Babushahi Exclusive ਸੋਸ਼ਲ ਮੀਡੀਆ ਤੇ ਨਾਇਕ ਬਣੀ ਹੜ੍ਹ ਦੇ ਝੰਬਿਆਂ ਦੀ ਨਿਸ਼ਕਾਮ ਸੇਵਾ ’ਚ ਜੁਟੀ ਡੀਸੀ ਸਾਕਸ਼ੀ ਸਾਹਨੀ
ਅਸ਼ੋਕ ਵਰਮਾ
ਬਠਿੰਡਾ,1 ਸਤੰਬਰ 2025: ਮਾਝੇ ਦੀ ਆਹ ਡੀਸੀ ਧੀ ਰਾਣੀ ਦੀਆਂ ਉਮਰਾਂ ਲੰਮੀਆਂ ਹੋਣ, ਹਰ ਘਰ ਇਹੋ ਜਿਹੀ ਧੀ ਹੋਵੇ। ਦਿਲ ਦੀਆਂ ਡੂੰਘਾਈਆਂ ਚੋਂ ਨਿਕਲੀ ਇਹ ਇੱਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੀ ਦੁਆ ਹੈ ਜੋ ਉਸ ਨੇ ਹੜ੍ਹਾਂ ਦੀ ਮਾਰ ਦੌਰਾਨ ਹੜ੍ਹ ਪੀੜਤਾਂ ਦੀ ਨਿਸ਼ਕਾਮ ਸੇਵਾ ’ਚ ਦਿਨ ਰਾਤ ਇੱਕ ਕਰਨ ਵਾਲੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਦਿੱਤੀ ਹੈ ਜੋ ਆਪਣੇ ਕੰਮਾਂ ਕਾਰਨ ਅੱਜ ਕੱਲ੍ਹ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਵਿੱਚ ਨਾਇਕ ਬਣੀ ਹੋਈ ਹੈ। ਸਾਕਸ਼ੀ ਸਾਹਨੀ ਆਪਣੇ ਅਮਲੇ ਨਾਲ ਜਦੋਂ ਇਸ ਪ੍ਰੀਵਾਰ ਨੂੰ ਘਰੋਂ ਸੁਰੱਖਿਅਤ ਥਾਂ ਤੇ ਲਿਜਾਣ ਲਈ ਪੁੱਜੀ ਤਾਂ ਇਸ ਵਿਅਕਤੀ ਨੇ ਕਿਹਾ ਡੀਸੀ ਸਾਹਿਬ ਮੈਂ ਤਾਂ ਤਹਾਡੇ ਦਰਸ਼ਨਾਂ ਵਾਸਤੇ ਖੜ੍ਹਾ ਹਾਂ। ਮੈਂ ਤੁਹਾਡੇ ਵਰਗੀ ਔਰਤ ਨਹੀਂ ਦੇਖੀ ਹੈ। ਬੇਟਾ ਜੀ ਸਾਡੇ ਮਨ ਵਿੱਚ ਤੁਹਾਡੇ ਲਈ ਬਹੁਤ ਸਤਿਕਾਰ ਹੈ। ਡੀਸੀ ਨੇ ਕਿਹਾ ਕਿ ਜੱਥੇਦਾਰ ਜੀ ਤੁਸੀਂ ਆ ਜਾਉ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ।

