Babushahi Special ਲਹਿਰਾ ਥਰਮਲ ਦੇ ਫਾਟਕੀ ਅੜਿੱਕੇ ਨੇ ਬਠਿੰਡਾ -ਚੰਡੀਗੜ੍ਹ ਸੜਕ ਤੇ ਤੇਜ਼ ਰਫਤਾਰ ਦੀ ਸੰਘੀ ਘੁੱਟੀ
ਅਸ਼ੋਕ ਵਰਮਾ
ਬਠਿੰਡਾ, 28 ਜੁਲਾਈ 2025: ਬਠਿੰਡਾ-ਚੰਡੀਗੜ੍ਹ ਕੌਮੀ ਸੜਕ ਮਾਰਗ ਨੰਬਰ 7 ’ਤੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਾਲੇ ਰੇਲਵੇ ਫਾਟਕ ਦੇ ਬੰਦ ਹੋਣ ਸਮੇਂ ਆਵਾਜਾਈ ਦੇ ਮਾਮਲੇ ’ਚ ਲੋਕ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ ਪਰ ਐਨਐਚਏਆਈ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰਅ ਨਹੀਂ ਸਰਕ ਰਹੀ ਹੈ। ਖਾਸ ਤੌਰ ਤੇ ਝੋਨੇ ਦੇ ਸੀਜ਼ਨ ਦੌਰਾਨ ਜਾਂ ਫਿਰ ਸੀਮਿੰਟ ਨੂੰ ਹੋਰਨਾਂ ਥਾਵਾਂ ਤੇ ਭੇਜਣ ਮੌਕੇ ਤਾਂ ਇਹ ਫਾਟਕੀ ਅੜਿੱਕਾ ਆਵਾਜਾਈ ਦੀ ਤੇਜ ਰਫਤਾਰ ਨੂੰ ਅਜਿਹੀਆਂ ਬਰੇਕਾਂ ਲਾਉਂਦਾ ਹੈ ਕਿ ਦੁਖੀ ਲੋਕ ਇਸ ਤਰਫ ਆਉਣ ਤੋ ਕੰਨ ਫੜਨ ਲੱਗਦੇ ਹਨ। ਇਹ ਫਾਟਕ ਲਹਿਰਾ ਥਰਮਲ ਅਤੇ ਸੀਮੈਂਟ ਫੈਕਟਰੀ ਨੂੰ ਜਾਣ ਵਾਲੀ ਰੇਲਵੇ ਲਾਈਨ ’ਤੇ ਬਣਿਆ ਹੋਇਆ ਹੈ। ਜਦੋਂ ਇਸ ਸੜਕ ਨੂੰ ਚਹੁੰਮਾਰਗੀ ਕਰਨ ਦਾ ਕੰਮ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਇਸ ਫਾਟਕ ਦੇ ਉੱਪਰ ਦੀ ਫਲਾਈਓਵਰ ਬਣਨ ਦੀ ਆਸ ਬੱਝੀ ਸੀ।

ਸੜਕ ਦੇ ਮੁਕੰਮਲ ਹੋਣ ਤੱਕ ਸਿਰਫ ਇਸ ਫਾਟਕ ਨੂੰ ਛੱਡਕੇ ਕੋਈ ਅੜਿੱਕਾ ਬਾਕੀ ਨਹੀਂ ਰਹਿ ਗਿਆ ਤਾਂ ਜੋ ਲੋਕ ਫਲਾੲਓਵਰ ਦੀ ਉਮੀਦ ਲਾਈ ਬੈਠੇ ਸਨ ਤਾਂ ਉਨ੍ਹਾਂ ਦੀਆਂ ਆਸਾਂ ਤੇ ਬਿਜਲੀ ਡਿੱਗ ਪਈ। ਹੁਣ ਜਦੋਂ ਵੀ ਥਰਮਲ ਪਲਾਂਟ ਅਤੇ ਸੀਮੈਂਟ ਫੈਕਟਰੀ ’ਚ ਉਤਪਾਦਨ ਦਾ ਕੰਮ ਤੇਜ਼ੀ ਫੜ੍ਹਦਾ ਹੈ ਤਾਂ ਦੋਵਾਂ ਪਲਾਟਾਂ ਲਈ ਰੋਜ਼ਾਨਾ ਕੋਲੇ ਦੇ ਰੈਕ ਆਉਂਦੇ ਹਨ ਅਤੇ ਖਾਲੀ ਹੋਣ ਬਾਅਦ ਵਾਪਿਸ ਵੀ ਪਰਤਦੇ ਹਨ। ਮਹੱਤਵਪੂਰਨ ਇਹ ਵੀ ਹੈ ਕਿ ਇੱਥੇ ਤਿਆਰ ਹੋਇਆ ਸੀਮੈਂਟ ਦੇਸ਼ ਦੇ ਹੋਰਨਾਂ ਭਾਗਾਂ ’ਚ ਵੀ ਰੇਲਵੇ ਰੈਕਾਂ ਰਾਹੀਂ ਹੀ ਜਾਂਦਾ ਹੈ। ਇਹੋ ਕਾਰਨ ਹੈ ਕਿ ਰੇਲਵੇ ਰੈਕਾਂ ਦੀ ਸੰਘਣੀ ਆਵਾਜਾਈ ਕਰਕੇ ਰੇਲਵੇ ਫਾਟਕ ਅਕਸਰ ਬੰਦ ਕਰਨਾ ਪੈਂਦਾ ਹੈ ਜਿਸ ਕਾਰਨ ਦੋਵੀਂ ਪਾਸੀ ਗੱਡੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਅਕਸਰ ਦੇਖੀਆਂ ਜਾ ਸਕਦੀਆਂ ਹਨ ਜਿੰਨ੍ਹਾਂ ਵਿੱਚ ਮੰਤਰੀਆਂ ਅਤੇ ਅਫਸਰਾਂ ਦੀਆਂ ਕਾਰਾਂ ਵਗੈਰਾ ਵੀ ਹੁੰਦੀਆਂ ਹਨ।
