Babushahi Special: ਲੈਂਡ ਪੂਲਿੰਗ ਨੀਤੀ: ਜਦੋਂ ਹੌਂਸਲਾ ਕਰ ਲਿਆ ਉੱਚੀ ਉਡਾਨ ਦਾ ਤਾਂ ਫੇਰ ਕੱਦ ਕੀ ਦੇਖਣਾ ਅਸਮਾਨ ਦਾ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2025: ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ਖਿਲਾਫ ਹੁਣ ਨਵੇਂ ਕਿਸਾਨ ਅੰਦੋਲਨ ਦਾ ਅੰਦਰੋ ਅੰਦਰੀ ਤਕੜਾ ਮੁੱਢ ਬੱਝਣ ਲੱਗਿਆ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕੁੱਝ ਰਾਹਤ ਦੇਕੇ ਕਿਸਾਨਾਂ ਤੇ ਠੰਢਾ ਛਿੜਕਣ ਲੱਗੀ ਹੈ ਪਰ ਜਮੀਨਾਂ ਖੁੱਸਣ ਦੇ ਡਰੋਂ ਕਿਸਾਨ ਲਾਮਬੰਦ ਹੋਣ ਲੱਗੇ ਹਨ ਜਿੰਨ੍ਹਾਂ ’ਚ ਕਿਸਾਨਾਂ ਦੇ ਘਰਾਂ ਦੀਆਂ ਔਰਤਾਂ ਵੀ ਸ਼ਾਮਲ ਹਨ। ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਸੈਕੜਿਆਂ ਦੀ ਗਿਣਤੀ ’ਚ ਔਰਤਾਂ ਜਮੀਨਾਂ ਦੀ ਰਾਖੀ ਲਈ ਸਰਗਰਮ ਹੋਈਆਂ ਹਨ। ਵੱਡੀ ਗੱਲ ਇਹ ਵੀ ਹੈ ਕਿ ਖੇਤੀ ਸੰਕਟ ਦੀ ਸਭ ਤੋਂ ਵੱਧ ਮਾਰ ਪੈਣ ਕਰਕੇ ਹੁਣ ਪੈਲੀਆਂ ਤੇ ਆਏ ਸੰਕਟ ਨੂੰ ਠੱਲ੍ਹ ਪਾਉਣ ਲਈ ਔਰਤਾਂ ਅੱਗੇ ਆਈਆਂ ਹਨ। ਹਾਲਾਂਕਿ ਕਿਸਾਨ ਬੀਬੀਆਂ ਨੂੰ ਪੁਲਿਸ ਦੀਆਂ ਡਾਂਗਾਂ ਵੀ ਝੱਲਣੀਆਂ ਪਈਆਂ ਤੇ ਜੇਲ੍ਹ ਵੀ ਜਾਣਾ ਪਿਆ ਪਰ ਉਨ੍ਹਾਂ ਹਮੇਸ਼ਾ ਹੀ ਕਿਸਾਨੀ ਸੰਘਰਸ਼ਾਂ ਨੂੰ ਤਰਜੀਹ ਦਿੱਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਤੁਰੀਆਂ ਇੰਨ੍ਹਾਂ ਸੰਘਰਸ਼ੀ ਔਰਤਾਂ ਦਾ ਇੱਕੋ ਮਿਸ਼ਨ ਹੈ ਕਿ ਕਿਸਾਨਾਂ ਦੀਆਂ ਜਮੀਨਾਂ ’ਤੇ ਧੱਕੇ ਨਾਲ ਕਬਜਾ ਨਹੀਂ ਹੋਣ ਦੇਣਾ ਹੈ। ਜੱਥੇਬੰਦੀ ਦੇ ਔਰਤ ਵਿੰਗ ਦੀ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਹਰਿੰਦਰ ਬਿੰਦੂ ਪੈਲੀਆਂ ਤੇ ਆਏ ਸੰਕਟ ਪ੍ਰਤੀ ਜਾਗਰੂਕ ਕਰਨ ਲਈ ਪਿੰਡ-ਪਿੰਡ ਘੁੰਮ ਰਹੀ ਹੈ। ਬਿੰਦੂ ਪਿੰਡ ਸੇਵੇਵਾਲਾ ਕਾਂਡ ’ਚ ਮਾਰੇੇ ਗਏ ਮੇਘ ਰਾਜ ਭਗਤੂਆਣਾ ਦੀ ਧੀਅ ਹੈ। ਮੇਘ ਰਾਜ ਨੇ ਉਸ ਨੂੰ ਅਜਿਹਾ ਰਾਹ ਦਿਖਾਇਆ ਜਿਸ ਤੇ ਚੱਲਦਿਆਂ ਉਹ ਔਰਤਾਂ ਨੂੰ ਹੰਝੂ ਛੱਡਕੇ ਹਕੂਮਤਾਂ ਤੋਂ ਹੱਕ ਮੰਗਣ ਦੇ ਗੁਰ ਸਿਖਾਉਂਦੀ ਹੈ। ਜਦੋਂ ਬਿੰਦੂ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਨਫਾ ਨੁਕਸਾਨ ਦੱਸਦੀ ਹੈ ਤਾਂ ਸੁਣਨ ਵਾਲਿਆਂ ਦੇ ਅੰਦਰ ਰੋਹ ਦਾ ਲਾਵਾ ਫੁੱਟਣ ਲੱਗਦਾ ਹੈ। ਬਿੰਦੂ ਆਖਦੀ ਹੈ ਕਿ ਜੇਕਰ ਅਣਖ ਨਾਲ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ।
ਸਧਾਰਨ ਪ੍ਰੀਵਾਰ ਨਾਲ ਸਬੰਧਤ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਦਾ ਫਲਸਫਾ ਹੈ ਕਿ ਜਮੀਨਾਂ ਬਚਾਉਣ ਖਾਤਰ ਔਰਤਾਂ ਨੂੰ ਘਰੋਂ ਨਿਕਲਣਾ ਪੈਣਾ ਹੈ । ਔਰਤਾਂ ਨੂੰ ਲਾਮਬੰਦ ਕਰਨ ਮੌਕੇ ਉਹ ਸਮਝਾਉਂਦੀ ਹੈ ਕਿ ਸਿਆਸੀ ਲੋਕਾਂ ਤੋਂ ਝਾਕ ਛੱਡਣੀ ਪਵੇਗੀ ਅਤੇ ਸੰਘਰਸ਼ ਦੇ ਰਾਹ ਪੈਣਾ ਹੁਣ ਮਜਬੂਰੀ ਬਣ ਗਿਆ ਹੈ। ਦੱਸਦੇ ਹਨ ਕਿ ਹਰਪ੍ਰੀਤ ਕੌਰ ਨੂੰ ਉਸ ਦੀ ਸੱਸ ਨੇ ਆਪਣੀ ਚੁੰਨੀ ਦੇਣ ਮੌਕੇ ਕਿ ‘ਧੀਏ ਹੁਣ ਤੂੰ ਇਸ ਦੀ ਲਾਜ ਰੱਖਣੀ ਹੈ। ਸੱਸ ਤਾਂ ਆਪਣਾ ਸਫਰ ਮੁਕਾਕੇ ਚਲੀ ਗਈ ਪਰ ਹਰਪ੍ਰੀਤ ਕੌਰ ਚੁੰਨੀ ਨੂੰ ਮਸ਼ਾਲ ਸਮਝਦੀ ਹੈ। ਜੇਲ੍ਹ ਅਤੇ ਇਰਾਦਾ ਕਤਲ ਕੇਸ ਦਾ ਸਾਹਮਣਾ ਕਰ ਚੁੱਕੀ ਹਰਪ੍ਰੀਤ ਕੌਰ ਬਹੁਤ ਵਧੀਆ ਬੁਲਾਰਾ ਹੈ। ਇੱਕ ਵਾਰ ਕਿਸਾਨ ਖੁਦਕਸ਼ੀਆਂ ਤੋਂ ਸ਼ੁਰੂ ਕਰਕੇ ਉਸਨੇ ਆਪਣਾ ਭਾਸ਼ਣ ਸਾਮਰਾਜੀ ਨੀਤੀਆਂ ’ਤੇ ਖਤਮ ਕੀਤਾ ਤਾਂ ਸੀਆਈਡੀ ਦੇ ਅਫਸਰ ਵੀ ਦੰੰਗ ਰਹਿ ਗਏ ਸਨ।
ਬਠਿੰਡਾ ਜਿਲ੍ਹੇ ਦੇ ਪਿੰਡ ਕੋਠਾ ਗੁਰੂ ਦੀ ਮਾਲਣ ਕੌਰ ਵੀ ਪੈਲੀਆਂ ਬਚਾਉਣ ਦੀ ਜੰਗ ’ਚ ਸ਼ਾਮਲ ਹੈ। ਸਧਾਰਨ ਪਹਿਰਾਵੇ ’ਚ ਜਦੋਂ ਮਾਲਣ ਕੌਰ ਸਟੇਜ ਤੋਂ ਗਰਜਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਮਾਲਣ ਕੌਰ ਆਖਦੀ ਹੈ ਕਿ ਜਮੀਨ ਤਾਂ ਜੱਟ ਦੀ ਮਾਂ ਹੈ ਜਿਸ ਪਿੱਛੇ ਕਤਲ ਹੋ ਜਾਂਦੇ ਹਨ ਤਾਂ ਫਿਰ ਕੋਈ ਜਮੀਨਾਂ ਕਿੱਦਾਂ ਛੱਡ ਸਕਦਾ ਹੈ। ਉਸਨੇ ਕਿਹਾ ਕਿ ਜਮੀਨ ਇਕੱਲੀ ਰੋਟੀ ਨਹੀਂ ਇਸ ਨਾਲ ਵਿਆਹ ਸ਼ਾਦੀਆਂ ਅਤੇ ਸਮਾਜਿਕ ਤੰਦਾਂ ਜੁੜੀਆਂ ਹਨ। ਉਸ ਨੇ ਕਿਹਾ ਕਿ ਪੇਂਡੂ ਔਰਤਾਂ ਨੂੰ ਮੌਜੂਦਾ ਹਾਲਾਤਾਂ ਪ੍ਰਤੀ ਚੇਤਨ ਕਰਨਾ ਜਰੂਰੀ ਹੈ। ਮਾਲਣ ਕੌਰ ਦੇ ਦਿਲ ’ਚ ਕਿਸਾਨਾਂ ਮਜਦੂਰਾਂ ਲਈ ਦਰਦ ਹੈ। ਉਸ ਨੇ ਕਿਹਾ ਕਿ ਜਮੀਨਾਂ ਦੇ ਸੰਕਟ ਦਾ ਸਭ ਤੋਂ ਵੱਧ ਸੰਤਾਪ ਪੇਂਡੂ ਔਰਤਾਂ ਨੂੰ ਭੋਗਣਾ ਪਵੇਗਾ ਜੋਕਿ ਪਹਿਲਾਂ ਹੀ ਵੱਡੀ ਮਾਰ ਝੱਲ ਰਹੀਆਂ ਹਨ।
ਜਮੀਨਾਂ ਬਚਾਉਣ ਲਈ ਸ਼ੁਰੂ ਹੋਈ ਲੜਾਈ ਵਿੱਚ ਕਿਸਾਨ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਸੁਆਲ ਕਰਦੀ ਹੈ ਕਿ ਕੀ ਪੰਜਾਬ ਸਰਕਾਰ ਨੂੰ ਅੰਦਾਜਾ ਹੈ ਕਿ ਲੈਂਡ ਪੂਲਿੰਗ ਨੀਤੀ ਰਾਹੀਂ ਪੇਂਡੂ ਭਾਈਚਾਰਾ ਉਜਾੜਨ ਦਾ ਕੀ ਅਰਥ ਹੈ ਜਾਂ ਫਿਰ ਅੰਤ ਵਿੱਚ ਇਸਦੇ ਕਿਹੋ ਜਿਹੇ ਸਿੱਟੇ ਨਿਕਲਣਗੇ। ਬਠਿੰਡਾ ਜਿਲ੍ਹੇ ਦੀਆਂ ਔਰਤ ਆਗੂਆਂ ਪਰਮਜੀਤ ਕੌਰ ਪਿੱਥੋ ਅਤੇ ਸੁਖਜੀਤ ਕੌਰ ਨੇ ਆਖਿਆ ਕਿ ਸਰਕਾਰ ਰਿਹਾਇਸ਼ੀ ਤੇ ਵਪਾਰਕ ਪਲਾਟਾਂ ਦਾ ਛੋਟਾ ਜਿਹਾ ਟੁਕੜਾ ਦੇ ਕੇ ਕਿਸਾਨਾਂ ਦੀ ਜ਼ਮੀਨ ਤੇ ਰੋਜ਼ੀ-ਰੋਟੀ ਖੋਹਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿ ਕਿਸਾਨਾਂ ਦੀ ਨੀਂਦ ਗੁਆਚ ਗਈ ਹੈ ਜਦੋਂਕਿ ਸਰਕਾਰ ਫਾਇਦੇ ਗਿਣਾ ਰਹੀ ਹੈ ਜੋਕਿ ਮਨਜੂਰ ਨਹੀਂ ਕੀਤੇ ਜਾ ਸਕਦੇ ਹਨ। ਇੰਨ੍ਹਾਂ ਔਰਤ ਆਗੂਆਂ ਦਾ ਕਹਿਣਾ ਹੈ ਕਿ ਅਸਾਨੂੰ ਪੈਲੀਆਂ ਖਾਤਰ ਲੰਮੀ ਲੜਾਈ ਲੜਨੀ ਪਵੇਗੀ ਜਿਸ ਲਈ ਅਸੀਂ ਤਿਆਰ ਹਾਂ।’
ਔਰਤਾਂ ਨੂੰ ਅੱਗੇ ਆਉਣ ਦੀ ਅਪੀਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੱਥੇਬੰਦੀ ਦੇ ਔਰਤ ਵਿੰਗ ਦੀ ਕਿਸਾਨ ਸੰਘਰਸ਼ਾਂ ’ਚ ਵੱਡੀ ਭੂਮਿਕਾ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ‘ਲੈਂਡ ਪੂਲਿੰਗ ਨੀਤੀ’ ਖਿਲਾਫ ਲੜਾਈ ਵਿੱਚ ਵੀ ਰਹੇਗੀ। ਉਨ੍ਹਾਂ ਕਿਹਾ ਕਿ ਔਰਤਾਂ ’ਚ ਜਜਬਾ ਤੇ ਹਿੰਮਤ ਦੋਵੇਂ ਹਨ ਸਿਰਫ ਲਾਮਬੰਦੀ ਦੀ ਜਰਰੂਤ ਹੈ ਜੋ ਜੱਥੇਬੰਦੀ ਦੀਆਂ ਔਰਤ ਆਗੂ ਕਰ ਰਹੀਆਂ ਹਨ। ਕਿਸਾਨ ਆਗੂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਪੈਲੀਆਂ ਬਚਾਉਣ ਲਈ ਅੱਗੇ ਆਉਣ ਤਾਂ ਜੋ ਸਰਕਾਰ ਦੀ ਇਸ ਕਿਸਾਨ ਵਿਰੋਧੀ ਨੀਤੀ ਨੂੰ ਭਾਂਜ ਦਿੱਤੀ ਜਾ ਸਕੇ।