ਗੋਲੀ ਕਾਂਡ ਦਾ ਦੋਸ਼ੀ ਫੜੇ ਜਾਣ`ਤੋਂ ਬਾਅਦ ਚੇਅਰਮੈਨ ਰਮਨ ਬਹਿਲ ਨੇ ਪੀੜਿਤ ਦੁਕਾਨਦਾਰ ਨਾਲ ਮੁਲਾਕਾਤ ਕੀਤੀ
ਗੋਲੀ ਖਾਣ ਦੇ ਪੀੜਿਤ ਦੁਕਾਨਦਾਰ ਨੇ ਪੁਲਿਸ ਅਤੇ ਸਰਕਾਰ ਦਾ ਕੀਤਾ ਧੰਨਵਾਦ
ਰੋਹਿਤ ਗੁਪਤਾ
ਗੁਰਦਾਸਪੁਰ, 23 ਜੁਲਾਈ - ਬੀਤੀ 17 ਜੁਲਾਈ ਨੂੰ ਗੁਰਦਾਸਪੁਰ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਪੰਜਾਬ ਵਾਚ ਹਾਊਸ ਨਾਮਕ ਸ਼ੋਅਰੂਮ `ਤੇ ਗੋਲੀਆਂ ਚਲਾਉਣ ਵਾਲੇ ਦੋ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਫੜੇ ਜਾਣ ਤੋਂ ਬਾਅਦ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਪੰਜਾਬ ਵਾਚ ਹਾਊਸ ਦੇ ਮਾਲਕਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਰਘੁਬੀਰ ਸਿੰਘ ਖ਼ਾਲਸਾ ਤੇ ਹੋਰ ਆਗੂ ਵੀ ਮੌਜੂਦ ਸਨ।
ਪੰਜਾਬ ਵਾਚ ਹਾਊਸ ਦੇ ਮਾਲਕਾਂ ਨਾਲ ਮੁਲਾਕਾਤ ਦੌਰਾਨ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜੋ ਬੀਤੀ 17 ਜੁਲਾਈ ਨੂੰ ਗੋਲੀ ਕਾਂਡ ਹੋਇਆ ਸੀ ਉਸਦਾ ਇੱਕ ਦੋਸ਼ੀ ਪੁਲਿਸ ਨੇ ਫੜ ਲਿਆ ਹੈ, ਜਦਕਿ ਦੂਜੇ ਦੋਸ਼ੀ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਗਹਿਰਾਈ ਨਾਲ ਇਸ ਸਾਜ਼ਿਸ਼ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਘਟਨਾ ਦੇ ਸਾਰੇ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੰਜਾਬ ਵਾਚ ਹਾਊਸ ਦੇ ਮਾਲਕਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਬਹਿਲ ਨੇ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਵੀ ਡੋਲੇ ਨਹੀਂ ਅਤੇ ਉਨ੍ਹਾਂ ਪੂਰੀ ਬਹਾਦਰੀ ਨਾਲ ਚੁਣੌਤੀ ਦਾ ਸਾਹਮਣਾ ਕੀਤਾ ਹੈ। ਸ੍ਰੀ ਬਹਿਲ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਆਪਣੇ ਸ਼ਹਿਰ ਵਾਸੀਆਂ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਸ਼ਹਿਰ ਵਿੱਚ ਵਪਾਰ ਹੋਰ ਪ੍ਰਫੁਲਿਤ ਹੋ ਸਕੇ।
ਉੱਥੇ ਹੀ ਗੋਲੀਕਾਂਡ ਦੇ ਪੀੜਿਤ ਦੁਕਾਨਦਾਰ ਡਿੱਕੀ ਮਹਾਜਨ ਨੇ ਗੋਲੀਕਾਂਡ ਦਾ ਦੋਸ਼ੀ ਮੁਕਾਬਲੇ ਦੌਰਾਨ 72 ਘੰਟਿਆਂ ਵਿੱਚ ਗ੍ਰਿਫਤਾਰ ਕਰਨ ਲਈ ਗੁਰਦਾਸਪੁਰ ਪੁਲਿਸ ਅਤੇ ਚੇਅਰਮੈਨ ਰਮਨ ਬਹਿਲ ਦਾ ਤਹਿ ਦਿਲੋਂ ਧੰਨਵਾਦ ਕੀਤਾ।