ਸਿਹਤ ਵਿਭਾਗ ਐਨ.ਐਚ.ਐਮ ਕਰਮਚਾਰੀਆਂ ਵੱਲੋਂ 15 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਵਿੱਚ ਰੋਸ ਪਰਦਰਸ਼ਨ
ਮਾਨਸਾ, 11 ਜੂਨ 2025 ਸਿਹਤ ਵਿਭਾਗ ਐਨ ਐਚ ਐਮ ਕਰਮਚਾਰੀਆਂ ਵੱਲੋਂ ਮੰਗਾਂ ਦੀ ਅਣਦੇਖੀ ਕਰਨ ਦੇ ਰੋਸ ਵਜੋਂ ਲੁਧਿਆਣਾ ਪੱਛਮੀ ਹਲਕੇ ਵਿੱਚ 15 ਜੂਨ ਨੂੰ ਘਰ ਘਰ ਪਰਚੇ ਵੰਡ ਕੇ ਪੰਜਾਬ ਸਰਕਾਰ ਖਿਲਾਫ ਰੋਸ ਪਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਧੰਜੂ ਸੀਨੀਅਰ ਸੂਬਾਈ ਆਗੂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਝੂਠੇ ਦਾਅਵੇ ਕਰਦੀ ਆ ਰਹੀ ਹੈ ਦੂਜੇ ਪਾਸੇ ਸਿਹਤ ਵਿਭਾਗ ਐਨ.ਐਚ.ਐਮ ਅਧੀਨ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਹਰ ਵਾਰ ਤਨਖਾਹ ਮਹੀਨੇ ਦੀ 25 ਤਾਰੀਖ ਦੇ ਆਸਪਾਸ ਮਿਲਦੀ ਹੈ ਕਿਉਂਕਿ ਐਨ.ਐਚ ਐਮ ਦੇ ਵਿੱਤ ਵਿਭਾਗ ਵੱਲੋਂ ਹਰ ਮਹੀਨੇ ਤਨਖਾਹਾਂ ਲਈ ਫੰਡ ਮਹੀਨੇ ਦੀ 22 ਤਾਰੀਖ ਦੇ ਆਸਪਾਸ ਹੀ ਜਿਲਿਆਂ ਨੂੰ ਜਾਰੀ ਕੀਤਾ ਜਾਂਦਾ ਹੈ। ਜਿਸ ਕਰਕੇ ਬਹੁਤ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਐਨ.ਐਚ ਐਮ ਕਰਮਚਾਰੀਆਂ ਨੂੰ ਤਨਖਾਹਾਂ ਲੇਟ ਮਿਲਣ ਕਾਰਨ ਘਰ ਦਾ ਗੁਜਾਰਾ ਚਲਾਉਣ ਲਈ ਭਾਰੀ ਮੁਸ਼ਕਿਲ ਪੇਸ਼ ਆਉਂਦੀ ਹੈ।ਇਸ ਕਰਕੇ ਐਨ.ਐਚ.ਐਮ ਦੇ ਕੱਚੇ ਕਰਮਚਾਰੀ ਭਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਰਵਿੰਦਰ ਕੁਮਾਰ ਜਿਲਾ ਪ੍ਰਧਾਨ ਐਨ.ਐਚ.ਐਮ ਇੰਪਲਾਇਜ ਯੂਨੀਅਨ ਮਾਨਸਾ ਨੇ ਕਿਹਾ ਕਿ ਐਨ ਐਚ ਐਮ ਦੇ ਵਿੱਤ ਵਿਭਾਗ ਵੱਲੋਂ ਮਹੀਨਾ ਮਈ,2025 ਦੀ ਤਨਖਾਹ ਦੇਣ ਲਈ ਫੰਡ ਦੇਣ ਸਬੰਧੀ ਅਜੇ ਤੱਕ ਕੋਈ ਵੀ ਥਹੁ ਪਤਾ ਨਹੀਂ ਹੈ । ਇਸ ਮੌਕੇ ਲਵਲੀ ਗੋਇਲ ਜਿਲਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਪਿਛਲੀਆਂ ਸਰਕਾਰਾਂ ਵਾਂਗ ਹੀ ਰੱਝ ਕੇ ਅਣਗੌਲਿਆਂ ਕੀਤਾ ਹੈ ਅਤੇ ਮੋਜੂਦਾ ਸਰਕਾਰ ਦੀ ਨੀਤੀਆਂ ਨੇ ਕੱਚੇ ਕਰਮਚਾਰੀਆਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ ਕਰਮਚਾਰੀਆਂ ਨੂੰ ਪੱਕੇ ਕਰਨਾ ਤਾਂ ਦੂਰ ਦੀ ਗੱਲ ਹੈ ਬਲਕਿ ਸਰਕਾਰ ਸਮੇਂ ਸਿਰ ਤਨਖਾਹਾਂ ਦੇਣ ਤੋਂ ਅਸਮਰੱਥ ਜਾਪਦੀ ਹੈ। ਇਸ ਮੌਕੇ ਡਾ ਵਿਸ਼ਵਜੀਤ ਸਿੰਘ ਸੀਨੀਅਰ ਆਗੂ ਨੇ ਮੰਗ ਕਰਦਿਆਂ ਕਿਹਾ ਕਿ ਐਨ.ਐਚ.ਐਮ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ ਅਤੇ ਤਨਖਾਹਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ।ਇਸ ਮੌਕੇ ਕਰਮਵੀਰ ਕੌਰ, ਰਾਜਵੀਰ ਕੌਰ,ਲਲਿਤ ਕੁਮਾਰ,ਹੈਰੀ ਗੋਇਲ,ਵਰਿੰਦਰ ਮਹਿਤਾ,ਦੀਪ ਸ਼ਿਖਾ,ਮੀਨਾਕਸ਼ੀ, ਰੋਬਿਨ ਮਿੱਤਲ,ਸ਼ਰਨਜੀਤ ਕੌਰ,ਰੇਨੂੰ ਸਿੰਗਲਾ ਆਦਿ ਨੇ ਵੀ ਸੰਬੋਧਨ ਕੀਤਾ।