NDRF ਨੇ ਪਿੰਡ ਲੋਹਾਰਾ ’ਚ ਫਸੇ ਅੱਠ ਵਰਕਰਾਂ ਨੂੰ ਬਚਾਇਆ
- ਭਾਰੀ ਬਾਰਿਸ਼ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫੌਰੀ ਕਾਰਵਾਈ ਸਦਕਾ ਸੁਰੱਖਿਅਤ ਕੱਢਿਆ ਗਿਆ ਬਾਹਰ
ਜਲੰਧਰ, 2 ਸਤੰਬਰ : ਲਗਾਤਾਰ ਭਾਰੀ ਬਾਰਿਸ਼ ਕਾਰਨ ਪਿੰਡ ਲੋਹਾਰਾ ਵਿਖੇ ਇਕ ਫੈਕਟਰੀ ਵਿੱਚ ਫਸੇ ਅੱਠ ਵਰਕਰਾਂ ਨੂੰ ਫੌਰੀ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ ਹੇਠ ਐਨ.ਡੀ.ਆਰ.ਐਫ. ਦੀ ਟੀਮ ਵਲੋਂ ਬਚਾਇਆ ਗਿਆ।
ਫਸੇ ਹੋਏ ਕਾਮਿਆਂ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਸ਼ਾਹਕੋਟ ਵਿਖੇ ਤਾਇਨਾਤ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐਨ.ਡੀ.ਆਰ.ਐਫ.) ਦੀਆਂ ਦੋ ਟੀਮਾਂ ਵਿੱਚੋਂ ਇਕ ਨੂੰ ਬੁਲਾਇਆ ਗਿਆ, ਜਿਸ ਨੇ ਬਚਾਅ ਓਪਰੇਸ਼ਨ ਚਲਾ ਕੇ ਸਾਰੇ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਬਚਾਅ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਹੜ੍ਹ ਵਰਗੀ ਸਥਿਤੀ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਡਰੇਨਾਂ ਓਵਰਫਲੋ ਹੋ ਕੇ ਚੱਲਣ ਲੱਗ ਪਈਆਂ ਹਨ ਅਤੇ ਇਸ ਸਥਿਤੀ ਨੂੰ ਦੇਖਦਿਆਂ ਐਨ.ਡੀ.ਆਰ.ਐਫ. ਦੀਆਂ ਦੋ ਟੀਮਾਂ ਨੂੰ ਪਿਛਲੀ ਰਾਤ ਬੁਲਾਇਆ ਗਿਆ ਅਤੇ ਸ਼ਾਹਕੋਟ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਰਣਦੀਪ ਸਿੰਘ ਹੀਰ ਅਤੇ ਸੀਨੀਅਰ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਦੀ ਮੌਜੂਦਗੀ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।