ਅਮਰੀਕਾ ਵਿੱਚ ਫੜੇ ਗਏ ਗੈਂਗਸਟਰ ਪਵਿੱਤਰ ਸਿੰਘ ਚੌੜਾ ਦੇ ਪਿਤਾ ਨੇ ਪੁੱਤਰ ਦੇ ਗੈਂਗਸਟਰ ਹੋਣ ਤੋਂ ਕੀਤਾ ਇਨਕਾਰ
ਰੋਹਿਤ ਗੁਪਤਾ
ਗੁਰਦਾਸਪੁਰ 14 ਜੁਲਾਈ 2025 : ਬੀਤੇ ਕੱਲ੍ਹ ਅਮਰੀਕਾ ਦੀ ਐਫ ਬੀ ਆਈ ਵਲੋਂ ਅੱਠ ਗੈਂਗਸਟਰ ਨੌਜਵਾਨ ਫੜਨ ਦੀ ਖ਼ਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਥਾਣਾ ਘੁਮਾਣ ਦੀ ਪੁਲਿਸ ਚੌਂਕੀ ਊਧਨਵਾਲ ਅਧੀਨ ਪਿੰਡ ਚੌੜੇ ਦਾ ਨੌਜਵਾਨ ਪਵਿੱਤਰ ਸਿੰਘ ਪੁੱਤਰ ਸਿੰਕਦਰ ਸਿੰਘ ਵੀ ਸ਼ਾਮਿਲ ਦੱਸਿਆ ਗਿਆ ਸੀ।ਇਸ ਸਬੰਧੀ ਜਦੋਂ ਪਵਿੱਤਰ ਦੇ ਪਿੰਡ ਚੌੜੇ ਚ ਉਹਨਾਂ ਦੇ ਪਿਤਾ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਵੀ ਟੀਵੀ ਚੈਨਲਾਂ ਤੇ ਚੱਲ ਰਹੀ ਖ਼ਬਰ ਸੁਣ ਕੇ ਪਤਾ ਲੱਗਾ ਹੈ ਕਿ ਸਾਡਾ ਮੁੰਡਾ ਅਮਰੀਕਾ ਪੁਲਿਸ ਨੇ ਫ਼ੜਿਆ ਹੈ।
ਉਹਨਾਂ ਆਖਿਆ ਕਿ ਉਹ ਘਰੋਂ ਸੱਤ ਅੱਠ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਸਾਨੂੰ ਤੇ ਇਹ ਵੀ ਹੁਣ ਪਤਾ ਲੱਗਾ ਕਿ ਉਹ ਇਸ ਸਮੇਂ ਅਮਰੀਕਾ ਵਿੱਚ ਹੈ। ਕਾਫ਼ੀ ਸਮੇਂ ਤੋਂ ਸਾਡੇ ਨਾਲ ਉਸ ਦਾ ਕੋਈ ਸੰਪਰਕ ਨਹੀਂ ਸੀ ਹੋਇਆ। ਪਵਿੱਤਰ ਸਿੰਘ ਦੇ ਜੀਵਨ ਬਾਰੇ ਪੁਛਿਆ ਤਾਂ ਉਨ੍ਹਾਂ ਦੱਸਿਆ ਪਵਿੱਤਰ ਸਿੰਘ ਦੋਵੇਂ ਭੈਣ ਭਰਾ ਹੀ ਹਨ ।ਭੈਣ ਵਿਆਹੀ ਅਤੇ ਨਿਊਜ਼ੀਲੈਂਡ ਵਿੱਚ ਡਾਕਟਰ ਹੈ। ਪਵਿੱਤਰ ਨੇ ਬਾਰਵੀਂ ਕਰਨ ਤੋਂ ਬਾਅਦ ਬੀ ਏ ਦੀ ਪੜਾਈ ਇਕ ਸਾਲ ਕੀਤੀ ਅਤੇ ਉਹ ਵਿਦੇਸ਼ ਚਲਾ ਗਿਆ। ਪੜਾਈ ਦੌਰਾਨ ਉਹ ਵਾਲੀਵਾਲ ਦੀ ਖੇਡ ਖੇਡਣ ਦਾ ਸ਼ੌਕ ਰੱਖਦਾ ਰਿਹਾ। ਪਵਿੱਤਰ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਡੇ ਮੁੰਡੇ ਨੂੰ ਐਵੇਂ ਹੀ ਗੈਂਗਸਟਰਾਂ ਨਾਲ ਜੋੜੀ ਜਾਂਦੇ ਹਨ।ਉਸ ਦਾ ਕਿਸੇ ਥਾਂ ਤੇ ਗੈਂਗਸਟਰਾਂ ਨਾਲ ਕੋਈ ਸੰਬਧ ਨਹੀਂ ਉਹਨਾਂ ਆਖਿਆ ਕਿ ਉਸ ਦੀ ਮਾਤਾ ਅਤੇ ਮੈਂ ਦੋਵੇਂ ਸਿਹਤ ਵਿਭਾਗ ਵਿਚ ਡਿਊਟੀ ਨਿਭਾਉਂਦੇ ਰਹੇ ਹਾਂ ਹੁਣ ਉਹ ਸੇਵਾ ਮੁਕਤ ਹੋ ਚੁੱਕੇ ਹਾਂ। ਉਹਨਾਂ ਦੀ ਸਿਹਤ ਢਿੱਲੀ ਚੱਲ ਰਹੀ ਹੈ। ਜਦੋਂ ਦੀ ਇਹ ਖ਼ਬਰ ਸੁਣੀ ਸਾਨੂੰ ਬਹੁਤ ਧੱਕਾ ਲੱਗਾ ਸਾਡੇ ਬੱਚੇ ਨਾਲ ਇਹ ਕੀ ਹੋ ਗਿਆ । ਅਸੀਂ ਮਾਪੇ ਹੋਣ ਦੇ ਨਾਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸਾਡੇ ਪੁਤਰ ਨੂੰ ਇਸ ਮੁਸ਼ਕਲ ਚੋਂ ਛੁਟਕਾਰਾ ਮਿਲੇ।
ਦੱਸ ਦਈਏ ਕਿ ਪਵਿੱਤਰ ਚੋੜਾ ਦੇ ਕਈ ਗੁਰਗੇ ਸਮੇਂ ਸਮੇਂ ਤੇ ਵੱਖ-ਵੱਖ ਜਿਲਿਆਂ ਦੀ ਖੁੱਲੀ ਵੱਲੋਂ ਹਥਿਆਰਾਂ ਸਮੇਤ ਗਿਰਫਤਾਰ ਕੀਤੇ ਜਾ ਚੁੱਕੇ ਹਨ। ਚੋੜਾ ਗੈਂਗ ਮੁੱਖ ਤੌਰ 'ਤੇ ਮਾਝਾ ਖੇਤਰ ਵਿੱਚ ਕਈ ਕਤਲ, ਕਤਲ ਦੀਆਂ ਕੋਸ਼ਿਸ਼ਾਂ, ਹਥਿਆਰਾਂ ਦੀ ਤਸਕਰੀ ਅਤੇ ਜਬਰਦਸਤੀ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।