘੜੀ ‘ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡੇਰਾ ਬਾਬਾ ਨਾਨਕ ਪਹੁੰਚੇ ਡਾ. ਐੱਸ.ਪੀ ਸਿੰਘ ਉਬਰਾਏ
ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 2 ਸਤੰਬਰ 2025- ਸੂਬੇ ‘ਚ ਹੜ੍ਹਾਂ ਦੇ ਕਾਰਨ ਬਣੀ ਔਖੀ ਘੜੀ ਦੇ ਵਿੱਚ ਸਭ ਤੋਂ ਮੂਹਰੇ ਹੋ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦੇ ਲਈ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖ਼ਸੀਅਤ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ ਸਿੰਘ ਉਬਰਾਏ ਅੱਜ ਹੜ੍ਹ ਪੀੜਤਾਂ ਦੀ ਸਾਰ ਲੈਣ ਦੇ ਲਈ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ।
ਇਸ ਮੌਕੇ ਡਾ. ਉਬਰਾਏ ਦੇ ਨਾਲ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਸੀਨੀਅਰ ਆਈ.ਏ.ਐੱਸ ਅਧਿਕਾਰੀ ਬਸੰਤ ਗਰਗ, ਸੀਨੀਅਰ ਆਈ.ਏ.ਐੱਸ ਅਧਿਕਾਰੀ ਵਰੁਣ ਰੂਜ਼ਮ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ, ਐੱਸ.ਡੀ.ਐਮ ਡਾ. ਅਦਿੱਤਿਆ ਸ਼ਰਮਾ, ਐੱਸ.ਡੀ.ਐਮ ਗੁਰਮਿੰਦਰ ਸਿੰਘ, ਡਾ. ਉਬਰਾਏ ਦੇ ਭਰਾ ਗੁਰਜੀਤ ਸਿੰਘ ਉਬਰਾਏ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਡਾਇਰੈਕਟਰ ਮਨਜੀਤ ਸਿੰਘ ਭੁੱਲਰ, ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ, ਐਡਵੋਕੇਟ ਹਰਸ਼ਮੀਤ ਸਿੰਘ, ਜੋਧਵੀਰ ਸਿੰਘ, ਪਰਮਬੀਰ ਸਿੰਘ, ਪ੍ਰਦੀਪ ਕੁਮਾਰ, ਡਾ. ਗੁਰਦੇਵ ਸਿੰਘ ਤੇ ਹੋਰ ਮੈਂਬਰ ਸ਼ਾਮਿਲ ਸਨ।
ਇਸ ਮੌਕੇ ਡਾ. ਐੱਸ.ਪੀ ਸਿੰਘ ਓਬਰਾਏ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਪਸ਼ੂਆਂ ਦਾ ਚਾਰਾ ਅਤੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਦੌਰਾਨ ਡਾ. ਐੱਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪਹਿਲੇ ਗੇੜ ਵਿੱਚ 1 ਕਰੋੜ 50 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ।
ਡਾ. ਉਬਰਾਏ ਨੇ ਦੱਸਿਆ ਕਿ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਵੱਲੋਂ ਆਪਣੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਹੜ੍ਹ ਪੀੜਤਾਂ ਨੂੰ ਸੁੱਕਾ ਰਾਸ਼ਨ, ਪਸ਼ੂਆਂ ਲਈ ਚਾਰਾ, ਦਵਾਇਆ, ਤਰਪਾਲਾਂ, ਮੱਛਰਦਾਨੀਆਂ, ਅਤੇ ਹੋਰ ਸਮਗਰੀ ਵੰਡੀ ਜਾ ਰਹੀ ਹੈ। ਡਾ. ਓਬਰਾਏ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਸਮਗਰੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇ ਗਈ, ਜਦਕਿ ਦੂਜੇ ਪੜਾਅ ਵਿੱਚ ਹੜ੍ਹ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਅਤੇ ਦਵਾਇਆ ਦੇਣ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਘਰ ਵੀ ਬਣਾ ਕੇ ਦਿੱਤੇ ਜਾਣ ਗਏ।
ਇਸ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਡਾ. ਉਬਰਾਏ ਦੇ ਨੇਕ ਅਤੇ ਪਰਉਪਕਾਰੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਇੱਕਜੁੱਟ ਹੋ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਨਾਲ ਚਟਾਨ ਵਾਂਗ ਖੜੀ ਹੈ, ਜਦਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਹਾਇਤਾ ਸਮਗਰੀ ਵੀ ਵੰਡੀ ਜਾ ਰਹੀ ਹੈ। ਇਸ ਦੌਰਾਨ ਵਿਧਾਇਕ ਸ਼ੈਰੀ ਕਲਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡਾ. ਓਬਰਾਏ ਦਾ ਧੰਨਵਾਦ ਕੀਤਾ।