ਵਿਧਾਇਕ ਕੁਲਵੰਤ ਸਿੰਘ ਨੇ 12 ਟੈਕਸੀ ਸਟੈਂਡ ਦੇ ਅਲਾਟੀਆਂ ਨੂੰ ਅਲਾਟਮੈਂਟ ਪੱਤਰ ਸੌਂਪੇ
ਕਿਹਾ- ਬਾਕੀ ਰਹਿੰਦੇ 12 ਅਲਾਟੀ ਜਲਦ ਲੋੜੀਦੀਆਂ ਸ਼ਰਤਾਂ ਪੂਰੀਆਂ ਕਰਨ ਤਾਂ ਜੋ ਜਲਦ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਸਕਣ
ਟੈਕਸੀ ਚਾਲਕਾਂ ਨੇ ਅਲਾਟਮੈਂਟ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਗਸਤ 2025:
ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਸੈਕਟਰ-79 ਵਿਖੇ ਮੋਹਾਲੀ ਦੇ ਟੈਕਸੀ ਯੂਨੀਅਨ ਦੇ 12 ਬਿਨੈਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ ਜੋ ਕਿ ਕਈ ਸਾਲਾਂ ਤੋਂ ਇਨ੍ਹਾਂ ਦੀ ਉਡੀਕ ਕਰ ਰਹੇ ਸਨ।
ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਬਿਨੈਕਾਰਾਂ ਦੀ ਮੰਗ ਬਹੁਤ ਦੇਰ ਤੋਂ ਚਲਦੀ ਆ ਰਹੀ ਸੀ ਜੋ ਕਿ ਅੱਜ ਪੂਰੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 24 ਟੈਕਸੀ ਸਟੈਂਡ ਅਲਾਟੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੀ ਜਾਣੇ ਹਨ, ਪ੍ਰੰਤੂ ਅੱਜ 12 ਬਿਨੈਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ ਹਨ, ਬਾਕੀ ਰਹਿੰਦੇ 12 ਅਲਾਟੀਆਂ ਵਿੱਚੋਂ 3 ਦੇ ਦਸਤਾਵੇਜ਼ ਵੈਰੀਫਿਕੇਸ਼ਨ ਲਈ ਗਏ ਹਨ ਅਤੇ 9 ਦੇ ਦਸਤਾਵੇਜ਼ ਅਤੇ ਹੋਰ ਲੋੜੀਂਦੀਆਂ ਸ਼ਰਤਾਂ ਪੂਰੀਆਂ ਹੋਣ ਉਪਰੰਤ ਉਨ੍ਹਾਂ ਨੂੰ ਜਲਦ ਹੀ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਉਨ੍ਹਾਂ ਨੇ ਅਲਾਟੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬਾਕੀ ਦੇ ਰਹਿੰਦੇ ਬਿਨੈਕਾਰ ਜਲਦ ਆਪਣੇ ਦਸਤਾਵੇਜ਼ ਅਤੇ ਲੋੜੀਂਦੀਆਂ ਸ਼ਰਤਾਂ ਪੂਰੀਆ ਕਰਨ ਤਾਂ ਜੋ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰਕਾਰ ਦੇ ਰੈਵਨਿਊ ਵਿੱਚ ਵੀ ਵਾਧਾ ਹੋਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਵੀ ਟੈਕਸੀ ਕਿਰਾਏ ਤੇ ਲੈਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਵੀ ਪੂਰੀਆਂ ਕੀਤੀਆ ਜਾ ਰਹੀਆਂ ਹਨ, ਜਿਵੇਂ ਕਿ ਮੋਹਾਲੀ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣਾ, ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ ਤੇ ਚੌਂਕ ਬਣਾਉਣਾ, ਮੋਟਰ ਮਾਰਕਿਟ ਬਣਾਉਣ ਲਈ 250 ਦੇ ਕਰੀਬ ਬੂਥ ਸਮਰਪਿਤ ਕਰਨ ਆਦਿ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਘਰੇਲੂ ਬਿਜਲੀ ਦੇ ਬਿੱਲ 600 ਯੂਨਿਟ ਤੱਕ ਮਾਫ ਕੀਤੇ ਗਏ, ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਅਤੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਸਿਹਤ ਬੀਮੇ ਦੀ ਸਹੂਲਤ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ।
ਉਨ੍ਹਾਂ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਲੋਕਾਂ ਨੂੰ ਚੰਗੀ ਟੈਕਸੀ ਸਰਵਿਸ ਦਿੱਤੀ ਜਾਵੇ ਅਤੇ ਟੈਕਸੀ ਡਰਾਈਵਰ ਆਪਣੇ ਅਦਾਰੇ ਵਿੱਚ ਰਹਿ ਕੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣਾ ਕੰਮ ਇਮਾਨਦਾਰੀ ਨਾਲ ਕਰਨ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਨਿਵਾਸੀਆਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਸਮੇਂ ਹਾਜ਼ਰ ਹਨ। ਇਸ ਮੌਕੇ ਟੈਕਸੀ ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਪ੍ਰਾਈਵੇਟ ਗੈਰ-ਕਾਨੂੰਨੀ ਟੈਕਸੀਆਂ ਨੂੰ ਰੋਕਿਆ ਜਾਵੇ ਅਤੇ ਪੀਲੇ ਨੰਬਰ ਪਲੇਟ ਵਾਲੀ ਟੈਕਸੀ ਨੂੰ ਹੀ ਟੈਕਸੀ ਸੇਵਾ ਲਈ ਵਰਤਿਆ ਜਾਵੇ।
ਇਸ ਮੌਕੇ ਕਮਿਸ਼ਨਰ, ਨਗਰ ਨਿਗਮ, ਪਰਮਿੰਦਰਪਾਲ ਸਿੰਘ, ਚੀਫ ਇੰਜਨੀਅਰ ਨਰੇਸ਼ ਕੁਮਾਰ ਬੱਤਾ, ਮੋਹਾਲੀ ਟੈਕਸੀ ਯੂਨੀਅਨ ਦੇ ਪ੍ਰਧਾਨ, ਕੁਲਦੀਪ ਸਿੰਘ ਬਰਾੜ, ਚੇਅਰਮੈਨ, ਪਰਮਜੀਤ ਸਿੰਘ, ਸਕੱਤਰ ਜੰਗ ਸਿੰਘ, ਖਜਾਨਚੀ ਕੁਲਦੀਪ ਸਿੰਘ ਬੈਦਵਾਣ, ਮੀਤ ਪ੍ਰਧਾਨ ਮਨੀਸ਼ ਕੁਮਾਰ, ਪ੍ਰਵੀਨ ਰਾਣਾ, ਤਰਲੋਚਨ ਸਿੰਘ ਬੈਦਵਾਣ, ਮੋਟਰ ਮਾਰਕੀਟ ਪ੍ਰਧਾਨ ਮੋਹਾਲੀ, ਵਪਾਰ ਮੰਡਲ, ਕੁਲਦੀਪ ਸਿੰਘ ਸਮਾਣਾ, ਰਜਿੰਦਰ ਪ੍ਰਸਾਦ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਹਰਮੇਸ਼ ਸਿੰਘ ਕੁੰਬੜਾ, ਸਤਵਿੰਦਰ ਸਿੰਘ ਮਿੱਠੂ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ, ਹਰਪਾਲ ਸਿੰਘ ਚੰਨਾ, ਮੁਖਤਿਆਰ ਸਿੰਘ- ਸਰਪੰਚ ਕੁਰੜਾ, ਰਾਜਿੰਦਰ ਸਿੰਘ ਸਿਆਉ, ਗੁਰਜੰਟ ਸਿੰਘ ਸਰਪੰਚ ਪੱਤੋਂ, ਕਰਮਜੀਤ ਕੁਮਾਰ ਸਰਪੰਚ ਝਿਉਰਹੇੜੀ, ਤਰਲੋਚਨ ਸਿੰਘ, ਮਲਕੀਤ ਸਿੰਘ ਮਟੌਰ, ਸੁਰਿੰਦਰ ਸਿੰਘ, ਸੋਨੂੰ ਮਟੌਰ, ਹਰਜਿੰਦਰ ਸਿੰਘ ਮਟੌਰ ਅਤੇ ਗੁਰਪ੍ਰੀਤ ਸਿੰਘ ਚਾਹਲ ਵੀ ਹਾਜ਼ਰ ਸਨ।