ਬਜ਼ੁਰਗ ਜੋੜੇ ਨੂੰ ਗੱਲਾਂ ਚ ਉਲਝਾ ਕੇ ਠੱਗੇ ਲੱਖਾਂ ਰੁਪਏ ਤੇ ਗਹਿਣੇ
ਰੋਹਿਤ ਗੁਪਤਾ
ਗੁਰਦਾਸਪੁਰ , 28 ਜੁਲਾਈ 2025 :
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਸੈਦੋਵਾਲ ਗੁਨੋਪੁਰ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਨੂੰ ਨੌਸਰ ਬਾਜਾਂ ਨੇ ਝਾਂਸੇ ਵਿੱਚ ਲੈ ਕੇ 3 ਲੱਖ ਤੋਂ ਵੱਧ ਦਾ ਸੋਨਾ ਅਤੇ 25 ਹਜਾਰ ਦੇ ਕਰੀਬ ਨਕਦੀ ਠੱਗ ਲਈ ਹੈ। ਨੌਸਰਬਾਜਾਂ ਵਿੱਚੋਂ ਇੱਕ ਨੇ ਬਾਬੇ ਦਾ ਰੂਪ ਧਾਰਿਆ ਹੋਇਆ ਸੀ ਅਤੇ ਉਸਦੀ ਉਮਰ 60 ਸਾਲ ਦੇ ਕਰੀਬ ਸੀ ਜਦਕਿ ਉਸ ਦੇ ਨਾਲ ਇੱਕ 2526 ਸਾਲ ਦਾ ਨੌਜਵਾਨ ਵੀ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਇਲਾਕੇ ਵਿੱਚ ਹੋ ਚੁੱਕੀਆਂ ਹਨ।
ਠੱਗਾਂ ਦਾ ਸ਼ਿਕਾਰ ਬਣੇ ਇਕਬਾਲ ਸਿੰਘ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਬੀਤੇ ਦਿਨ ਬਟਾਲੇ ਨੇੜੇ ਇੱਕ ਪਿੰਡ ਵਿੱਚ ਸ਼ੂਗਰ ਦੀ ਦਵਾਈ ਲੈਣ ਗਏ ਸੀ। ਘਰ ਮੁੜਦੇ ਸਮੇਂ ਉਹ ਘੱਲੂਘਾਰਾ ਸਾਹਿਬ ਕੋਲ ਆਪਣੇ ਖੇਤਾਂ ਵਿੱਚ ਲੱਗੇ ਟਿਊਬਲ ਵਾਲੇ ਰਸਤੇ ਪਿੰਡ ਨੂੰ ਮੁੜ ਰਹੇ ਸਨ ਜਦੋਂ ਉਹ ਟਿਊਬਵੈੱਲ ਉੱਤੇ ਖੜੇ ਸਨ ਤਾਂ ਇਸ ਮੌਕੇ ਇੱਕ ਅੱਧਖੜ ਉਮਰ ਦਾ ਵਿਅਕਤੀ ਅਤੇ ਇੱਕ ਨੌਜਵਾਨ ਉਹਨਾਂ ਦੇ ਲਾਗੇ ਆ ਕੇ ਰੁਕੇ ਅਤੇ ਆਪਸ ਵਿੱਚ ਉਹਨਾਂ ਨੇ ਆਪਸ ਵਿੱਚ ਝਗੜਾ ਸ਼ੁਰੂ ਕਰ ਦਿੱਤਾ ਅਤੇ ਅੱਧਖੜ ਉਮਰ ਦਾ ਵਿਅਕਤੀ ਗੁਰਦੁਆਰਾ ਘੱਲੂਘਾਰਾ ਸਾਹਿਬ ਵੱਲ ਨੂੰ ਤੁਰ ਪਿਆ ਪਰ ਨੌਜਵਾਨ ਨੇ ਉਸ ਨੂੰ ਮੋੜ ਕੇ ਉਹਨਾਂ ਦੇ ਕੋਲ ਲੈ ਆਇਆ ਇਸ ਉਪਰੰਤ ਨੌਜਵਾਨ ਨੇ ਕਿਹਾ ਕਿ ਇਹ ਸੰਤ ਮਹਾਂਪੁਰਸ਼ ਬਹੁਤ ਪਹੁੰਚੇ ਹੋਏ ਹਨ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨਗੇ ਅਤੇ ਇਸ ਦੌਰਾਨ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਕਿ ਬਜ਼ੁਰਗ ਜੋੜਾ ਬੇਸੁੱਧ ਜਿਹਾ ਹੋ ਗਿਆ । ਇਸ ਮੌਕੇ ਉਹਨਾਂ ਨੇ ਕੁਲਵਿੰਦਰ ਕੌਰ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਲਾਹੁਣ ਨੂੰ ਕਿਹਾ ਤਾਂ ਕੁਲਵਿੰਦਰ ਕੌਰ ਨੇ ਮਨਾ ਕਰ ਦਿੱਤਾ ਪਰ ਕੁਲਵਿੰਦਰ ਕੌਰ ਦੇ ਪਤੀ ਇਕਬਾਲ ਸਿੰਘ ਦੀ ਜੇਬ ਵਿੱਚ ਪਈ 1500 ਦੀ ਨਕਦੀ ਇਕਬਾਲ ਸਿੰਘ ਨੇ ਖੁਦ ਹੀ ਠੱਗਾਂ ਦੇ ਹਵਾਲੇ ਕਰ ਦਿੱਤੀ ਅਤੇ ਇਸ ਤੋਂ ਬਾਅਦ ਇਹ ਨੌਜਵਾਨ ਨੇ ਕੁਲਵਿੰਦਰ ਕੌਰ ਦੇ ਕੰਨਾਂ ਵਿੱਚੋਂ ਵਾਲੀਆਂ ਵੀ ਉਤਾਰ ਲਈਆਂ। ਇਸ ਉਪਰੰਤ ਇਹ ਦੋਵੇਂ ਠੱਗ ਪਤੀ ਪਤਨੀ ਨਾਲ ਉਹਨਾਂ ਦੇ ਘਰ ਪਿੰਡ ਸੈਦੋਵਾਲ ਵਿੱਚ ਆ ਗਏ ਜਿੱਥੋਂ ਆ ਕੇ ਉਹਨਾਂ ਨੇ ਇੱਕ ਜੋੜਾ ਸੋਨੇ ਦੀਆਂ ਵਾਲੀਆਂ 3 ਸੋਨੇ ਦੀਆਂ ਮੁੰਦੀਆਂ ਇੱਕ ਚੇਨੀ ਹੋਰ ਸੋਨੇ ਦੇ ਗਹਿਣੇ ਅਤੇ 25 ਹਜਾਰ ਦੇ ਕਰੀਬ ਨਕਦੀ ਅਤੇ ਸੋਨਾ ਡਬਲ ਕਰਨ ਦੇ ਝਾਂਸੇ ਵਿੱਚ ਉਹਨਾਂ ਕੋਲੋਂ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਪਤੀ ਪਤਨੀ ਨੂੰ ਵੱਖ-ਵੱਖ ਕੱਪੜਿਆਂ ਦੀਆਂ ਬਣਾਈਆਂ ਹੋਈਆਂ ਗੁਠਲੀਆਂ ਫੜਾ ਦਿੱਤੀਆਂ ਕਿ ਤੁਸੀਂ ਇਹਨਾਂ ਨੂੰ ਕੱਲ ਨੂੰ ਦੇਖ ਲਿਓ। ਇਹਨਾਂ ਵਿੱਚ ਤੁਹਾਨੂੰ ਦੁਗਣਾ ਸੋਨਾ ਮਿਲੇਗਾ। ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਕੁਝ ਸਮਾਂ ਬਾਅਦ ਉਹਨਾਂ ਕੱਪੜੇ ਦੀਆਂ ਗੁਟਲੀਆਂ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਵਿੱਚ ਭੰਗ ਦੇ ਪੱਤੇ ਅਤੇ ਕੂੜਾ ਬੱਧਾ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨਾਲ ਦਿਨ ਦਿਹਾੜੇ ਵੱਡੀ ਠੱਗੀ ਹੋਈ ਹੈ ਇਸ ਦੀ ਸੂਚਨਾ ਉਹਨਾਂ ਵੱਲੋਂ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।ਇਸ ਮੌਕੇ ਸਟੇਟ ਅਵਾਰਡ ਦ ਮਾਸਟਰ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਪਿੰਡ ਵਿੱਚ ਇੱਕ ਅਜਿਹੀ ਘਟਨਾ ਵਾਪਰ ਚੁੱਕੀ ਹੈ ਅਤੇ ਇਹ ਦਿਨ ਦਿਹਾੜੇ ਵਾਪਰੀ ਦੂਸਰੀ ਘਟਨਾ ਹੈ ਉਹ ਪੀੜਿਤ ਪਰਿਵਾਰ ਅਤੇ ਪਿੰਡ ਦੇ ਜਿੰਮੇਵਾਰ ਲੋਕਾਂ ਨੇ ਪੁਲਿਸ ਵਿਭਾਗ ਕੋਲੋਂ ਅਜਿਹੇ ਠੱਗਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਹੈ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਇਸ ਸਬੰਧੀ ਜਦੋਂ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਦੀਪਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਥਾਣੇ ਵਿੱਚ ਪੀੜਤ ਤੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹ ਖੁਦ ਘਟਨਾ ਵਾਲੇ ਸਥਾਨ ਅਤੇ ਇਕਬਾਲ ਸਿੰਘ ਦੇ ਘਰ ਦਾ ਮੌਕਾ ਵੇਖ ਕੇ ਇਸ ਮਾਮਲੇ ਦੀ ਤਹਿ ਤੱਕ ਪਹੁੰਚਦੇ ਹੋਏ ਦੋਸ਼ੀਆਂ ਨੂੰ ਕਾਬੂ ਕਰਨ ਦਾ ਪੂਰਾ ਯਤਨ ਕਰਨਗੇ। ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀਆਂ ਦੀ ਤੁਰੰਤ ਨੇੜਲੇ ਪੁਲਿਸ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