ਇਸ ਮਾਮਲੇ ਦਾ ਗੰਭੀਰ ਪਹਿਲੂ ਇਹ ਵੀ ਹੈ ਕਿ ਕਈ ਵਾਰ ਤਾਂ ਜਾਮ ਵਿੱਚ ਮਰੀਜ਼ਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਵੀ ਫਸ ਜਾਂਦੀਆਂ ਹਨ ਪਰ ਕੋਈ ਵੀ ਅਧਿਕਾਰੀ ਪ੍ਰਵਾਹ ਨਹੀਂ ਕਰਦਾ ਹੈ। ਇੱਕ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦੇ ਡਰਾਈਵਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਜਦੋਂ ਦੇਰ ਬਾਅਦ ਫਾਟਕ ਖੁਲ੍ਹਦਾ ਹੈ ਤਾਂ ਉਨ੍ਹਾਂ ਤੇ ਸਭ ਤੋਂ ਵੱਧ ਦਬਾਅ ਇਸ ਥਾਂ ਤੇ ਖਰਾਬ ਹੋਏ ਟਾਈਮ ਨੂੰ ਕਵਰ ਕਰਨ ਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮਜਬੂਰੀ ਵੱਸ ਗੱਡੀਆਂ ਭਜਾਉਣੀਆਂ ਪੈਂਦੀਆਂ ਜਿਸ ਕਰਕੇ ਹਾਦਸਾ ਵਾਪਰਨ ਦੇ ਡਰੋਂ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ ਅਤੇ ਕਈ ਵਾਰ ਤਾਂ ਐਕਸੀਡੈਂਟ ਹੋ ਵੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਸੜਕ ਮਾਰਗ ਅਥਾਰਟੀ ਰੋਜਾਨਾ ਇਸ ਸੜਕ ਤੇ ਬਣੇ ਟੋਲ ਪਲਾਜਿਆਂ ਰਾਹੀਂ ਆਮ ਲੋਕਾਂ ਦੀਆਂ ਜੇਬਾਂ ਚੋਂ ਕਰੋੜਾਂ ਰੁਪਏ ਕੱਢਦੀ ਹੈ ਪਰ ਸਹੂਲਤਾਂ ਨਹੀਂ ਦਿੰਦੀ ਹੈ ਜੋ ਚਿੰਤਾਜਨਕ ਹੈ।
ਗੌਰਤਲਬ ਹੈ ਕਿ ਇਹ ਮਾਰਗ ਸ੍ਰੀ ਗੰਗਾਨਗਰ, ਡੱਬਵਾਲੀ, ਹਨੂੰਮਾਨਗੜ੍ਹ, ਅਬੋਹਰ, ਮਲੋਟ, ਬਠਿੰਡਾ ਸਮੇਤ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਨੂੰ ਪਟਿਆਲਾ, ਲੁਧਿਆਣਾ, ਚੰਡੀਗੜ੍ਹ ਸਮੇਤ ਹਿਮਾਚਲ ਅਤੇ ਹਰਿਆਣਾ ਨਾਲ ਜੋੜਦਾ ਹੈ। ਇਸ ਰਸਤੇ ’ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਵੱਡੇ-ਛੋਟੇ ਵਾਹਨਾਂ ਦੀ ਦਿਨ-ਰਾਤ ਦੀ ਆਵਾਜਾਈ ਹੈ। ਇਹ ਸੜਕ ਐਨੀ ਰੁਝੇਵਿਆਂ ਭਰੀ ਹੈ ਕਿ ਇਸ ਤੇ ਅੱਖ ਦੇ ਫੋਰੇ ’ਚ ਗੱਡੀਆਂ ਲੰਘਦੀਆਂ ਰਹਿੰਦੀਆਂ ਹਨ ਜਿੰਨ੍ਹਾਂ ਦੀ ਗਿਣਤੀ ਕਰਨੀ ਔਖੀ ਹੋ ਜਾਂਦੀ ਹੈ। ਲੋਕ ਆਖਦੇ ਹਨ ਕਿ ਜਦੋਂ ਪੂਰੇ ਮੁਲਕ ’ਚ ਰੇਲ ਵਿਭਾਗ ਰੇਲੇਵੇ ਲਾਈਨਾਂ ਦਾ ਬਿਜਲੀਕਰਨ ਕਰ ਰਿਹਾ ਹੈ ਅਤੇ ਲਾਈਨ ਨੂੰ ਕਰਾਸ ਕਰਨ ਵਾਲੀਆਂ ਸੰਪਰਕ ਸੜਕਾਂ ਅਤੇ ਖੇਤਾਂ ਵਾਲੇ ਰਸਤਿਆਂ ਨੂੰ ਬੰਦ ਕਰਕੇ ਜ਼ਮੀਨਦੋਜ਼ ਪੁਲ ਤਿਆਰ ਕੀਤੇ ਜਾ ਰਹੇ ਹਨ ਫਿਰ ਵੀ ਪਤਾ ਨਹੀਂ ਕਿਉਂ ਅਧਿਕਾਰੀ ਇਸ ਸੜਕ ਤੇ ਫਲਾਈਓਵਰ ਦੀ ਉਸਾਰੀ ਕਰਵਾਉਣ ਤੋਂ ਪਾਸਾ ਵੱਟੀ ਬੈਠੇ ਹਨ।
