ਪੰਚਾਇਤ ਮੈਂਬਰ ਦੇ ਘਰੋਂ ਦਿਨ ਦਿਹਾੜੇ ਚੋਰੀ
ਚੋਰ 15,000 ਦੀ ਨਗਦੀ ਅਤੇ ਦੋ ਕੀਮਤੀ ਮੋਬਾਇਲ ਲੈ ਕੇ ਹੋਏ ਰਫੂ ਚੱਕਰ
ਰੋਹਿਤ ਗੁਪਤਾ
ਗੁਰਦਾਸਪੁਰ 11 ਜੂਨ 2025- ਇਲਾਕੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਪਿੰਡਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਦੇ ਘਰਾਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਬਾਜ ਨਹੀਂ ਆਉਂਦੇ। ਅਜਿਹਾ ਹੀ ਇੱਕ ਮਾਮਲਾ ਥਾਣਾ ਕਾਹਨੂੰਵਾਨ ਦੇ ਪਿੰਡ ਜਾਗੋਵਾਲ ਬਾਂਗਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਦੀ ਪੰਚਾਇਤ ਦੇ ਪੰਚ ਜਸਬੀਰ ਸਿੰਘ ਪੁੱਤਰ ਅਮਰੀਕ ਸਿੰਘ ਦੇ ਘਰ ਦਿਨ ਦਿਹਾੜੇ ਕੁਝ ਚੋਰਾਂ ਨੇ ਦਾਖਲ ਹੋ ਕੇ ਘਰ ਵਿੱਚ ਪਈ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਜਸਬੀਰ ਸਿੰਘ ਜੱਸਾ ਉਨਾਂ ਦੇ ਭਰਾ ਜਗੀਰ ਸਿੰਘ ਅਤੇ ਸਾਬਕਾ ਸੂਬੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਖੇਤਾਂ ਵਿੱਚ ਕੰਮ ਕਰਨ ਗਿਆ ਸੀ ਉਸ ਦੀ ਪਤਨੀ ਆਪਣੇ ਪੇਕੇ ਪਿੰਡ ਗਈ ਹੋਈ ਸੀ। ਜਦੋਂ ਸ਼ਾਮ ਦੇ 4 ਵਜੇ ਦੇ ਕਰੀਬ ਉਸਨੇ ਘਰ ਪਰਤ ਕੇ ਦੇਖਿਆ ਤਾਂ ਉਸ ਦਾ ਘਰ ਅੰਦਰ ਦਾਖਲ ਹੋਣ ਵਾਲਾ ਮੇਨ ਦਰਵਾਜ਼ਾ ਖੁੱਲਾ ਪਿਆ ਸੀ।
ਉਸ ਨੇ ਸੋਚਿਆ ਕਿ ਸ਼ਾਇਦ ਉਸ ਦੀ ਪਤਨੀ ਘਰ ਆ ਗਈ ਹੈ ਪਰ ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਵੱਖ ਵੱਖ ਕਮਰਿਆਂ ਵਿੱਚ ਘਰ ਦਾ ਸਮਾਨ ਖਿਲਰਿਆ ਪਿਆ ਸੀ। ਘਰ ਅੰਦਰ ਪਈਆਂ ਹੋਈਆਂ ਅਲਮਾਰੀਆਂ ਦੀ ਫੋਲਾ ਫਰਾਲੀ ਸਪਸ਼ਟ ਨਜ਼ਰ ਆ ਰਹੀ ਸੀ। ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 15 ਹਜ਼ਾਰ ਦੇ ਕਰੀਬ ਨਕਦੀ ਘਰ ਵਿੱਚ ਸੀ ਜੋ ਉਸ ਨੇ ਝੋਨਾ ਲਾਉਣ ਵਾਲੇ ਮਜ਼ਦੂਰਾਂ ਲਈ ਰੱਖੀ ਹੋਈ ਸੀ। ਇਸ ਤੋਂ ਇਲਾਵਾ ਉਸ ਦੇ ਬੇਟੇ ਵੱਲੋਂ ਵਿਦੇਸ਼ ਤੋਂ ਭੇਜੇ ਹੋਏ 2 ਕੀਮਤੀ ਮੋਬਾਇਲ ਵੀ ਚੋਰ ਲੈ ਕੇ ਰਫੂ ਚੱਕਰ ਹੋ ਗਏ ਹਨ। ਉਸ ਨੇ ਦੱਸਿਆ ਕਿ ਹੋਰ ਕੀ ਚੋਰੀ ਹੋਇਆ ਹੈ ਇਸ ਬਾਰੇ ਉਸ ਦੀ ਪਤਨੀ ਹੀ ਆ ਕੇ ਜਾਣਕਾਰੀ ਦੇ ਸਕਦੀ ਹੈ ਕਿ ਕਿਹੜਾ ਸਮਾਨ ਕਿੱਥੋਂ ਚੋਰੀ ਹੋਇਆ ਹੈ। ਜਸਬੀਰ ਸਿੰਘ ਦੇ ਘਰ ਦਿਨ ਦਿਹਾੜੇ ਚੋਰੀ ਦੀ ਪਿੰਡ ਦੇ ਇਲਾਕੇ ਵਿੱਚ ਕਾਫੀ ਚਰਚਾ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਉਹ ਇਸ ਦੀ ਸੂਚਨਾ ਥਾਣਾ ਕਾਹਨੂੰਵਾਨ ਵਿੱਚ ਲਿਖਤੀ ਤੌਰ ਤੇ ਦੇ ਦਿੱਤੀ ਹੈ।