Great News: ਜਰਮਨੀ 'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਲਗਾਈ ਤਗ਼ਮਿਆਂ ਦੀ ਹੈਟ੍ਰਿਕ
-ਭਾਰਤੀ ਖੇਡ ਦਲ ਦੇ ਕੁੱਲ ਛੇ ਤਗ਼ਮਿਆਂ ਵਿਚੋਂ ਅੱਧੇ ਤਗ਼ਮੇ ਆਏ ਪ੍ਰਨੀਤ ਕੌਰ ਦੇ ਹਿੱਸੇ
-ਖੇਡਾਂ ਦੇ ਖੇਤਰ ਵਿੱਚ
Great News: ਜਰਮਨੀ 'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਲਗਾਈ ਤਗ਼ਮਿਆਂ ਦੀ ਹੈਟ੍ਰਿਕ
ਬਿਹਤਰ ਪ੍ਰਾਪਤੀਆਂ ਲਈ ਪੰਜਾਬੀ ਯੂਨੀਵਰਸਿਟੀ ਕਰੇਗੀ ਹਰ ਸੰਭਵ ਯਤਨ: ਡਾ. ਜਗਦੀਪ ਸਿੰਘ
ਪਟਿਆਲਾ, 28 ਜੁਲਾਈ 2025- ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਜਰਮਨੀ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਤਿੰਨੇ ਰੰਗਾਂ ਦੇ ਤਗ਼ਮੇ ਪ੍ਰਾਪਤ ਕਰਦਿਆਂ ਹੈਟ੍ਰਿਕ ਲਗਾਈ ਹੈ। ਪ੍ਰਨੀਤ ਕੌਰ ਨੇ ਮਿਕਸਡ ਡਬਲਜ਼ ਸ਼੍ਰੇਣੀ ਵਿੱਚ ਸੋਨ ਤਗ਼ਮਾ ਅਤੇ ਮਹਿਲਾ ਕੰਪਾਊਂਡ ਸਿੰਗਲ ਸ਼੍ਰੇਣੀ ਵਿੱਚ ਚਾਂਦੀ ਤਗ਼ਮਾ ਜਿੱਤਿਆ ਹੈ। ਉਸ ਨੇ ਮਹਿਲਾ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਨੀਤ ਕੌਰ, ਕੋਚ ਸ੍ਰ. ਸੁਰਿੰਦਰ ਸਿੰਘ ਰੰਧਾਵਾ ਅਤੇ ਸਮੁੱਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੀ ਇਸ ਹੋਣਹਾਰ ਤੀਰਅੰਦਾਜ਼ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਅਜਿਹੇ ਸ਼ਾਨਦਾਰ ਇਤਿਹਾਸ ਦੀ ਲਗਾਤਾਰਤਾ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਲਈ ਲੋੜੀਂਦੇ ਮਾਹੌਲ ਦੀ ਸਿਰਜਣਾ ਬਾਬਤ ਹਰ ਸੰਭਵ ਯਤਨ ਕੀਤੇ ਜਾਣਗੇ।
ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਅਗਵਾਈ ਵਿੱਚ ਸਮੁੱਚੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਖੇਡ ਵਿਭਾਗ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੂਰੇ ਭਾਰਤੀ ਖੇਡ ਦਲ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਕੁੱਲ ਛੇ ਮੈਡਲ ਜਿੱਤੇ ਹਨ ਜਿਨ੍ਹਾਂ ਵਿੱਚ ਇੱਕ ਸੋਨ ਤਗ਼ਮਾ, ਦੋ ਚਾਂਦੀ ਤਗ਼ਮੇ ਅਤੇ ਤਿੰਨ ਕਾਂਸੀ ਤਗ਼ਮੇ ਸ਼ਾਮਿਲ ਹਨ। ਇਨ੍ਹਾਂ ਕੁੱਲ ਤਗ਼ਮਿਆਂ ਵਿੱਚੋਂ ਅੱਧੇ ਤਗ਼ਮੇ ਪ੍ਰਨੀਤ ਕੌਰ ਦੇ ਹਿੱਸੇ ਆਏ ਹਨ।