ਪੰਚਾਇਤਾਂ ਦੀ ਉਪ ਚੋਣ ਵਾਲੇ ਖੇਤਰਾਂ ਵਿੱਚ ਹਥਿਆਰ ਲਿਜਾਣ 'ਤੇ ਪਾਬੰਦੀ ਲਗਾਈ
ਰੋਹਿਤ ਗੁਪਤਾ
ਗੁਰਦਾਸਪੁਰ, 23 ਜੁਲਾਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਿਤੀ 27 ਜੁਲਾਈ 2025 ਨੂੰ ਸੂਬੇ ਭਰ ਵਿੱਚ ਪੰਚਾਂ-ਸਰਪੰਚਾਂ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੋਇਆ ਹੈ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ 15 ਸਰਪੰਚਾਂ ਤੇ 275 ਪੰਚਾਂ ਦੀ ਉਪ ਚੋਣ ਹੋ ਰਹੀ ਹੈ। ਇਨ੍ਹਾਂ ਉਪ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਚੋਣਾਂ ਵਾਲੇ ਪਿੰਡਾਂ ਵਿੱਚ ਅਲਸਾ ਲਾਇਸੰਸ ਧਾਰਕ ਵੱਲੋਂ ਆਪਣਾ ਲਾਇਸੰਸੀ ਹਥਿਆਰ ਨਾਲ ਲਿਜਾਣ 'ਤੇ ਮਿਤੀ 28 ਜੁਲਾਈ 2025 ਤੱਕ ਪਾਬੰਦੀ ਹੋਵੇਗੀ।
ਮਨਾਹੀ ਦੇ ਇਨ੍ਹਾਂ ਹੁਕਮਾਂ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਕੋਈ ਵੀ ਹਥਿਆਰ ਜਿਨ੍ਹਾਂ ਵਿੱਚ ਲਾਇਸੰਸੀ ਹਥਿਆਰ, ਗੋਲੀ ਸਿੱਕਾ, ਗੰਡਾਸਾ, ਚਾਕੂ, ਟਕੂਏ, ਬਰਸ਼ੇ, ਲੋਹੇ ਦੀਆਂ ਸਲਾਖ਼ਾਂ, ਲਾਠੀਆਂ, ਛਵ੍ਹੀਆਂ ਅਤੇ ਧਮਾਕਾਖ਼ੇਜ਼ ਪਦਾਰਥ ਜੋ ਕੋਈ ਵੀ ਐਸੀ ਚੀਜ਼ ਜੋ ਜੁਰਮ ਕਰਨ ਲਈ ਹਥਿਆਰ ਵਜੋਂ ਵਰਤੀ ਜਾ ਸਕਦੀ ਹੋਵੇ, ਨੂੰ ਚੋਣਾਂ ਵਾਲੇ ਖੇਤਰ ਵਿੱਚ ਨਾਲ ਲੈ ਕੇ ਨਹੀਂ ਚੱਲੇਗਾ।
ਉਨ੍ਹਾਂ ਕਿਹਾ ਕਿ ਇਹ ਹੁਕਮ ਆਰਮੀ ਪਰਸਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ, ਫ਼ੈਕਟਰੀ ਦੇ ਸਕਿਉਰਿਟੀ ਗਾਰਡ, ਪੈਟਰੋਲ ਪੰਪ ਮਾਲਕਾਂ, ਮਨੀ ਐਕਸਚੇਂਜ ਦੇ ਮਾਲਕਾਂ, ਜਿਊਲਰ ਸ਼ਾਪ ਦੇ ਮਾਲਕ, ਸਪੋਰਟਸ ਪਰਸਨ (ਉਹ ਸ਼ੂਟਰ ਜੋ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਮੈਂਬਰ ਹੋਣ ਅਤੇ ਕਿਸੇ ਈਵੈਂਟ ਵਿੱਚ ਭਾਗ ਲੈ ਰਹੇ ਹੋਣ) ਜਾਂ ਉਹ ਵਿਅਕਤੀ ਜਿਨ੍ਹਾਂ ਨੂੰ ਭਾਰਤ ਸਰਕਾਰ/ ਪੰਜਾਬ ਸਰਕਾਰ ਵੱਲੋਂ ਸਕਿਉਰਿਟੀ ਮਿਲੀ ਹੈ ਜਾਂ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਨਿੱਜੀ ਸੁਰੱਖਿਆ ਪ੍ਰਧਾਨ ਕੀਤੀ ਗਈ ਹੋਵੇ 'ਤੇ ਲਾਗੂ ਨਹੀਂ ਹੋਣਗੇ। ਇਸ ਹੁਕਮ 28 ਜੁਲਾਈ 2025 ਤੱਕ ਲਾਗੂ ਰਹਿਣਗੇ।