ਅੰਮ੍ਰਿਤਧਾਰੀ ਵਿਅਕਤੀ ਕਹਿ ਰਿਹਾ ਸੀ ਕਿ ਇਹੋ ਜਿਹੇ ਡੀਸੀ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਅਫਸਰ ਇਸ ਤਰਾਂ ਪੁੱਛਣ ਆਏ ਹਨ। ਜਦੋਂ 1988 ਦੇ ਹੜ੍ਹ ਆਏ ਸਨ ਤਾਂ ਉਦੋਂ ਕੋਈ ਅਫਸਰ ਨਹੀਂ ਆਇਆ ਸੀ ਜਿਸ ਤਰਾਂ ਤੁਸੀਂ ਆਏ ਹੋ। ‘ਪੁੱਤ ਫਿਕਰ ਨਾ ਕਰੋ ਅਸੀਂ ਠੀਕ ਹਾਂ’। ਇੱਥੇ ਚੋਰੀਆਂ ਬਹੁਤ ਹੁੰਦੀਆਂ ਹਨ ਜਿਸ ਕਰਕੇ ਉਹ ਜਾ ਨਹੀਂ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰੀਵਾਰ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਪਰ ਉਨ੍ਹਾਂ ਨੇ ਘਰੋਂ ਜਾਣ ਤੋਂ ਨਾਂਹ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਜਿਵੇਂ ਹੀ ਸਾਕਸ਼ੀ ਸਾਹਨੀ ਵੱਲੋਂ ਹੜ੍ਹ ਪੀੜਤਾਂ ਦੀ ਸੇਵਾ ਕਰਨ ਸਬੰਧੀ ਖ਼ਬਰ ਨਸ਼ਰ ਹੋਈ ਤਾਂ ਉਸ ਤੋਂ ਬਾਅਦ ਇਸ ਆਈਏਐਸ ਅਧਿਕਾਰੀ ਦੇ ਹੱਕ ਵਿੱਚ ਪੋਸਟਾਂ ਦਾ ਭੂਚਾਲ ਆਇਆ ਹੋਇਆ ਹੈ। ਫੇਸਬੁੱਕ, ਐਕਸ, ਇੰਸਟਾਗ੍ਰਾਮ ਅਤੇ ਥਰੈਡਜ਼ ਆਦਿ ’ਤੇ ਸਾਕਸ਼ੀ ਸਾਹਨੀ ਦੇ ਹੱਕ ਵਿੱਚ ਲਗਾਤਾਰ ਸੈਂਕੜੇ ਪੋਸਟਾਂ ਪਾਈਆਂ ਜਾ ਰਹੀਆਂ ਹਨ।
ਜਿਆਦਾਤਰ ਪੋਸਟਾਂ ’ਚ ਸਾਕਸ਼ੀ ਸਾਹਨੀ ਦੇ ਸੇਵਾ ਨੂੰ ਲਾਸਾਨੀ ਕਰਾਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਬਠਿੰਡਾ ਵਾਲਿਆਂ ਨੇ ਇਸ ਅ੍ਰਮ੍ਰਿਤਧਾਰੀ ਸਿੱਖ ਪ੍ਰੀਵਾਰ ਨਾਲ ਡੀਸੀ ਸਾਕਸ਼ੀ ਸਾਹਨੀ ਦੀਆਂ ਤਿੰਨ ਵੱਖ ਵੱਖ ਫੋਟੋਆਂ ਸ਼ੇਅਰ ਕੀਤੀਆਂ ਹਨ। ਇੱਕ ਫੋਟੋ ’ਚ ਡਿਪਟੀ ਕਮਿਸ਼ਨਰ ਨੇ ਇੱਕ ਔਰਤ ਨੂੰ ਦਿਲਾਸਾ ਦੇਣ ਲਈ ਗਲੇ ਲਾਇਆ ਹੋਇਆ ਹੈ ਜਦੋਂਕਿ ਦੂਸਰੀ ’ਚ ਉਹ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਫੜਾ ਰਹੇ ਹਨ। ਤੀਸਰੀ ’ਚ ਡਿਪਟੀ ਕਮਿਸ਼ਨਰ ਹੱਥ ਜੋੜਕੇ ਅੰਮ੍ਰਿਤਧਾਰੀ ਵਿਅਕਤੀ ਦਾ ਧੰਨਵਾਦ ਕਰਦੇ ਦਿਖਾਈ ਦੇ ਰਹੇ ਹਨ। ਨੀਲ ਗਰਗ ਵੱਲੋਂ ਆਪਣੀ ਪੋਸਟ ਤੇ ਕੀਤੀ ਟਿੱਪਣੀ ਮੁਤਾਬਕ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦਾ ਗਰਾਊਂਡ ’ਤੇ ਉਤਰ ਕੇ ਸਾਥ ਦਿੱਤਾ — ਇਹ ਕਾਬਲੇ-ਤਾਰੀਫ਼ ਹੈ। ਤਲਵੰਡੀ ਸਾਬੋ ਤੋਂ ਸੋਹਣ ਸਿੰਘ ਨੇ ਡੀਸੀ ਸਾਕਸ਼ੀ ਸਾਹਨੀ ਨੂੰ ਮਿਹਨਤੀ ਤੇ ਚੰਗੇ ਸੁਭਾਅ ਦੀ ਅਫਸਰ ਕਰਾਰ ਦਿੱਤਾ ਹੈ।
ਸੋਹਣ ਸਿੰਘ ਨੇ ਫੇਸ ਬੁੱਕ ਤੇ ਮੈਡਮ ਸਾਕਸ਼ੀ ਸਾਹਨੀ ਦੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਦੁਆ ਵੀ ਮੰਗੀ ਹੈ। ਬਠਿੰਡਾ ਢਾਬਾ ਐਸੋਸੀਏਸ਼ਨ ਨੇ ਡੀਸੀ ਦੀਆਂ ਕਈ ਤਸਵੀਰਾਂ ਵਾਲੀ ਪੋਸਟ ਵੀ ਸ਼ੇਅਰ ਕੀਤੀ ਹੈ ਜਿਸ ’ਚ ਉਨ੍ਹਾਂ ਨੂੰ ਸ਼ੇਰਨੀ ਦੱਸਿਆ ਗਿਆ ਹੈ ਜਿਸ ਅਨੁਸਾਰ ਆਹ ਸ਼ੇਰਨੀ ਵੀ ਕਿਸੇ ਦੀ ਧੀਅ ਹੈ ਜਿਸ ਨੇ ਹੜ੍ਹਾਂ ਵਾਲੇ ਪਹਿਲੇ ਦਿਨ ਤੋਂ ਅੱਜ ਤੱਕ ਆਪਣੇ ਘਰੇ ਜਾਕੇ ਨਹੀਂ ਦੇਖਿਆ। ਨੌਕਰੀ ਤਾਂ ਬਥੇਰੇ ਕਰਦੇ ਐ ਹਰ ਕੋਈ ਆਪਣੀ ਜਾਨ ਬਚਾਉਂਦਾ ਫਿਰਦਾ ਪਰ ਇਹ ਕੁੜੀ ਸਾਕਸ਼ੀ ਸਾਹਨੀ ‘ਸ਼ੇਰਾਂ ਦੇ ਮੂੰਹ ’ਚ ਹੱਥ ਪਾਕੇ ਮੁੜਦੀ ਹੈ। ਡੀਸੀ ਤਾਂ ਹੋਰ ਵੀ ਬਥੇਰੇ ਆਏ ਹੋਣਗੇ ਪਰ ਸਰਕਾਰ ਦੀ ਤਨਖਾਹ ਦਾ ਮੁੱਲ ਇਸ ਸ਼ੇਰਨੀ ਨੇ ਮੋੜਿਆ ਹੈ ਨਹੀਂ ਤਾਂ ਕੁੜੀਆਂ ਕਿਸਾਨਾਂ ਨੂੰ ਮੱਤਾਂ ਦਿੰਦੀਆਂ ਰਹਿੰਦੀਆਂ ਹਨ। ਸਾਕਸ਼ੀ ਸਾਹਨੀ ਦੀ ਮਿਹਨਤ ਨੂੰ ਹਮੇਸ਼ਾ ਪੰਜਾਬ ਯਾਦ ਰੱਖੇਗਾ। ਕੁਲਵਿੰਦਰ ਸਿੰਘ ਖੁਰਦ ਨੇ ਕੁਮੈਂਟ ’ਚ ਡੀਸੀ ਨੂੰ ਸਲੂਟ ਕੀਤਾ ਹੈ।
