ਖਡੂਰ ਸਾਹਿਬ 'ਚ ਮਾੜੇ ਅਨਸਰਾਂ ਵਿਰੁਧ ਸਰਕਾਰ ਲਵੇ Action : ਬ੍ਰਹਮਪੁਰਾ
- ਦੇਸ਼-ਵਿਰੋਧੀ ਅਨਸਰਾਂ ਨਾਲ ਐਮ.ਐਲ.ਏ. ਦੀ ਮਿਲੀਭੁਗਤ ਦੀ ਐਨ.ਆਈ.ਏ. ਤੋਂ ਜਾਂਚ ਹੋਵੇ; ਸਰਕਾਰ ਦੀ 'ਬਾਜ਼ ਅੱਖ' ਆਪਣੇ ਹੀ ਦਾਗੀ ਵਿਧਾਇਕ 'ਤੇ ਅੰਨ੍ਹੀ ਕਿਉਂ?
- ਫਰਜ਼ੀ ਮਰੀਜ਼, ਅਯੋਗ ਸਟਾਫ਼, ਅਤੇ ਦਵਾਈਆਂ ਦੀ ਚੋਰੀ: ਤਰਨ ਤਾਰਨ ਅਤੇ ਖਡੂਰ ਸਾਹਿਬ ਦੇ ਕੇਂਦਰਾਂ 'ਚ ਵੱਡੇ ਘਪਲੇ ਦਾ ਪਰਦਾਫਾਸ਼
ਤਰਨ ਤਾਰਨ 19 ਅਗਸਤ 2025: ( ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ, ਰਵਿੰਦਰ ਸਿੰਘ ਬ੍ਰਹਮਪੁਰਾ, ਅੱਜ ਪਾਰਟੀ ਵੱਲੋਂ ਉਨ੍ਹਾਂ ਨੂੰ ਮੀਤ ਪ੍ਰਧਾਨ ਦੀ ਮੁੜ ਤੋਂ ਜ਼ਿੰਮੇਵਾਰੀ ਮਿਲਣ 'ਤੇ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਨਾਲ ਗੁਰੂ ਅੰਗਦ ਦੇਵ ਜੀ ਦੀ ਪਵਿੱਤਰ ਧਰਤੀ 'ਤੇ ਸਥਿਤ 'ਸ੍ਰੀ ਦਰਬਾਰ ਸਾਹਿਬ' ਵਿਖੇ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾਉ ਅਤੇ ਗੁਰੂ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਉਪਰੰਤ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ, ਸ੍ਰ. ਬ੍ਰਹਮਪੁਰਾ ਨੇ 'ਆਪ' ਸਰਕਾਰ ਅਤੇ ਸਥਾਨਕ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖਿਲਾਫ਼ ਸਬੂਤਾਂ ਸਣੇ ਧਮਾਕੇਦਾਰ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਹਲਕਾ ਅੱਜ ਪੂਰੀ ਤਰ੍ਹਾਂ ਲਾਵਾਰਸ ਹੈ ਅਤੇ ਇੱਥੇ 'ਆਪ' ਵਿਧਾਇਕ ਦੀ ਕਥਿਤ ਸਰਪ੍ਰਸਤੀ ਹੇਠ ਨਸ਼ੇ, ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਰਾਜ ਸਥਾਪਤ ਹੋ ਚੁੱਕਾ ਹੈ।
ਸਬੂਤ ਪੇਸ਼ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, "ਮੈਂ 25 ਮਈ, 2025 ਨੂੰ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਇੱਕ ਵਿਸਤ੍ਰਿਤ ਚਿੱਠੀ ਲਿਖ ਕੇ ਵਿਧਾਇਕ ਲਾਲਪੁਰਾ ਦੇ ਡਰੋਨਾਂ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਾਲੇ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਸੀ। ਮੇਰੀ ਸ਼ਿਕਾਇਤ 