ਜ਼ੀਰਕਪੁਰ: ਪੀਰ ਮੁਛੱਲਾ ਵਿਖੇ ਸਰਕਾਰੀ ਜਗ੍ਹਾ ਤੇ ਮੁੜ ਤੋਂ ਸ਼ੁਰੂ ਹੋਏ ਠੇਕੇ ਦੀ ਅਣ-ਅਧਿਕਾਰਿਤ ਉਸਾਰੀ ਢਾਹੀ ਗਈ
ਨਗਰ ਕੌਂਸਲ ਵਲੋਂ ਅਣ-ਅਧਿਕਾਰਿਤ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ
ਜ਼ੀਰਕਪੁਰ, 11 ਜੂਨ 2025- ਨਗਰ ਕੌਂਸਲ ਜ਼ੀਰਕਪੁਰ ਨੇ ਸਰਕਾਰੀ ਜਗ੍ਹਾ ਤੇ ਮੁੜ ਤੋਂ ਸ਼ੁਰੂ ਹੋਏ ਠੇਕੇ ਦੀ ਅਣ-ਅਧਿਕਾਰਿਤ ਉਸਾਰੀ ਨੂੰ ਅੱਜ ਸਵੇਰੇ ਢਾਹ ਦਿੱਤਾ। ਇਸ ਦੇ ਨਾਲ ਹੀ ਨਗਰ ਕੌਂਸਲ ਵਲੋਂ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਦੁਹਰਾਉਣ ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਬੀਤੀ 29 ਮਈ ਨੂੰ ਸਥਾਨਕ ਸਰਕਾਰ ਵਿਭਾਗ, ਪੰਜਾਬ ਦੇ ਮੰਤਰੀ ਡਾ. ਰਵਜੋਤ ਸਿੰਘ, ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਅਤੇ ਹੋਰ ਉਚ-ਅਧਿਕਾਰੀਆਂ ਦੀ ਜ਼ੀਰਕਪੁਰ ਸ਼ਹਿਰ ਦੀ ਆਮਦ ਦੌਰਾਨ ਪੀਰ-ਮੁਛੱਲਾ ਦੇ ਦੌਰੇ ਸਮੇਂ ਆਮ ਲੋਕਾਂ ਵਲੋਂ ਸਰਕਾਰੀ ਜਗ੍ਹਾ ਤੇ ਠੇਕੇ ਦੀ ਅਣ-ਅਧਿਕਾਰਤ ਉਸਾਰੀ ਸਬੰਧੀ ਮੰਤਰੀ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ਸਬੰਧੀ ਨਗਰ ਕੌਂਸਲ ਵਲੋਂ ਕਾਰਵਾਈ ਕਰਦੇ ਹੋਏ ਇਸ ਅਣ-ਅਧਿਕਾਰਤ ਉਸਾਰੀ ਨੂੰ ਮੌਕੇ ਤੇ ਹੀ ਢਾਹ/ਹਟਾ ਦਿੱਤਾ ਗਿਆ ਸੀ। ਪਰੰਤੂ ਨਿਮਨ ਕੱਲ੍ਹ ਸਰਕਾਰੀ ਜਗ੍ਹਾ ਤੇ ਠੇਕੇ ਦੀ ਅਣ-ਅਧਿਕਾਰਿਤ ਉਸਾਰੀ ਨੂੰ ਮੁੜ ਤੋਂ ਸੁਰੂ ਕਰਨ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਦੀ ਟੀਮ ਵਲੋਂ ਅੱਜ ਨੂੰ ਇਸ ਅਣ-ਅਧਿਕਾਰਿਤ ਉਸਾਰੀ ਨੂੰ ਮੁੜ ਢਾਹ ਦਿੱਤਾ ਗਿਆ।
ਕਾਰਜ ਸਾਧਕ ਅਫ਼ਸਰ ਵਲੋਂ ਆਸ-ਪਾਸ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਭਵਿੱਖ ਵਿੱਚ ਕੋਈ ਵੀ ਅਣ-ਅਧਿਕਾਰਤ ਉਸਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੋਂ ਸਥਾਨਕ ਸਰਕਾਰ ਦੇ ਨਿਰਧਾਰਿਤ ਨਿਯਮਾਂ ਅਨੁਸਾਰ ਨਕਸ਼ਾ ਪਾਸ ਕਰਵਾਉਣ ਉਪਰੰਤ ਹੀ ਉਸਾਰੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾਂ ਦੀ ਸੂਰਤ ਵਿੱਚ ਸਬੰਧਤ ਵਿਅਕਤੀ/ ਅਣ-ਅਧਿਕਾਰਤ ਉਸਾਰੀ-ਕਰਤਾ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।