ਜਸਪਾਲ ਨਿੱਪਾ ਦੀ ਫੇਸਬੁੱਕ ਪੋਸਟ ਦਾ ਇੰਜ ਬਿਰਤਾਂਤ ਹੈ। ਉੱਜੜ ਕੇ ਹੱਸਣ ਵਾਲੇ ਬੇਸ਼ੱਕ 8 ਅਰਬ ਦੀ ਆਬਾਦੀ ਵਿੱਚ ਨਾਮਾਤਰ ਨੇ ਭਾਵ ਅਸੀਂ ਪੰਜਾਬੀ ਕੁੱਲ ਦੁਨੀਆ ਵਿੱਚ ’ਆਟੇ ’ਚ ਲੂਣ ਬਰੋਬਰ’ ਹਾਂ ਪਰ ਜਦੋਂ ਕੋਈ ਸਾਡੇ ਹਾਸੇ ਅੰਦਰ ਛੁਪੇ ਦਰਦ ਨੂੰ ਪਛਾਣ ਕੇ ਸਾਡਾ ਹਮਦਰਦ ਬਣਦਾ ਹੈ ਤਾਂ ਅਸੀਂ ਉਸ ਲਈ ਰੋਮ ਰੋਮ ਤੋਂ ਰਿਣੀ ਹੋ ਜਾਨੇ ਆਂ। ਕੁਰਸੀ ਭਾਵੇਂ ਸਦਾ ਨੀ ਰਹਿਣੀ ਪਰ ਭੈਣੇ ਤੈਂ ਸਦਾ ਲਈ ਇੱਕ ਕੁਰਸੀ ‘ਪੰਜਾਬ ਦੀ ਧੀ‘ ਵਾਲੀ ਜੋ ਮੱਲ ਲਈ ਐ, ਉਹ ਤੈਥੋਂ ਰਹਿੰਦੀ ਦੁਨੀਆ ਤੱਕ ਵੀ ਕੋਈ ਖੋਹ ਨੀ ਸਕਦਾ। ਪਟਿਆਲਾ, ਅੰਮ੍ਰਿਤਸਰ ਤੇ ਜਿੱਥੇ ਜਿੱਥੇ ਇਸ ਧੀ ਨੇ ਪੈਰ ਪਾਏ, ਮਾਂ ਦੀ ਧੀ ਨੇ ਲੋਕ ਦਿਲ ਈ ਲੁੱਟ ਲਏ। ਜਿਉਂਦੀ ਵੱਸਦੀ ਰਹਿ ਪੰਜਾਬ ਦੇ ਦਰਦ ਵੰਡਾਉਣ ਵਾਲੀਏ ਧੀਏ’। ਮਿੰਟੂ ਗੁਰੂਸਰੀਆ ਲਿਖਦੇ ਹਨ ਜੋ ਪਿਆਰ, ਅਸੀਸਾਂ ਇਸ ਅਫਸਰ ਨੂੰ ਮਿਲੀਆਂ ਨੇ, ਮੈਨੂੰ ਲੱਗਦਾ ਕਿ ਇਹਦੀਆਂ ਕੁਲਾਂ ਤਰ ਜਾਣਗੀਆਂ।
ਅਫਸਰ ਪ੍ਰੇਰਣਾ ਲੈਣ: ਕੁਸਲਾ
ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਜਿੱਦਾਂ ਦੀ ਨਿਰਸਵਾਰਥ ਸੇਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕਰ ਰਹੀ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਬੱਚੀ ਤੋਂ ਹੋਰ ਅਧਿਕਾਰੀਆਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਉਨ੍ਹਾਂ ਨੂੰ ਅਫਸਰੀ ਰੰਗ ਨਹੀਂ ਚੜ੍ਹਿਆ ਹੈ ।