ਨਵਾਂਸ਼ਹਿਰ: ਪਿੰਡ ਧੈਂਗੜਪੁਰ ਵਿਖੇ ਬੰਨ੍ਹ ਨੂੰ ਲੱਗੀ ਢਾਅ ਨੂੰ ਸਮੇਂ ਸਿਰ ਵਧਣ ਤੋਂ ਰੋਕਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 2 ਸਤੰਬਰ,2025- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਧੈਂਗੜਪੁਰ ਵਿਖੇ ਸੋਮਵਾਰ ਰਾਤ ਨੂੰ ਸਤਲੁਜ ਦਰਿਆ ਦੇ ਬੰਨ੍ਹ ਨੂੰ ਲੱਗੀ ਕਰੀਬ 100-150 ਫੁੱਟ ਦੀ ਢਾਅ ਨੂੰ ਪ੍ਰਸ਼ਾਸਨ ਵੱਲੋਂ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮੇਂ ਸਿਰ ਹੋਰ ਵਧਣ ਤੋਂ ਰੋਕਣ ਦੇ ਨਾਲ-ਨਾਲ ਬੰਨ੍ਹ ਦੀ ਮਜਬੂਤੀ ਲਈ ਲਗਾਤਾਰ ਉਪਰਾਲੇ ਜਾਰੀ ਹਨ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਐਸ.ਡੀ.ਐਮ ਅਨਮਜਯੋਤ ਕੌਰ, ਐਸ.ਡੀ.ਐਮ ਬਲਾਚੌਰ ਕ੍ਰਿਤਿਕਾ ਗੋਇਲ ਦੀ ਦੇਖਰੇਖ ਵਿੱਚ ਜਲ ਸਰੋਤ ਵਿਭਾਗ ਦੇ ਅਧਿਕਾਰੀ, ਪਿੰਡਾਂ ਦੇ ਵਸਨੀਕ ਅਤੇ ਸਮਾਜ ਸੇਵੀ ਸੰਸਥਾਵਾਂ ਨੁਮਾਇੰਦੇ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਬੰਨ੍ਹ ਨੂੰ ਕੋਈ ਹੋਰ ਜਿਆਦਾ ਨੁਕਸਾਨ ਨਾ ਹੋ ਸਕੇ। ਮੌਕੇ ‘ਤੇ ਮੌਜੂਦ ਐਸ.ਡੀ.ਐਮ ਅਨਮਜਯੋਤ ਕੌਰ ਨੇ ਇਲਾਕੇ ਦੇ ਲੋਕਾਂ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਸਮੇਂ ਸਿਰ ਬੰਨ੍ਹ ਦੇ ਨੁਕਸਾਨ ਨੂੰ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਮਗਨਰੇਗਾ ਵਰਕਰ ਅਤੇ ਪਿੰਡ ਵਾਸੀ ਇਸ 100 ਫੁੱਟ ਤੋਂ ਜਿਆਦੀ ਢਾਅ ਨੂੰ ਰੋਕਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵਧ ਜਾਣ ਕਾਰਨ ਰਾਤ ਸਮੇਂ ਇਹ ਢਾਅ ਲੱਗੀ ਪਰ ਸਮੇਂ ਸਿਰ ਇਸ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਦੇ ਨਾਲ–ਨਾਲ ਮਿੱਟੀ ਦੇ ਬੋਰਿਆਂ, ਦਰੱਖਤਾਂ, ਲੋਹੇ ਦੇ ਕਰੇਟਾਂ ਆਦਿ ਨਾਲ ਬੰਨ੍ਹ ਨੂੰ ਸੁਰੱਖਿਅਤ ਕੀਤਾ ਗਿਆ।
ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ ਬੋਰਡ ਦੇ ਵਾਈਸ ਚੇਅਰਮੈਨ ਲਲਿਤ ਮੋਹਨ ਪਾਠਕ ਨੇ ਬੰਨ੍ਹ ਨੂੰ ਢਾਅ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਬਹੁਤ ਹੀ ਸਮੇਂ ‘ਤੇ ਬੰਨ੍ਹ ਦੇ ਵੱਡੇ ਨੁਕਸਾਨ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪਿੰਡਾਂ ਦੇ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਲਗਾਤਾਰ ਬੰਨ੍ਹ ਦੀ ਮਜਬੂਤੀ ਲਈ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਸੂਬੇ ਦੇ ਲੋਕਾਂ ਨਾਲ ਚੱਟਾਨ ਵਾਂਗ ਖੜੀ ਹੈ ਅਤੇ ਉਨ੍ਹਾਂ ਦੀ ਜਾਨ–ਮਾਲ ਦੀ ਰਾਖੀ ਲਈ ਪੂਰਨ ਤੌਰ ‘ਤੇ ਵਚਨਬੱਧ ਹੈ।
ਜਲ ਸਰੋਤ ਵਿਭਾਗ ਦੇ ਐਸ.ਡੀ.ਓ ਹਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਾਣੀ ਦਾ ਪੱਧਰ 1.25 ਕਿਊਸਿਕ ਤੋਂ ਵਧ ਜਾਣ ਕਰਕੇ ਧੈਂਗੜਪੁਰ ਵਿਖੇ ਬੰਨ੍ਹ ਢਾਅ ਲੱਗਣੀ ਸ਼ੁਰੂ ਹੋਈ ਸੀ ਜਿਸ ਦਾ ਸਮੇਂ ਸਿਰ ਪਤਾ ਲੱਗਣ ‘ਤੇ ਪ੍ਰਸ਼ਾਸਨ ਅਤੇ ਲੋਕਾਂ ਨੇ ਰਲ ਕੇ ਬੰਨ੍ਹ ਨੂੰ ਹੋਰ ਨੁਕਸਾਨੇ ਜਾਣ ਤੋਂ ਰੋਕ ਲਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟ ਹੋਣ ਕਰਕੇ ਕੋਈ ਖਤਰੇ ਵਾਲੀ ਗੱਲ ਨਹੀਂ ਜਾਪਦੀ ਅਤੇ ਬੰਨ੍ਹ ਨੂੰ ਹੋਰ ਮਜਬੂਤ ਕਰਨ ਲਈ ਵਿਭਾਗੀ ਟੀਮਾਂ ਅਤੇ ਪਿੰਡਾਂ ਦੇ ਲੋਕ ਲਗਾਤਾਰ ਕੰਮ ਕਰ ਰਹੇ ਹਨ।