ਜ਼ੀਰਕਪੁਰ ਦਾ ਡੁੱਬਣ ਕੰਡੇ, AAP MLA ਵੱਲੋਂ ਵਿਧਾਨ ਸਭਾ 'ਚ ਚਿੰਤਾ ਜ਼ਾਹਿਰ
ਸ਼ਹਿਰ ਵਾਸੀਆਂ ਨੂੰ ਬੇਖੌਫ ਮਾਹੌਲ ਦੇਣਾ ਮੇਰਾ ਮੁੱਢਲਾ ਫਰਜ਼- ਰੰਧਾਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਜੁਲਾਈ 2025-ਵਿਧਾਇਕ ਹਲਕਾ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਵਿਧਾਨ ਸਭਾ 'ਚ ਬੋਲਦਿਆਂ ਬਰਸਾਤ ਦੇ ਮੌਸਮ ਵਿੱਚ ਜ਼ੀਰਕਪੁਰ ਖੇਤਰ ਚ ਪੈਦਾ ਹੁੰਦੀ ਹੜ੍ਹਾਂ ਵਰਗੀ ਸਥਿਤੀ ਉੱਤੇ ਚਿੰਤਾ ਜਤਾਈ ਗਈ। ਵਿਧਾਇਕ ਰੰਧਾਵਾ ਨੇ ਆਪਣੇ ਹਲਕੇ ਪ੍ਰਤੀ ਸਨੇਹ ਜਤਾਉਂਦਿਆਂ ਕਿਹਾ ਕਿ ਬਰਸਾਤੀ ਸੀਜ਼ਨ ਚ ਜਦੋਂ ਵੀ ਟਿਕਵਾਂ ਮੀਂਹ ਪੈਂਦਾ ਹੈ ਤਾਂ ਜ਼ੀਰਕਪੁਰ ਵਿੱਚ ਹੜ੍ਹਾਂ ਵਾਲੀ ਸਥਿਤੀ ਬਣ ਜਾਂਦੀ ਹੈ। ਸੁਖਨਾ ਝੀਲ, ਪੰਚਕੂਲਾ ਅਤੇ ਪਹਾੜਾਂ ਤੋਂ ਆਉਂਦੇ ਬੇਹਿਸਾਬ ਪਾਣੀ ਨਾਲ ਨਦੀਆਂ, ਨਾਲਿਆਂ 'ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਚ ਖ਼ੌਫ਼ ਦਾ ਮਾਹੌਲ ਪਾਇਆ ਜਾਂਦਾ ਹੈ।
ਉਹਨਾਂ ਕਿਹਾ ਕਿ ਹਿਮਾਚਲ ਵਲੋਂ ਆਉਂਦਿਆਂ ਸਭ ਤੋਂ ਪਹਿਲਾਂ ਪੰਜਾਬ ਦਾ ਪਹਿਲਾਂ ਸ਼ਹਿਰ ਜ਼ੀਰਕਪੁਰ ਹੀ ਬਰਸਾਤੀ ਪਾਣੀ ਦੀ ਮਾਰ ਹੇਠ ਆਉਂਦਾ ਹੈ। ਦੋ ਸਾਲ ਪਹਿਲਾਂ ਆਏ ਹੜਾਂ ਕਾਰਨ ਇੱਥੇ ਮੁੱਖ ਸੜਕਾਂ ਅਤੇ ਕਲੋਨੀਆਂ ਵਿਚਲੇ ਘਰਾਂ 'ਚ 3-4 ਫ਼ੁੱਟ ਦੇ ਕਰੀਬ ਪਾਣੀ ਭਰਨ ਕਾਰਨ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਰੰਧਾਵਾ ਨੇ ਕਿਹਾ ਕਿ ਬੇਸ਼ੱਕ ਭਾਰੀ ਮੀਂਹ ਕੁਦਰਤੀ ਕਹਿਰ ਹੈ, ਪਰ ਇਸ ਆਫ਼ਤ 'ਚ ਫਸੇ ਸ਼ਹਿਰ ਵਾਸੀਆਂ ਲਈ ਬੇਖੌਫ ਮਾਹੌਲ ਦੇਣਾ ਉਹਨਾਂ ਦਾ ਮੁੱਢਲਾ ਫਰਜ਼ ਹੈ।
ਉਹਨਾਂ ਸਬੰਧਤ ਵਿਭਾਗ ਦੇ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬੇਸ਼ੱਕ ਪਿਛਲੇ ਹੜਾਂ ਦੌਰਾਨ ਸਰਕਾਰ ਵੱਲੋਂ ਇਲਾਕੇ 'ਚ ਪੱਥਰਾਂ ਦੇ ਬੰਨ ਵੀ ਲਵਾਏ ਸੀ, ਪਰ ਇਸ ਵਾਰ ਫਿਰ ਚੰਡੀਗੜ੍ਹ ਸੁਖਨਾ, ਪੰਚਕੂਲਾ, ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਭਾਰੀ ਮਾਤਰਾ ਚ ਬਰਸਾਤੀ ਪਾਣੀ ਨਾਲ ਜ਼ੀਰਕਪੁਰ ਦਾ ਇਲਾਕਾ ਡੁੱਬਣ ਕਿਨਾਰੇ ਹੈ। ਇਸ ਲਈ ਇਸ ਪਾਸੇ ਵੱਧ ਧਿਆਨ ਦੇਣ ਦੀ ਲੋੜ ਹੈ ਜਿਸ ਤੇ ਸਬੰਧਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਛੇਤੀ ਹੱਲ ਲਈ ਭਰੋਸਾ ਦਿੱਤਾ ਗਿਆ।