ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਕਮੇਟੀ ਵੱਲੋਂ ਮਹਿਲ ਕਲਾਂ ਲੋਕ ਘੋਲ ਸਬੰਧੀ ਪ੍ਰਚਾਰ ਸਮੱਗਰੀ ਜਾਰੀ
ਅਸ਼ੋਕ ਵਰਮਾ
ਮਹਿਲਕਲਾਂ, 28 ਜੁਲਾਈ 2025: ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ/ਵਰਕਰਾਂ ਦੀ ਸਾਂਝੀ ਵਧਵੀਂ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਗੁਰਬਿੰਦਰ ਸਿੰਘ ਕਲਾਲਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਵਧਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮ ਕੁਮਾਰ, ਅਮਰਜੀਤ ਕੌਰ, ਹਰਪ੍ਰੀਤ ਨੇ ਕਿਹਾ ਕਿ ਗ਼ਦਰੀ ਗੁਲਾਬ ਕੌਰ ਦੀਆਂ ਵਾਰਸਾਂ ਸੰਸਾਰ ਦਾ ਅੱਧ ਔਰਤਾਂ ਨੂੰ ਐਕਸ਼ਨ ਕਮੇਟੀ ਮਹਿਲਕਲਾਂ ਨੇ 1997 ਵਿੱਚ 'ਭੈਣੋ ਰਲੋ ਭਰਾਵਾਂ ਸੰਗ-ਰਲ ਕੇ ਜਿੱਤੀਏ ਹੱਕੀ ਜੰਗ' ਦਾ ਸੁਨੇਹਾ ਦਿੱਤਾ ਸੀ ਤੇ ਅੱਜ ਦੀਆਂ ਮੌਜ਼ੂਦਾ ਚਣੌਤੀਆਂ ਨਾਲ ਨਜਿੱਠਣ ਲਈ ਉਸ ਸੁਨੇਹੇ ਦੀ ਮੱਹਤਤਾ ਹੋਰ ਵੱਡੀ ਹੈ ਇਸ ਲਈ ਵਿਗਿਆਨਕ ਚੇਤੰਨਾ ਦਾ ਪ੍ਰਚਾਰ ਪ੍ਰਸਾਰ ਤੇ ਸੰਘਰਸ਼ ਨੂੰ ਲਾਮਬੰਦ ਕਰਨ ਲਈ ਔਰਤਾਂ ਅਤੇ ਨੌਜਵਾਨਾਂ ਨੂੰ ਮੂਹਰੇ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ 28 ਸਾਲ ਦੇ ਲੰਬੇ ਇਸ ਲੋਕ ਘੋਲ ਨੇ ਅਨੇਕਾਂ ਮੋੜਾਂ ਘੋੜਾਂ ਵਿੱਚੋਂ ਲੰਘਦਿਆਂ ਅਨੇਕਾਂ ਚੁਣੌਤੀਆਂ ਦਾ ਪੂਰੀ ਦ੍ਰਿੜਤਾ ਨਾਲ ਟਾਕਰਾ ਕਰਦਿਆਂ, ਜਿੱਤਾਂ ਹਾਸਲ ਕਰਦਿਆਂ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਗ਼ਦਰੀ ਗੁਲਾਬ ਕੌਰ ਦੀਆਂ ਵਾਰਸ ਭੈਣਾਂ ਨੇ 'ਭੈਣਾਂ ਰਲੀਆਂ ਭਰਾਵਾਂ ਸੰਗ-ਰਲ ਕੇ ਜਿੱਤੀ ਹੱਕੀ ਜੰਗ' ਦਾ ਸੂਹਾ ਪਰਚਮ ਲਹਿਰਾਇਆ।
ਇਸ ਨੇ ਸਾਬਤ ਕੀਤਾ ਕਿ ਜਦੋਂ ਪਿਛਾਖੜੀ ਕਦਰਾਂ ਕੀਮਤਾਂ ਨੂੰ ਖ਼ਾਰਜ ਕਰਕੇ ਨਵੇਂ ਵਿਗਿਆਨਕ ਵਿਚਾਰਾਂ ਰਾਹੀਂ ਚਾਨਣਾਂ ਦਾ ਛੱਟਾ ਦਿੱਤਾ ਜਾਂਦਾ ਹੈ ਤਾਂ ਨਵੇਂ ਸੂਰਜ ਦੀ ਲੋਅ ਦਾ ਫੁਟਾਰਾ ਉਗਮਦਾ ਹੈ। ਵਧਵੀਂ ਮੀਟਿੰਗ ਉਪਰੰਤ ਯਾਦਗਾਰ ਕਮੇਟੀ ਮਹਿਲਕਲਾਂ ਨੇ ਸਾਧਨਾਂ, ਘਰਾਂ, ਦੁਕਾਨਾਂ ਅੱਗੇ ਸਟਿੱਕਰ, ਘਰ ਘਰ ਛੋਟੇ ਲੀਫਲੈੱਟ ਅਤੇ ਵੱਡਾ ਰੰਗਦਾਰ ਪੋਸਟਰ ਜਾਰੀ ਕੀਤਾ।
ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸੁਚੇਤ ਰੂਪ ਵਿੱਚ ਇਸ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ। ਉਹਨਾਂ ਗਦਰੀ ਗੁਲਾਬ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ, ਵਿਰਾਸਤ ਉੱਤੇ ਪਹਿਰਾ ਦੇਣ ਦਾ ਸੱਦਾ ਅਤੇ ਜ਼ੋਰਦਾਰ ਅਹਿਦ ਲਿਆ। ਇਸ ਮੌਕੇ ਸਾਥੀ ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਕੁਲਵੰਤ ਸਿੰਘ ਭਦੌੜ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਸਤਨਾਮ ਸਿੰਘ ਮੂੰਮ, ਕੁਲਵੀਰ ਸਿੰਘ ਔਲਖ, ਜਸਵਿੰਦਰ ਸਿੰਘ ਚੰਨਣਵਾਲ, ਰੁਲਦੂ ਸਿੰਘ ਗੁੰਮਟੀ, ਜਗਰਾਜ ਸਿੰਘ ਹਮੀਦੀ, ਬਲਵੰਤ ਸਿੰਘ ਠੀਕਰੀਵਾਲਾ, ਡਾ ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਨਿਰਭੈ ਸਿੰਘ ਨਿਹਾਲੂਵਾਲ, ਬਲਵੰਤ ਸਿੰਘ ਬਰਨਾਲਾ, ਅਜਮੇਰ ਸਿੰਘ ਕਾਲਸਾਂ, ਬਲਦੇਵ ਸਿੰਘ ਮੰਡੇਰ, ਪ੍ਰੀਤਮ ਸਿੰਘ,ਜੱਗਾ ਸਿੰਘ ਮਹਿਲਕਲਾਂ, ਗੁਰਚਰਨ ਸਿੰਘ ਪ੍ਰੀਤ, ਨਿਰਪਾਲ ਸਿੰਘ ਪਾਲੀ, ਮਿਲਖਾ ਸਿੰਘ, ਭਿੰਦਰ ਸਿੰਘ ਮੂੰਮ, ਗੁਲਵੰਤ ਸਿੰਘ, ਕੇਵਲਜੀਤ ਕੌਰ, ਸੁਖਵਿੰਦਰ ਕੌਰ ਧਨੇਰ, ਪਰਮਿੰਦਰ ਕੌਰ ਧਨੇਰ ਆਦਿ ਆਗੂ ਹਾਜ਼ਰ ਸਨ।