ਹਾਦਸੇ ’ਚ ਵਿਜੈ ਰੂਪਾਣੀ ਸਮੇਤ ਯਾਤਰੀਆਂ ਦੀ ਮੌਤ ’ਤੇ ਇਕਬਾਲ ਸਿੰਘ ਲਾਲਪੁਰਾ ਨੇ ਪ੍ਰਗਟਾਇਆ ਗਹਿਰਾ ਦੁੱਖ
ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ -ਲਾਲਪੁਰਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 12 ਜੂਨ 2025:
ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-171 ਦੇ ਦੁਰਘਟਨਾਗ੍ਰਸਤ ਹੋਣ ਦੀ ਖ਼ਬਰ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਹਾਦਸੇ ਵਿਚ ਪੰਜਾਬ ਭਾਜਪਾ ਦੇ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਜੀ ਦਾ ਵੀ ਅਕਾਲ ਚਲਾਣਾ ਹੋ ਗਿਆ।
ਭਾਜਪਾ ਦੇ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਇਸ ਹਾਦਸੇ ’ਤੇ ਗਹਿਰਾ ਦੁੱਖ ਜਤਾਉਂਦਿਆਂ ਕਿਹਾ ਕਿ ਇਹ ਸਿਰਫ ਗੁਜਰਾਤ ਜਾਂ ਭਾਜਪਾ ਲਈ ਨਹੀਂ, ਸਗੋਂ ਸਾਰੇ ਦੇਸ਼ ਲਈ ਇੱਕ ਭਾਰੀ ਨੁਕਸਾਨ ਹੈ।
ਉਨ੍ਹਾਂ ਕਿਹਾ, “ਸ਼੍ਰੀ ਵਿਜੈ ਰੂਪਾਣੀ ਮੇਰੇ ਨਿਜੀ ਦੋਸਤ ਸਨ। ਉਹ ਬਹੁਤ ਹੀ ਨਿਮਰ ਸੁਭਾਅ, ਤਜਰਬੇ ਅਤੇ ਸਿਦਕ ਵਾਲੇ ਵਿਅਕਤੀ ਸਨ। ਉਨ੍ਹਾਂ ਦੀ ਮੌਤ ਮੇਰੇ ਲਈ ਨਿੱਜੀ ਅਤੇ ਰਾਜਨੀਤਕ ਤੌਰ ‘ਤੇ ਇੱਕ ਵੱਡਾ ਸਦਮਾ ਹੈ।”
ਉਨ੍ਹਾਂ ਹਾਦਸੇ ‘ਚ ਜਾਨਾਂ ਗੁਆ ਬੈਠੇ ਹੋਰ ਯਾਤਰੀਆਂ ਦੇ ਪਰਿਵਾਰਾਂ ਲਈ ਵੀ ਦੁੱਖ ਪ੍ਰਗਟਾਇਆ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ “ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇ ਅਤੇ ਪਰਿਵਾਰਾਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬੱਲ ਮਿਲੇ।