ਮਹਾਂ ਪੰਜਾਬ ਦਾ ਹਿੱਸਾ ਰਹੀ ਧਰਤੀ ਤੇ ਹਿਮਾਚਲ ਵਿਧਾਨ ਸਭਾ ਵਿਚ ਗਰਜੇ ਡਿਪਟੀ ਸਪੀਕਰ ਰੌੜੀ
- ਸੀ.ਪੀ.ਏ ਜ਼ੋਨ-2 ਕਾਨਫਰੰਸ ਵਿਚ ਪੰਜਾਬ ਦੀ ਗੂੰਜ
ਹੁਸ਼ਿਆਰਪੁਰ, 1 ਜੁਲਾਈ 2025 - ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰੌੜੀ ਨੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀ.ਪੀ.ਏ) ਭਾਰਤ ਖੇਤਰ ਜ਼ੋਨ-2 ਦੀ ਸਾਲਾਨਾ ਕਾਨਫਰੰਸ ਦੌਰਾਨ ਪੰਜਾਬ ਦੀ ਨੁਮਾਇੰਦਗੀ ਕੀਤੀ
ਇਸ ਕਾਨਫਰੰਸ ਵਿਚ ਵੱਖ-ਵੱਖ ਰਾਜਾਂ ਦੇ ਵਿਧਾਨ ਸਭਾਵਾਂ ਦੇ ਸਪੀਕਰ, ਡਿਪਟੀ ਸਪੀਕਰ ਅਤੇ ਵਿਧਾਇਕਾਂ ਨੇ ਭਾਗ ਲਿਆ ਅਤੇ ਖੇਤਰ ਵਿਚ ਲੋਕਤੰਤਰਿਕ ਪ੍ਰਥਾਵਾਂ ਅਤੇ ਵਿਧਾਨਕ ਪ੍ਰਕ੍ਰਿਆਵਾਂ ਨੂੰ ਮਜ਼ਬੂਤ ਕਰਨ ਲਈ ਵਿਚਾਰ ਸਾਂਝੇ ਕੀਤੇ।
ਡਿਪਟੀ ਸਪੀਕਰ ਰੌੜੀ ਨੇ ਵਿਚਾਰ-ਚਰਚਾ ਵਿਚ ਸਰਗਰਮੀ ਨਾਲ ਭਾਗ ਲੈਂਦਿਆਂ ਮੁੱਖ ਵਿਸ਼ਿਆਂ 'ਤੇ ਵਿਚਾਰ ਰੱਖੇ, ਜਿਵੇਂ ਕਿ ਦਲ-ਬਦਲ ਦੇ ਆਧਾਰ 'ਤੇ ਅਯੋਗਤਾ, ਵਿਧਾਨ ਸਭਾ ਦੀ ਕਾਰਗੁਜ਼ਾਰੀ ਵਿਚ ਏ. ਆਈ ਦਾ ਪ੍ਰਯੋਗ ਅਤੇ ਰਾਜ ਦੇ ਵਿਕਾਸ ਸਬੰਧੀ ਰਾਜ ਦੇ ਸਰੋਤਾਂ ਦੇ ਪ੍ਰਬੰਧਨ ਵਿਚ ਵਿਧਾਇਕਾਂ ਦੀ ਭੂਮਿਕਾ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਵਿੱਤੀ, ਕੁਦਰਤੀ ਅਤੇ ਮਨੁੱਖੀ ਸਰੋਤਾਂ ਦੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਪ੍ਰਯੋਗ ਲਈ ਨੀਤੀਆਂ ਬਣਾਉਣ ਅਤੇ ਉਹਨਾਂ ਨੂੰ ਰਾਜ ਦੇ ਵਿਕਾਸ ਪ੍ਰਾਥਮਿਕਤਾਵਾਂ ਨਾਲ ਜੋੜਣ ਵਿੱਚ ਸਹਾਇਕ ਬਣਨ।
ਲੋਕਤੰਤਰਕ ਸੰਸਥਾਵਾਂ ਵਿਚ ਤਕਨੀਕ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਡਿਪਟੀ ਸਪੀਕਰ ਰੌੜੀ ਨੇ ਵਿਧਾਨਕ ਪ੍ਰਕਿਰਿਆ ਵਿਚ ਪਾਰਦਰਸ਼ਤ, ਪ੍ਰਭਾਵਸ਼ੀਲਤਾ ਅਤੇ ਨਾਗਰਿਕ ਭਾਗੀਦਾਰੀ ਵਧਾਉਣ ਲਈ ਏ. ਆਈ ਦੇ ਅਪਣਾਏ ਜਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਏ. ਆਈ ਦਾ ਪ੍ਰਯੋਗ ਕਾਰਜਵਾਹੀ ਪ੍ਰਬੰਧਨ, ਡਾਟਾ ਵਿਸ਼ਲੇਸ਼ਣ ਅਤੇ ਜਨਤਾ ਲਈ ਵਿਧਾਨ ਸਭਾ ਕਾਰਜ ਦੀ ਪਹੁੰਚ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।
ਦਲ-ਬਦਲ ਦੇ ਆਧਾਰ 'ਤੇ ਅਯੋਗਤਾ ਸਬੰਧੀ ਮਸਲੇ 'ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਦਲ-ਬਦਲ ਰੋਕੂ ਕਾਨੂੰਨ ਦੀ ਪਵਿੱਤਰਤਾ ਬਰਕਰਾਰ ਰੱਖਣ ਦੀ ਲੋੜ ਹੈ।
ਡਿਪਟੀ ਸਪੀਕਰ ਰੌੜੀ ਨੇ ਸੀ.ਪੀ.ਏ ਭਾਰਤ ਖੇਤਰ ਜ਼ੋਨ 2 ਵੱਲੋਂ ਖੇਤਰ ਦੀਆਂ ਵਿਧਾਨ ਸਭਾਵਾਂ ਵਿਚਕਾਰ ਵਧੀਆ ਪ੍ਰਥਾਵਾਂ ਸਾਂਝੀਆਂ ਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਅਹੰਕਾਰ ਰਹਿਤ ਸੰਵਾਦ ਲਈ ਮੰਚ ਪ੍ਰਦਾਨ ਕਰਨ ਲਈ ਧੰਨਵਾਦ ਜਤਾਇਆ।