ਪੰਜਾਬ ਦੇ ਪਿੰਡਾਂ 'ਚ ਬਣਨਗੇ ਮਾਡਰਨ ਖੇਡ ਮੈਦਾਨ, CM ਮਾਨ ਨੇ ਕੀਤਾ ਐਲਾਨ
ਚੰਡੀਗੜ੍ਹ, 13 ਜੁਲਾਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਅਤੇ ਖਿਡਾਰੀਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ 4000 ਮਾਡਰਨ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਲਈ ਖੇਡ ਚੁੱਕੇ ਹੋਏ ਖਿਡਾਰੀਆਂ ਨੂੰ ਨੌਜਵਾਨਾਂ ਦੀ ਕੋਚਿੰਗ ਲਈ ਰੱਖਿਆ ਜਾਵੇਗਾ, ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਦਾ ਵਧੀਆ ਮਾਹੌਲ ਮਿਲ ਸਕੇ।
ਮੁੱਖ ਮੰਤਰੀ ਮਾਨ ਨੇ ਕਿਹਾ, "ਅਸੀਂ ਬੱਚਿਆਂ ਨੂੰ ਖੇਡਾਂ ਦਾ ਮਾਹੌਲ ਦਿਆਂਗੇ ਅਤੇ ਖਿਡਾਰੀਆਂ ਨੂੰ ਤਿਆਰੀ ਲਈ ਪੈਸੇ ਵੀ ਦਿੱਤੇ ਜਾ ਰਹੇ ਹਨ। ਪੰਜਾਬੀਆਂ ਕੋਲ ਟੈਲੈਂਟ ਹੈ, ਸਿਰਫ ਮੌਕਾ ਮਿਲਣਾ ਚਾਹੀਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਹੋਰ ਚੰਗੇ ਖਿਡਾਰੀ ਤਿਆਰ ਹੋ ਸਕਣ।
ਸੀਐਮ ਮਾਨ ਨੇ ਨਸ਼ਿਆਂ ਵਿਰੁੱਧ ਸੰਦੇਸ਼ ਦਿੰਦਿਆਂ ਕਿਹਾ, "ਡਰਗਸ ਦਾ ਬਦਲ ਸਿਰਫ ਖੇਡਾਂ ਹੋ ਸਕਦੀਆਂ ਹਨ, ਹੋਰ ਕੁਝ ਨਹੀਂ। ਜੇ ਨੌਜਵਾਨ ਸਰੀਰ ਨਾਲ ਪਿਆਰ ਕਰਨਗੇ ਤਾਂ ਉਹ ਨਸ਼ਿਆਂ ਤੋਂ ਬਚ ਸਕਣਗੇ।"
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 3083 ਮੈਦਾਨਾਂ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜੋ ਜਲਦੀ ਹੀ ਨੌਜਵਾਨਾਂ ਦੀ ਤਿਆਰੀ ਲਈ ਉਪਲਬਧ ਹੋ ਜਾਣਗੇ। ਇਸ ਯਤਨ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ ਅਤੇ ਪੰਜਾਬ ਦਾ ਨਾਂ ਖੇਡਾਂ ਦੀ ਦੁਨੀਆ ਵਿੱਚ ਹੋਰ ਉੱਚਾਈਆਂ 'ਤੇ ਪਹੁੰਚੇਗਾ।