'ਤੇ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਦੇ ਸੰਸਦੀ ਕਾਜ ਵਿਭਾਗ ਨੇ ਮੈਨੂੰ 24 ਜੂਨ, 2025 ਨੂੰ ਇੱਕ ਪੱਤਰ ਭੇਜ ਕੇ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫ਼ੀਆ ਬਿਆਨ ਜਮ੍ਹਾਂ ਕਰਵਾਉਣ ਲਈ ਕਿਹਾ। ਮੈਂ ਕਾਨੂੰਨ ਦਾ ਸਤਿਕਾਰ ਕਰਦਿਆਂ 30 ਜੂਨ, 2025 ਨੂੰ ਆਪਣਾ ਹਲਫ਼ੀਆ ਬਿਆਨ ਦਾਇਰ ਕਰ ਦਿੱਤਾ, ਪਰ ਅੱਜ ਤੱਕ 'ਆਪ' ਸਰਕਾਰ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੇ 'ਲਾਡਲੇ' ਅਤੇ ਦਾਗੀ ਵਿਧਾਇਕ ਨੂੰ ਜਾਣਬੁੱਝ ਕੇ ਬਚਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ 'ਬਾਜ਼ ਅੱਖ' 'ਤੇ ਤਨਜ਼ ਕੱਸਦਿਆਂ ਕਿਹਾ ਕਿ ਸਰਕਾਰ ਦੀ ਇਹ ਬਾਜ਼ ਅੱਖ ਆਪਣੇ ਹੀ ਵਿਧਾਇਕ ਦੀਆਂ ਦੇਸ਼-ਵਿਰੋਧੀ ਗਤੀਵਿਧੀਆਂ 'ਤੇ ਅੰਨ੍ਹੀ ਕਿਉਂ ਹੋ ਜਾਂਦੀ ਹੈ?
ਹੜ੍ਹਾਂ ਦੀ ਸਥਿਤੀ 'ਤੇ ਬੋਲਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ, "ਖਡੂਰ ਸਾਹਿਬ ਦੇ ਮੰਡ ਇਲਾਕੇ ਦੇ ਦਰਜਨਾਂ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ, ਪਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਵਿਧਾਇਕ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਸਰਕਾਰ ਨੂੰ ਫ਼ੋਕੀਆਂ ਗਿਰਦਾਵਰੀਆਂ ਦਾ ਡਰਾਮਾ ਬੰਦ ਕਰਕੇ ਤੁਰੰਤ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ।
'ਆਪ' ਸਰਕਾਰ ਦੀ ਸਭ ਤੋਂ ਸ਼ਰਮਨਾਕ ਨਾਕਾਮੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਤਰਨ ਤਾਰਨ ਅਤੇ ਖਡੂਰ ਸਾਹਿਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜੋ ਘਪਲਾ ਹੋਇਆ ਹੈ, ਉਹ 'ਆਪ' ਸਰਕਾਰ ਦੇ ਮੂੰਹ 'ਤੇ ਕਾਲਖ਼ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਕਾਰ ਨੇ ਇੱਕ ਨਿੱਜੀ ਫਰਮ ਨਾਲ ਮਿਲ ਕੇ ਇੰਨ੍ਹਾਂ ਕੇਂਦਰਾਂ ਵਿੱਚ ਅਜਿਹੇ ਲੋਕ ਭਰਤੀ ਕਰਵਾਏ ਜੋ ਇਲਾਜ ਕਰਨ ਦੇ ਯੋਗ ਹੀ ਨਹੀਂ ਸਨ। ਜਿਸ ਸਟਾਫ਼ ਨੂੰ ਇਹੀ ਨਹੀਂ ਪਤਾ ਕਿ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਕੀ ਇਲਾਜ ਦੇਣਾ ਹੈ, ਤਾਂ ਕੀ ਇਹ ਖਡੂਰ ਸਾਹਿਬ ਦੇ ਲੋਕਾਂ ਦੀ ਜਾਨ ਨਾਲ ਸਿੱਧਾ ਖਿਲਵਾੜ ਨਹੀਂ ਕੀਤਾ ਜਾ ਰਿਹਾ? ਇਨ੍ਹਾਂ ਹੀ ਅਯੋਗ ਲੋਕਾਂ ਦੀ ਦੇਖ-ਰੇਖ ਹੇਠ, (ਬੁਪ੍ਰੇਨੋਰਫਿਨ), ਜੋ ਕਿ ਜੀਭ 'ਤੇ ਰੱਖਣ ਵਾਲੀ ਗੋਲੀ ਹੈ ਅਤੇ ਨਸ਼ਾ ਛੁਡਾਉਣ ਲਈ ਵਰਤੀ ਜਾਂਦੀ ਹੈ, ਫਰਜ਼ੀ ਮਰੀਜ਼ਾਂ ਦੇ ਨਾਂ 'ਤੇ ਚੋਰੀ ਕਰਕੇ ਬਾਹਰ ਬਲੈਕ ਵਿੱਚ ਵੇਚੀ ਜਾਂਦੀ ਰਹੀ। ਇਹ ਸਿੱਧਾ-ਸਿੱਧਾ ਖਡੂਰ ਸਾਹਿਬ ਦੇ ਉਨ੍ਹਾਂ ਨੌਜਵਾਨਾਂ ਅਤੇ ਪਰਿਵਾਰਾਂ ਨਾਲ ਧੋਖਾ ਹੈ ਜੋ ਇਲਾਜ ਲਈ ਇੰਨ੍ਹਾਂ ਕੇਂਦਰਾਂ 'ਤੇ ਨਿਰਭਰ ਸਨ। ਉਨ੍ਹਾਂ ਅੰਤ ਵਿਚ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੂੰ ਸੌਂਪੀ ਜਾਵੇ।
ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਮੀਤ ਪ੍ਰਧਾਨ, ਜਥੇ: ਦਲਬੀਰ ਸਿੰਘ ਜਹਾਂਗੀਰ, ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਬਾਣੀਆਂ, ਜਨਰਲ ਸਕੱਤਰ ਜਥੇਦਾਰ ਗੱਜਨ ਸਿੰਘ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਪੱਪੂ, ਸਾਬਕਾ ਸਰਕਲ ਪ੍ਰਧਾਨ ਨਰਿੰਦਰ ਸਿੰਘ ਸ਼ਾਹ, ਸਾਬਕਾ ਸਰਪੰਚ ਸਰਬਜੀਤ ਸਿੰਘ ਬਾਣੀਆਂ, ਸਾਬਕਾ ਸਰਪੰਚ ਜਤਿੰਦਰ ਸਿੰਘ ਟੋਨੀ ਦੀਨੇਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਲਾਡੀ, ਸਾਬਕਾ ਸਰਪੰਚ ਨਰਿੰਦਰ ਸਿੰਘ, ਟਰਾਂਸਪੋਰਟਰ ਕਸ਼ਮੀਰ ਸਿੰਘ ਸਾਬਕਾ ਸਰਪੰਚ ਸਰੂਪ ਸਿੰਘ ਖਡੂਰ ਸਾਹਿਬ, ਪ੍ਰੈਸ ਸਕੱਤਰ ਮੇਘ ਸਿੰਘ, ਸਾਬਕਾ ਮੈਂਬਰ ਹਰਦੇਵ ਸਿੰਘ, ਸਾਬਕਾ ਮੈਂਬਰ ਸਾਹਿਬ ਸਿੰਘ, ਭਾਗ ਸਿੰਘ ਪਹਿਲਵਾਨ, ਚੌਧਰੀ ਹਰਦੀਪ ਸਿੰਘ, ਸਾਬਕਾ ਮੈਂਬਰ ਪੰਚਾਇਤ, ਬਾਪੂ ਚੰਨਣ ਸਿੰਘ, ਸਾਬਕਾ ਮੈਂਬਰ ਨਛੱਤਰ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਗੋਪੀ ਖਾਦ ਸਟੋਰ ਵਾਲੇ, ਐਸ.ਸੀ. ਵਿੰਗ ਤੋਂ ਸਤਨਾਮ ਸਿੰਘ ਸੱਤਾ, ਕਰਮ ਸਿੰਘ ਨੰਬਰਦਾਰ, ਰਣਜੀਤ ਸਿੰਘ ਨੀਟਾ (ਸਾਰੇ ਖਡੂਰ ਸਾਹਿਬ), ਪ੍ਰਧਾਨ ਅਮਰੀਕ ਸਿੰਘ ਕੰਗ, ਅਤੇ ਕੁਲਵਿੰਦਰ ਸਿੰਘ ਕੰਗ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਅਕਾਲੀ ਵਰਕਰ ਹਾਜ਼ਰ ਸਨ।