Good News: Punjab ਦੀਆਂ ਤਿੰਨ ਸਕੀਆਂ ਭੈਣਾਂ ਨੇ UGC Net ਪ੍ਰੀਖਿਆ ਕੀਤੀ ਪਾਸ
ਪੀ.ਐਚ.ਡੀ ਕਰਕੇ ਪ੍ਰੋਫੈਸਰ ਬਣਨ ਦਾ ਟੀਚਾ
ਮਾਨਸਾ, 27 ਜੁਲਾਈ 2025: ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਇੱਕ ਗ੍ਰੰਥੀ ਦੀਆਂ ਤਿੰਨ ਧੀਆਂ ਨੇ ਮਈ-2025 ਵਿੱਚ ਹੋਈ ਯੂ.ਜੀ.ਸੀ ਦੀ ਪ੍ਰੀਖਿਆ ਪਾਸ ਕੀਤੀ ਹੈ। ਤਿੰਨੋਂ ਭੈਣਾਂ ਨੇ ਇਹ ਪ੍ਰੀਖਿਆ ਪਾਸ ਕਰਕੇ ਭਵਿੱਖ ਵਿੱਚ ਪੀ.ਐਚ.ਡੀ ਕਰਨ ਅਤੇ ਪ੍ਰੋਫੈਸਰ ਬਣਨ ਦਾ ਟੀਚਾ ਮਿਥਿਆ ਹੈ। ਇਹ ਤਿੰਨੋਂ ਲੜਕੀਆਂ ਦਾ ਪਰਿਵਾਰ ਆਰਥਿਕ ਤੌਰ ’ਤੇ ਤੰਗੀ ਦਾ ਹੀ ਸ਼ਿਕਾਰ ਰਿਹਾ ਹੈ।
ਬੁਢਲਾਡਾ ਦੇ ਗ੍ਰੰਥੀ ਬਿੱਕਰ ਸਿੰਘ ਦੀਆਂ ਤਿੰਨ ਧੀਆਂ ਰਿੰਪੀ ਕੌਰ,ਬੇਅੰਤ ਕੌਰ ਅਤੇ ਹਰਦੀਪ ਕੌਰ ਨੇ ਮਈ ਮਹੀਨੇ ’ਚ ਹੋਈ ਯੂ.ਜੀ.ਸੀ Exam ਵਿਚੋਂ ਚੰਗੇ ਰੈਂਕ ਹਾਸਲ ਕੀਤੇ ਹਨ। ਬੇਅੰਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਪੜਨ ਅਤੇ ਪ੍ਰੋਫੈਸਰ ਬਣਨ ਦਾ ਸ਼ੌਂਕ ਹੈ। ਇਸੇ ਸ਼ੌਂਕ ਨੂੰ ਮੁੱਖ ਰੱਖਕੇ ਤਿੰਨੇ ਭੈਣਾਂ ਨੇ ਇਹ ਪ੍ਰੀਖਿਆ ਦਿੱਤੀ, ਜਿਸ ਦਾ ਨਤੀਜਾ ਕਰੀਬ ਇੱਕ ਹਫ਼ਤੇ ਪਹਿਲਾਂ ਹੀ ਘੋਸ਼ਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਮਾਪੇ ਮਜ਼ਦੂਰ ਅਤੇ ਘੱਟ ਪੜ੍ਹੇ ਲਿਖੇ ਹਨ, ਪਰ ਉਨ੍ਹਾਂ ਸਦਾ ਹੀ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ, ਜਿਸ ਸਦਕਾ ਅੱਜ ਉਹ ਯੂ.ਜੀ.ਸੀ ਦੀ ਵੇਕਾਰੀ ਪ੍ਰੀਖਿਆ ਵਿਚੋਂ ਦੇਸ਼ ਭਰ ’ਚੋਂ 53ਵੇਂ ਅਤੇ ਉਚੇ ਰੈਂਕ ਹਾਸਲ ਕਰ ਸਕੀਆਂ ਹਨ। ਬੇਅੰਤ ਕੌਰ ਨੇ ਦੱਸਿਆ ਕਿ ਤਿੰਨ ਭੈਣਾਂ ਪ੍ਰੋਫੈਸਰ ਬਣਨਾ ਚਾਹੁੰਦੀਆਂ ਹਨ ਅਤੇ ਹੁਣ ਉਨ੍ਹਾਂ ਨੇ JRF ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਉਹ ਪੀ.ਐਚ.ਡੀ ਕਰਨਗੀਆਂ, ਉਨ੍ਹਾਂ ਦੱਸਿਆ ਕਿ ਆਸ ਹੈ ਕਿ ਤਿੰਨੋਂ ਭੈਣਾਂ ਪੀ.ਐਚ.ਡੀ ਵੀ ਇਕੱਠੀਆਂ ਹੀ ਕਰਨਗੀਆਂ।
ਉਨ੍ਹਾਂ ਦੀ ਮਾਤਾ ਮਨਜੀਤ ਕੌਰ ਖੇਤ ਮਜ਼ਦੂਰ ਹੈ, ਵੱਡਾ ਭਰਾ ਮੱਖਣ ਸਿੰਘ ਕਿਸੇ ਬਿਮਾਰੀ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਚੁੱਕਿਆ ਹੈ। ਪਿਤਾ ਬਿੱਕਰ ਸਿੰਘ ਗ੍ਰੰਥੀ ਹਨ, ਇਸੇ ਵਿੱਚ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਗ੍ਰੰਥੀ ਬਿੱਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਧੀਆਂ ਦੀ ਇਸ ਪ੍ਰਾਪਤੀ ’ਤੇ ਮਾਣ ਹੈ, ਬੇਸ਼ੱਕ ਉਹ ਜ਼ਿਆਦਾ ਪੜ੍ਹ-ਲਿਖ ਨਹੀਂ ਸਕੇ, ਪਰ ਧੀਆਂ ਨੇ ਜਦੋਂ ਪੜ੍ਹ-ਲਿਖਕੇ ਇਹ ਪ੍ਰੀਖਿਆ ਪਾਸ ਕੀਤੀ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।
ਇਸੇ ਦੌਰਾਨ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹੀ ਪੜ੍ਹਾਈ ਪ੍ਰਤੀ ਇਹ ਪ੍ਰਾਪਤੀ ਹੈ ਕਿ ਹੁਣ ਲੋੜਵੰਦ ਪਰਿਵਾਰਾਂ ਦੇ ਬੱਚੇ ਖੇਡਾਂ ਅਤੇ ਵਿਦਿਆ ਦੇ ਖੇਤਰ ਵਿੱਚ ਚੰਗੀਆਂ ਪ੍ਰਾਪਤੀਆਂ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਮਿਹਨਤ ਨੇ ਰੰਗ ਲਿਆਂਦਾ ਹੈ ਅਤੇ ਬੁਢਲਾਡਾ ਦੀਆਂ ਧੀਆਂ ਹੋਰਨਾਂ ਬੱਚਿਆਂ ਲਈ ਵੀ ਪ੍ਰੇਰਨਾ ਸ੍ਰੋਤ ਬਣਨਗੀਆਂ।