ਨਹਿਰ 'ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਗੱਡੀ, 2 ਬੱਚਿਆਂ ਸਮੇਤ 4 ਦੀ ਮੌਤ
ਰਵਿੰਦਰ ਸਿੰਘ
ਖੰਨਾ, 28 ਜੁਲਾਈ 2025 : ਖੰਨਾ ਨੇੜੇ ਨਹਿਰ ਪੁਲ ਜਗੇੜਾ ਕੋਲ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਸ਼ਰਧਾਲੂਆਂ ਨਾਲ ਭਰਿਆ ਇੱਕ ਵਾਹਨ ਨਹਿਰ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਾਹਨ ਵਿੱਚ 10 ਤੋਂ 15 ਸ਼ਰਧਾਲੂ ਸਵਾਰ ਸਨ, ਜੋ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਮਾਲੇਰਕੋਟਲਾ ਵਾਪਸ ਜਾ ਰਹੇ ਸਨ। ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਸਵੇਰੇ 2 ਵਜੇ ਤੱਕ ਜਾਰੀ ਰਹੇ। ਹੁਣ ਤੱਕ ਹਾਦਸੇ ਵਿੱਚ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਦੀ ਖ਼ਬਰ ਹੈ। ਫਿਲਹਾਲ 3 ਤੋਂ 4 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ, ਸ਼ਰਧਾਲੂ ਰਾੜਾ ਸਾਹਿਬ ਤੋਂ ਜਗੇੜਾ ਪੁਲ ਰਾਹੀਂ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਵਾਹਨ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗਾ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਅਤੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ।
ਫਿਲਹਾਲ, ਪੁਲਿਸ ਅਤੇ ਬਚਾਅ ਦਲ ਵੱਲੋਂ ਨਹਿਰ ਵਿੱਚ ਡਿੱਗੇ ਸ਼ਰਧਾਲੂਆਂ ਨੂੰ ਬਾਹਰ ਕੱਢਣ ਲਈ ਵੱਡੇ ਪੱਧਰ 'ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਕਈ ਸ਼ਰਧਾਲੂਆਂ ਦੇ ਨਹਿਰ ਵਿੱਚ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।