ਤਖ਼ਤਾਂ ਵਿਚਾਲਾ ਵਿਵਾਦ ਦੂਰ ਹੋਣਾ ਸਵਾਗਤਯੋਗ: ਬਾਬਾ ਬਲਬੀਰ ਸਿੰਘ
ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸਬੰਧੀ ਫੈਸਲਾ ਫੋਰੀ ਕੀਤਾ ਜਾਵੇ
ਅੰਮ੍ਰਿਤਸਰ:- 14 ਜੁਲਾਈ 2025 : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਹੈ ਕਿ ਸਿੱਖ ਪੰਥ ਵਿੱਚ ਸਿੱਖ ਤਖ਼ਤਾਂ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਇਨ੍ਹਾਂ ਨੂੰ ਹਰ ਸਿੱਖ ਬੜੇ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ। ਸਿੱਖਾਂ ਲਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਹਨ ਅਤੇ ਉਨ੍ਹਾਂ ਦਾ ਸਥਾਨ ਬਾਦਸ਼ਾਹਾਂ ਦੇ ਤਖ਼ਤਾਂ ਤੋਂ ਵੀ ਵੱਧ ਸਤਿਕਾਰਯੋਗ ਹੈ ਸਾਧ ਸੰਗਤ ਨੂੰ ‘ਦਰਬਾਰ’ ਵਰਗਾ ਮਾਣ ਪ੍ਰਾਪਤ ਹੈ। ਸਿੱਖ ਪੰਥ ਦੇ ਪੰਜ ਤਖ਼ਤ ਧਾਰਮਿਕ ਸਮਾਜਕ ਅਤੇ ਰਾਜਸੀ ਫੈਸਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪਹਿਲਾਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਜਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਹੈ।
ਇਨ੍ਹਾਂ ਦੋਹਾਂ ਤਖ਼ਤਾਂ ਦਰਮਿਆਨ ਜੋ ਮਰਯਾਦਾ ਪੱਖੋਂ ਅਤੀਤ ਵਿੱਚ ਖਿਚੋ ਤਾਣ (ਤਨਾਓ) ਪੈਦਾ ਹੋਇਆ ਸੀ ਉਹ ਅੱਜ ਦੋਹਾਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਇਕ ਦੂਜੇ ਵਿਰੁੱਧ ਕੀਤੇ ਆਦੇਸ ਵਾਪਸ ਲੈ ਲਏ ਜਾਣ ਨਾਲ ਕੌਮੀ ਦੁਬਿਧਾ ਦੂਰ ਹੋਈ ਹੈ। ਇਸ ਫੈਸਲੇ ਦਾ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਵਾਗਤ ਕੀਤਾ ਹੈ ਉਨ੍ਹਾਂ ਕਿਹਾ ਸਿੱਖ ਤਖ਼ਤ ਸਾਹਿਬਾਨਾਂ ਵਿਚ ਆਪਸੀ ਟਕਰਾਅ ਮੰਦਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਇਹ ਤਨਾਓ ਖ਼ਤਮ ਹੋਣ ਨਾਲ ਪੰਥਕ ਜਲੋਅ ਪੈਦਾ ਹੋਵੇਗਾ ਅਤੇ ਮਨਾਈਆਂ ਜਾਣ ਵਾਲੀਆਂ ਸ਼ਤਾਬਦੀਆਂ ਦੇ ਸਮਾਗਮ ਪ੍ਰਭਾਵਤ ਹੋਣ ਤੋਂ ਬਚ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ, ਜਥੇਬੰਦੀਆਂ ਵਿੱਚ ਮਤਭੇਦ ਪੈਦਾ ਹੋਣ ਨਾਲ ਪੰਥਕ ਵਿਹਾਰ ਨੂੰ ਸੱਟ ਵਜਦੀ ਹੈ। ਉਨ੍ਹਾਂ ਕਿਹਾ ਜਥੇਦਾਰ ਦੀ ਨਿਯੁਕਤੀ ਅਤੇ ਮਰਯਾਦਾ ਸਬੰਧੀ ਖੜੇ ਵਿਵਾਦ ਨੂੰ ਵੀ ਸ੍ਰੋਮਣੀ ਕਮੇਟੀ ਫੋਰੀ ਹਲ ਕਰੇ ਜਿਸ ਨਾਲ ਸਾਰਿਆ ਦਲਾਂ, ਜਥੇਬੰਦੀਆਂ ਸਮੁੱਚੇ ਖਾਲਸਾ ਪੰਥ ਅੰਦਰ ਸਦਭਾਵਨਾ ਬਣ ਸਕੇ।