ਕਿਸਾਨਾਂ ਨੂੰ ਉੱਦਮੀ ਬਣਾ ਕੇ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ: ਰਾਣਾ ਗੁਰਜੀਤ ਸਿੰਘ
ਕਪੂਰਥਲਾ 27 ਜੁਲਾਈ, 2025 - ਕਪੂਰਥਲਾ ਤੋਂ ਕਾਂਗਰਸ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਜਦ ਤੱਕ ਪੰਜਾਬ ਦੇ ਕਿਸਾਨਾਂ ਨੂੰ ਉੱਦਮੀ ਕਾਰੋਬਾਰੀ ( Entrepreneurs) ਨਹੀਂ ਬਣਾਇਆ ਜਾਂਦਾ, ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਅਤੇ ਸਥਿਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ, “ਪੰਜਾਬ ਦੀ ਆਰਥਿਕਤਾ ਵੀ ਇਥੋਂ ਦੇ ਕਿਸਾਨੀ ਵਰਗ ਦੀ ਮਜ਼ਬੂਤ ਮਾਲੀ ਹਾਲਤ 'ਤੇ ਨਿਰਭਰ ਕਰਦੀ ਹੈ, ਇਸ ਲਈ ਕਿਸਾਨ ਦੀ ਆਰਥਿਕ ਹਾਲਤ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ।”
ਰਾਣਾ ਗੁਰਜੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਸਿਰਫ਼ ਖੇਤੀ ਤੱਕ ਸੀਮਿਤ ਨਾ ਰੱਖਣ, ਸਗੋਂ ਉਨ੍ਹਾਂ ਦੀ ਆਰਥਿਕ ਸੋਚ ਨੂੰ ਵਧਾਇਆ ਜਾਵੇ ਤਾਂ ਜੋ ਪੰਜਾਬ ਇੱਕ ਵਾਰ ਫਿਰ ਖੁਸ਼ਹਾਲੀ ਵੱਲ ਵਧ ਸਕੇ — ਖਾਸ ਕਰਕੇ ਫੂਡ ਪ੍ਰੋਸੈਸਿੰਗ ਅਤੇ ਮੁੱਲ ਵਾਧੇ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ।
ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਾਂ ਦੀ ਸੰਭਾਲ, ਕਾਰਖਾਨੇਦਾਰੀ ਅਤੇ ਮਾਰਕੀਟਿੰਗ ਨਾਲ ਸਬੰਧਤ ਟਰੇਨਿੰਗ ਦੇਣੀ ਚਾਹੀਦੀ ਹੈ, ਤਾਂ ਜੋ ਕਿਸਾਨ ਆਪਣੇ ਉਤਪਾਦ ਨੂੰ ਬਿਨਾਂ ਕਿਸੇ ਵਿਚੌਲੇ ਦੇ ਸਿੱਧਾ ਮਾਰਕੀਟ ਤੱਕ ਲੈ ਜਾ ਸਕਣ ਅਤੇ ਚੰਗੀ ਕੀਮਤ ਪ੍ਰਾਪਤ ਕਰ ਸਕਣ।
ਵਿਧਾਇਕ ਦੇ ਅਨੁਸਾਰ ਸਿਰਫ਼ ਘੱਟੋ-ਘੱਟ ਸਹਾਇਤਾ ਮੁੱਲ (MSP) ਵਧਾ ਦੇਣ ਨਾਲ ਕਿਸਾਨਾਂ ਦੀ ਭਲਾਈ ਨਹੀਂ ਹੋ ਸਕਦੀ, ਕਿਉਂਕਿ ਐਮ ਐੱਸ ਪੀ MSP ਦੇ ਕੇਵਲ ਥੋਸੇ ਫੈਸਲੇ ਨਾਲ ਕਿਸਾਨਾਂ ਨੂੰ ਕਿਸਾਨੀ ਵਿੱਚ ਹੋ ਰਹੀ ਮਹਿੰਗਾਈ — ਜਿਵੇਂ ਕਿ ਮਸ਼ੀਨਰੀ, ਬੀਜ, ਖਾਦ ਅਤੇ ਪਾਣੀ ਆਦਿ ਦੀਆਂ ਵਧ ਰਹੀਆਂ ਕੀਮਤਾਂ — ਤੋਂ ਬਚਾਇਆ ਨਹੀਂ ਜਾ ਸਕਦਾ। ਇਹਨਾਂ ਸਭ ਚੀਜ਼ਾਂ ਦੀ ਮਹਿੰਗਾਈ ਕਰਕੇ ਕਿਸਾਨਾਂ ਦੀ ਆਮਦਨ ਘੱਟ ਰਹਿ ਜਾਂਦੀ ਹੈ ਅਤੇ ਕਰਜ਼ਾ ਵਧਦਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਪਰਿਵਾਰਾਂ ਵਿੱਚ ਜ਼ਮੀਨ ਵੰਡ ਕਾਰਨ ਖੇਤੀਬਾੜੀ ਦੀ ਜ਼ਮੀਨ ਸੁਗੜ ਗਈ ਹੈ ਅਤੇ ਹੁਣ ਬਹੁਤੇ ਕਿਸਾਨ ਇਸ ਤਰ੍ਹਾਂ ਦੀਆਂ ਛੋਟੀ ਜ਼ਮੀਨਾਂ ਰਾਹੀਂ ਆਪਣੇ ਘਰਾਂ ਦੀ ਰੋਟੀ-ਰੋਜ਼ੀ ਵੀ ਠੀਕ ਤਰ੍ਹਾਂ ਨਹੀਂ ਚਲਾ ਸਕਦੇ।
ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖਤੀ ਰੂਪ ਵਿੱਚ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਉਦਯੋਗਿਕ ਤੇ ਵਪਾਰਕ ਸੋਚ ਵੱਲ ਲੈ ਕੇ ਜਾਣ ਲਈ ਇਕ ਰਣਨੀਤਮਕ ਯੋਜਨਾ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮੰਗ ਵੱਖ-ਵੱਖ ਸਰਕਾਰਾਂ ਦੇ ਦੌਰਾਨ ਲਗਾਤਾਰ ਉਠਾਈ ਹੈ ਅਤੇ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਲਈ ਉਹ ਹਮੇਸ਼ਾ ਸਰਗਰਮ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੇਵਲ ਉਤਪਾਦਨ ਹੀ ਨਹੀਂ, ਸਗੋਂ ਸੰਭਾਲ, ਸਟੋਰੇਜ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੀਆਂ ਸਿੱਖਲਾਈਆਂ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਉਹ ਆਪਣੇ ਉਤਪਾਦ ਨੂੰ ਬਿਹਤਰ ਢੰਗ ਨਾਲ ਵੇਚ ਸਕਣ ਅਤੇ ਵਧੀਆ ਕੀਮਤ ਪ੍ਰਾਪਤ ਕਰ ਸਕਣ।