ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਹਾਈ ਰਿਸਕ ਗਰਭਵਤੀ ਔਰਤਾਂ ਲਈ ਜਾਂਚ ਕੈਂਪ ਲਾਇਆ
ਅਸ਼ੋਕ ਵਰਮਾ
ਨਥਾਣਾ, 23 ਜੁਲਾਈ 2025 :ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਖਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਔਰਤਾਂ ਦੀ ਸਿਹਤ ਦੀ ਸਮੀਖਿਆ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਵਿਸ਼ੇਸ਼ ਜਾਂਚ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਤਜਰਬੇਕਾਰ ਡਾਕਟਰਾਂ ਵੱਲੋਂ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਗਈ, ਜਿਸ ‘ਚ ਹਿਮੋਗਲੋਬਿਨ, ਰਕਤਚਾਪ, ਸ਼ੂਗਰ, ਪੇਟ ਦੀ ਜਾਂਚ, ਆਇਰਨ ਅਤੇ ਕੈਲਸ਼ੀਅਮ ਦੀ ਕਮੀ ਆਦਿ ਸ਼ਾਮਲ ਸੀ।
ਉਨ੍ਹਾਂ ਨੂੰ ਉਚਿਤ ਖੁਰਾਕ, ਦਵਾਈਆਂ ਅਤੇ ਮਾਂ ਦੀ ਸੁਰੱਖਿਅਤ ਡਿਲੀਵਰੀ ਸੰਬੰਧੀ ਸਲਾਹ ਵੀ ਦਿੱਤੀ ਗਈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਨਥਾਣਾ ਡਾ. ਨਵਦੀਪ ਕੌਰ ਸਰਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਹੀਨੇ ਵਿੱਚ ਦੋ ਵਾਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸਿਹਤ ਜਾਂਚ ਕੈਂਪ ਲਗਾਏ ਜਾਂਦੇ ਹਨ।
ਉਹਨਾਂ ਦੱਸਿਆ ਕਿ ਪੀ.ਐਮ.ਐਸ.ਐਮ.ਏ ਦਾ ਉਦੇਸ਼ ਹਰ ਗਰਭਵਤੀ ਔਰਤ ਦੀ ਮਹੀਨੇ ਵਿੱਚ ਘੱਟੋ ਘੱਟ ਇਕ ਵਾਰ ਔਰਤ ਰੋਗਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਨਾ ਹੈ ਤਾਂ ਜੋ ਗਰਭਵਤੀ ਔਰਤਾਂ ਅਤੇ ਨਵਜਾਤ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਇਸ ਤਰ੍ਹਾਂ ਇਨ੍ਹਾਂ ਵਿਸ਼ੇਸ਼ ਕੈਂਪਾਂ ਰਾਹੀਂ ਜਾਂਚ ਕਰਕੇ ਗਰਭ ਦੌਰਾਨ ਸਿਹਤ ਦਾ ਵਿਸ਼ੇਸ਼ ਖਿਆਲ ਰੱਖਣ ਅਤੇ ਗਰਭ ਦੌਰਾਨ ਆ ਸਕਣ ਵਾਲੀਆਂ ਮੁਸ਼ਕਿਲਾਂ ਤੋਂ ਬਚਣ ਲਈ ਅਗਾਊਂ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਇਸ ਮੌਕੇ ਗਰਭਵਤੀ ਔਰਤਾਂ ਨੂੰ ਸਰਕਾਰੀ ਸੰਸਥਾਵਾਂ ਵਿਚ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦਾ ਸੁਨੇਹਾ ਵੀ ਦਿੱਤਾ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਦੱਸਿਆ ਕਿ ਗਰਭਵਤੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪ੍ਰੈਗਨੈਂਸੀ ਟੈਸਟ ਤੋਂ ਲੈ ਕੇ ਜਣੇਪੇ ਤੋਂ ਬਾਅਦ 42 ਦਿਨਾਂ ਤੱਕ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਗਰਭਵਤੀਆਂ ਦੇ ਦੋ ਅਲਟ੍ਰਾਸਾਊਂਡ ਵੀ ਮੁਫ਼ਤ ਕੀਤੇ ਜਾਂਦੇ ਹਨ ਅਤੇ ਸੰਸਥਾਗਤ ਜਣੇਪਾ ਕਰਵਾਉਣ ‘ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਤੱਕ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਮਨਜੋਤ ਕੌਰ, ਸਿਹਤ ਸੁਪਰਵਾਈਜ਼ਰ ਪਰਮਜੀਤ ਕੌਰ, ਸਟਾਫ਼ ਨਰਸ ਖੁਸ਼ਪਾਲ ਕੌਰ ਅਤੇ ਆਸ਼ਾ ਵਰਕਰਾਂ ਵਲੋਂ ਸੇਵਾਵਾਂ ਦਿੱਤੀਆਂ ਗਈਆਂ।