ਕੌਂਸਲਰਾਂ ਵੱਲੋਂ ਡਿਸਪੋਜਲ ਰੋਡ 'ਤੇ ਕੂੜਾ ਸੁੱਟਣ ਤੋਂ ਸਫਾਈ ਕਰਮਚਾਰੀਆਂ ਨੂੰ ਰੋਕਿਆ
ਸਫਾਈ ਕਾਮਿਆਂ ਨੇ ਕੀਤਾ ਕੰਮ ਬੰਦ, ਸ਼ਹਿਰ ਅੰਦਰ ਹੋ ਰਹੀ ਤਰਾਹੀ-ਮਾਮ
ਜਗਰਾਉਂ ਦੀਪਕ ਜੈਨ
ਪੂਰੇ ਸ਼ਹਿਰ ਅੰਦਰ ਕੂੜੇ ਦੀ ਸਮੱਸਿਆ ਨੂੰ ਲੈ ਕੇ ਕਈ ਮਹੀਨਿਆਂ ਤੋਂ ਪੂਰੀ ਤਰਹਾਂ ਵਿਵਾਦ ਉੱਠ ਰਹੇ ਹਨ ਅਤੇ ਕੌਂਸਲਰਾਂ ਦੇ ਦੋਨੇ ਧੜੇ ਇਸ ਸਮੱਸਿਆ ਲਈ ਇੱਕ ਦੂਸਰੇ ਨੂੰ ਜਿੰਮੇਵਾਰ ਦੱਸ ਰਹੇ ਹਨ। ਕੂੜੇ ਦੀ ਸਮੱਸਿਆ ਦਾ ਮੁੱਖ ਕਾਰਨ ਨਗਰ ਕੌਂਸਲ ਦੇ ਕੋਲ ਕੂੜਾ ਡੰਪ ਕਰਨ ਲਈ ਆਪਣੀ ਕੋਈ ਢੁਕਮੀ ਜਮੀਨ ਨਾ ਹੋਣ ਕਾਰਨ ਬਣੀ ਹੋਈ ਹੈ ਅਤੇ ਇਸ ਦਾ ਜਲਦੀ ਕਿਤੇ ਹੱਲ ਹੁੰਦਾ ਵੀ ਨਹੀਂ ਨਜ਼ਰ ਆ ਰਿਹਾ। ਪਿਛਲੇ ਕਈ ਦਿਨ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਘਰਾਂ ਅੰਦਰੋ ਕੂੜਾ ਇਕੱਠਾ ਕਰਨ ਦੇ ਕੰਮ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਉਂ ਜੋ ਉਹਨਾਂ ਦੀ ਇਹ ਜਾਇਜ਼ ਮੰਗ ਸੀ ਕਿ ਉਹ ਕੂੜਾ ਕਿਥੇ ਸੁੱਟਣ ਜਿਸ ਤੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਕੁਝ ਸੈਕੰਡਰੀ ਪੁਆਇੰਟ ਦਿੱਤੇ ਗਏ ਸਨ। ਜਿੱਥੇ ਆਰਜੀ ਤੌਰ ਤੇ ਕੂੜਾ ਸੁੱਟ ਕੇ ਅਤੇ ਫਿਰ ਉਸ ਤੋਂ ਟਰਾਲੀਆਂ ਰਾਹੀਂ ਕੂੜਾ ਚੁੱਕ ਲਿਤਾ ਜਾਣ ਦਾ ਵਾਅਦਾ ਕੀਤਾ ਗਿਆ ਸੀ। ਪਰ ਅੱਜ ਸਮੱਸਿਆ ਉਦੋਂ ਵਧ ਗਈ ਜਦੋਂ ਸਥਾਨਕ ਡਿਸਪੋਜਲ ਰੋਡ ਉੱਪਰ ਸੜਕ ਉੱਪਰ ਲੱਗੇ ਕੂੜੇ ਦੇ ਵੱਡੇ ਪਹਾੜ ਜਿੱਦੇ ਢੇਰ ਉੱਪਰ ਸਫਾਈ ਕਰਮਚਾਰੀ ਕੂੜਾ ਸੁੱਟਣ ਆਏ ਤਾਂ ਉਥੇ ਬੈਠੇ ਨਗਰ ਕੌਂਸਲ ਜਗਰਾਉਂ ਦੇ ਕੌਂਸਲਰ ਰਾਜਕੁਮਾਰ ਭਾਰਦਵਾਜ, ਕੰਵਰਪਾਲ ਸਿੰਘ ਕੌਂਸਲਰ, ਸਤੀਸ਼ ਕੁਮਾਰ ਪੱਪੂ ਕੌਂਸਲਰ ਅਤੇ ਕੌਂਸਲਰ ਅਨੀਤਾ ਸੱਭਰਵਾਲ ਦੇ ਪਤੀ ਰਵਿੰਦਰ ਕੁਮਾਰ ਸਬਰਵਾਲ ਵੱਲੋਂ ਸਫਾਈ ਕਰਮਚਾਰੀਆਂ ਨੂੰ ਉਥੇ ਕੂੜਾ ਸੁੱਟਣ ਤੋਂ ਰੋਕ ਦਿੱਤਾ ਗਿਆ। ਜਿਸ ਤੇ ਸਫਾਈ ਕਰਮਚਾਰੀ ਆਪਣੇ ਰੇਹੜੇ ਜਿਹੜੇ ਕੂੜੇ ਨਾਲ ਭਰੇ ਹੋਏ ਸਨ ਉਹ ਨਗਰ ਕੌਂਸਲ ਦਫਤਰ ਲੈ ਗਏ ਅਤੇ ਉਹਨਾਂ ਨੇ ਉਥੇ ਕਾਰਜ ਸਾਧਕ ਅਫਸਰ ਦੇ ਦਫਤਰ ਅੱਗੇ ਰੇਹੜੇ ਖੜੇ ਕਰ ਦਿੱਤੇ। ਸਫਾਈ ਕਰਮਚਾਰੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਕਿਹਾ ਗਿਆ ਹੈ ਕਿ ਉਹ ਸਫਾਈ ਕਰਮਚਾਰੀਆਂ ਨੂੰ ਕੂੜੇ ਨੂੰ ਡੰਪ ਕਰਨ ਲਈ ਕੋਈ ਸਹੀ ਜਗਹਾ ਦਾ ਪ੍ਰਬੰਧ ਕਰਕੇ ਦੇਣ।
ਇਸ ਮਸਲੇ ਬਾਰੇ ਜਦੋਂ ਨਗਰ ਕੌਂਸਲ ਜਗਰਾਓ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕਰਨੀ ਚਾਹੀ ਤਾਂ ਉਹ ਆਪਣੇ ਦਫਤਰ ਨਹੀਂ ਮਿਲੇ ਅਤੇ ਨਾ ਹੀ ਅਪਣੇ ਦਫਤਰ ਅੰਦਰ ਪ੍ਰਧਾਨ ਹਾਜ਼ਰ ਸਨ।