ਕੇਂਦਰ ਸਰਕਾਰ ਫਲਾਈਓਵਰ ਬਣਾਏ
ਲਹਿਰਾ ਮੁਹੱਬਤ ਥਰਮਲ ਪਲਾਂਟ ’ਚ ਸੇਵਾ ਨਿਭਾ ਰਹੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਜਗਸੀਰ ਸਿੰਘ ਭੰਗੂ ਦਾ ਕਹਿਣਾ ਹੈ ਕਿ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਬਠਿੰਡਾ-ਚੰਡੀਗੜ੍ਹ ਰੋਡ ’ਤੇ ਭਾਰੀ ਟੋਲ ਟੈਕਸ ਵਸੂਲ ਰਹੀ ਹੈ ਤਾਂ ਇਸ ਜਗ੍ਹਾ ਫਲਾਈਓਵਰ ਕਿਉਂ ਨਹੀਂ ਬਣਾਉਂਦੀ ਜਦੋਂਕਿ ਇਸੇ ਸੜਕ ’ਤੇ ਅੱਧਾ ਕਿਲੋਮੀਟਰ ਦੀ ਦੂਰੀ ’ਚ ਤਪਾ ਮੰਡੀ ਲਾਗੇ ਦੋ ਓਵਰ ਬਰਿੱਜ ਬਣਾਏ ਗਏ ਹਨ। ਮੁਲਾਜ਼ਮ ਆਗੂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਤੋਂ ਮੰਗ ਮੰਗ ਕੀਤੀ ਕਿ ਰੇਲਵੇ ਵਿਭਾਗ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਰਾਹੀਂ ਇਸ ਫਾਟਕ ’ਤੇ ਓਵਰ ਬਰਿੱਜ ਬਨਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਨਿੱਤ ਦੀ ਮੁਸ਼ਕਿਲ ਹੱਲ ਹੋ ਸਕੇ।
ਹਾਦਸਿਆਂ ਦਾ ਹਾਈਵੇਅ ਬਣਿਆ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸਮਾਂ ਖਰਾਬ ਹੋਣ ਕਾਰਨ ਜਦੋਂ ਲੋਕ ਆਪਣੀ ਗੱਡੀ ਦੀ ਰਫਤਾਰ ਆਮ ਨਾਲੋਂ ਵਧਾਉਂਦੇ ਹਨ ਤਾਂ ਅਕਸਰ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਐਨਐਚਏਆਈ ਦੀ ਲਾਪਰਵਾਹੀ ਕਾਰਨ ਬਠਿੰਡਾ ਚੰਡੀਗੜ੍ਹ ਸੜਕ ਹਾਦਸਿਆਂ ਦਾ ਹਾਈਵੇਅ ਬਣਦੀ ਜਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਫਾਟਕ ਤੇ ਤੁਰੰਤ ਫਲਾਈਓਵਰ ਦੀ ਉਸਾਰੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ।
ਅਫਸਰ ਨੇ ਫੋਨ ਨਹੀਂ ਚੁੱਕਿਆ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਐਨਐਚਏਆਈ ਬਠਿੰਡਾ ਦੇ ਪ੍ਰਜੈਕਟ ਅਫਸਰ ਵਿਪੁਲ ਗੁਪਤਾ ਨੇ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ।