ਜਲੰਧਰ: ਆਕਸੀਜਨ ਦੀ ਸਪਲਾਈ ਰੁਕਣ ਕਾਰਨ 3 ਮਰੀਜ਼ਾਂ ਦੀ ਮੌਤ ਮਾਮਲੇ ਭਾਜਪਾ ਨੇ ਸਰਕਾਰ ਨੂੰ ਘੇਰਿਆ
ਕੀ ਇਹੀ ਹੈ ਕੇਜਰੀਵਾਲ ਅਤੇ ਭਗਵੰਤ ਮਾਨ ਦਾ "ਬਦਲਾਅ"? ਜਿੱਥੇ ਆਕਸੀਜਨ ਦੇ ਬਿਨਾਂ ਲੋਕ ਮਰਦੇ ਹਨ - ਭਾਜਪਾ
ਚੰਡੀਗੜ, 28 ਜੁਲਾਈ 2025- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਰੁਕਣ ਕਾਰਨ ਤਿੰਨ ਮਰੀਜ਼ਾਂ ਦੀ ਹੋਈ ਮੌਤ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।
ਇਸ ਮਾਮਲੇ ਤੇ ਸਖ਼ਤ ਨਿਖੇਧੀ ਕਰਦੇ ਹੋਏ ਰਾਕੇਸ਼ ਨੇ ਕਿਹਾ ਹੈ ਕਿ ਇਹ ਘਟਨਾ ਸਿਰਫ਼ ਤਕਨੀਕੀ ਗਲਤੀ ਨਹੀਂ, ਸਗੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਬੇਹੱਦ ਲਾਪਰਵਾਹੀ ਅਤੇ ਨਾਕਾਮੀ ਦਾ ਜਿਉਂਦਾ ਜਾਗਦਾ ਸਬੂਤ ਹੈ।
ਇੱਕ ਪਾਸੇ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਉਹ ਸਿਹਤ ਕ੍ਰਾਂਤੀ ਲਿਆ ਰਹੀ ਹੈ, ਪਰ ਦੂਜੇ ਪਾਸੇ ਜਲੰਧਰ ਦੇ ਹਸਪਤਾਲ 'ਚ ਮਰੀਜ਼ ਆਕਸੀਜਨ ਦੀ ਬੰਦ ਹੋਣ ਕਰਕੇ ਤੜਫ ਤੜਫ ਕੇ ਜਾਨ ਗਵਾ ਰਹੇ ਹਨ।
ਇਸ ਨੂੰ ਇੱਕ ਲਾਪਰਵਾਹੀ ਨਹੀਂ ਸਰਕਾਰ ਦੀ ਬਹੁਤ ਵੱਡੀ ਅਣਗਹਿਲੀ ਕਹਿ ਸਕਦੇ ਹਾਂ ਕਿਉਂਕਿ ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਆਕਸੀਜਨ ਲਈ ਆਏ ਸੀ, ਪਰ ਅਫ਼ਸੋਸ ਹੈ ਕਿ ਹਸਪਤਾਲ ਵਿੱਚ ਹੀ ਆਕਸੀਜਨ ਪਲਾਂਟ ਵਿੱਚ ਖਰਾਬੀ ਆਉਣ ਕਰਕੇ ਹੀ 3 ਮਰੀਜ਼ਾ ਦੀ ਮੌਤ ਹੋ ਗਈ, ਇਨ੍ਹਾਂ ਮੌਤਾਂ ਦੇ ਲਈ ਸਿੱਧੇ ਤੌਰ ਤੇ ਸਰਕਾਰ ਦੇ ਮਾੜੇ ਪ੍ਰਬੰਧ ਜ਼ਿੰਮੇਵਾਰ ਹੈ।
ਰਾਕੇਸ਼ ਰਾਠੌਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਆਂਕ ਜਾਂਚ ਹੋਵੇ, ਜਿੰਮੇਵਾਰ ਡਾਕਟਰਾਂ ਅਤੇ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਹੋਵੇ। ਆਖਿਰ ਚ ਰਾਠੌਰ ਨੇ ਸਵਾਲ ਕੀਤਾ, ਕੀ ਇਹੀ ਹੈ ਕੇਜਰੀਵਾਲ ਅਤੇ ਭਗਵੰਤ ਮਾਨ ਦਾ "ਬਦਲਾਅ"? ਜਿੱਥੇ ਆਕਸੀਜਨ ਦੇ ਬਿਨਾਂ ਲੋਕ ਮਰਦੇ ਹਨ, ਅਤੇ ਸਰਕਾਰ ਸਿਰਫ਼ ਇਸ਼ਤਿਹਾਰਾਂ 'ਚ ਝੂਠੇ ਪ੍ਰਚਾਰ ਕਰ ਰਹੀ ਹੈ ?