ਰੰਧਾਵਾ ਨੇ 68.29 ਲੱਖ ਰੁਪਏ ਦੇ ਨਵੇਂ ਵਿਕਾਸ ਕਾਰਜ 05 ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੀਤੇ ਸਮਰਪਿਤ
ਹਰਜਿੰਦਰ ਸਿੰਘ ਭੱਟੀ
ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 28 ਮਈ 2025 - ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਆਪਣੇ ਵਿਧਾਨ ਸਭਾ ਹਲਕੇ ਦੇ ਲਾਲੜੂ ਖੇਤਰ ਅੰਦਰ ਆਉਂਦੇ ਪੰਜ ਸਕੂਲਾਂ ਵਿੱਚ 68.29 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।
ਸਿੱਖਿਆ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਵਿਰਕ ਨੇ ਵਿਧਾਇਕ ਰੰਧਾਵਾ ਦੁਆਰਾ ਅੱਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ ਵੱਖ ਵੱਖ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੱਪਰ ਵਿੱਚ 15 ਲੱਖ 71 ਹਜਾਰ ਨਾਲ ਇਕ ਆਧੁਨਿਕ ਕਲਾਸ ਰੂਮ ਤੇ ਹੋਰ ਕੰਮ, ਸਰਕਾਰੀ ਹਾਈ ਸਕੂਲ ਪਿੰਡ ਦੱਪਰ ਵਿੱਚ 21 ਲੱਖ 68 ਹਜਾਰ 328 ਰੁਪਏ ਨਾਲ ਦੋ ਆਧੁਨਿਕ ਲੈਬ ,ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਬੈਰਮਾਜਰਾ ਵਿੱਚ 7 ਲੱਖ 51ਹਜਾਰ ਨਾਲ ਆਧੁਨਿਕ ਕਲਾਸ ਰੂਮ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਘੋਲੂਮਾਜਰਾ ਵਿੱਚ 12 ਲੱਖ 14 ਹਜਾਰ 299 ਰੁਪਏ ਨਾਲ ਇੱਕ ਆਧੁਨਿਕ ਕਲਾਸ ਰੂਮ ਤੇ ਹੋਰ ਕੰਮ, ਸਰਕਾਰੀ ਮਿਡਲ ਸਕੂਲ ਪਿੰਡ ਘੋਲੂਮਾਜਰਾ ਵਿੱਚ 11 ਲੱਖ 25 ਹਜਾਰ ਨਾਲ ਹੋਏ ਚਾਰਦੀਵਾਰੀ ਤੇ ਹੋਰ ਵਿਕਾਸ ਕਾਰਜ ਦੇ ਉਦਘਾਟਨ ਕਰਕੇ ਵਿਦਿਆਰਥੀਆਂ ਦੇ ਸਪੁਰਦ ਕੀਤੇ।
ਵਿਧਾਇਕ ਰੰਧਾਵਾ ਨੇ ਕਿਹਾ ਜਦੋਂ ਉਹ ਸਕੂਲਾਂ ਦੇ ਦੌਰੇ ਦੌਰਾਨ ਨਵੇਂ ਨਵੇਂ ਕਮਰੇ, ਸਮਾਰਟ ਕਲਾਸ ਰੂਮ, ਕੰਪਿਊਟਰ ਤੇ ਸਾਇੰਸ ਲੈਬ, ਸਾਫ ਪੀਣ ਵਾਲੇ ਪਾਣੀ ਦੀ ਵਿਵਸਥਾ, ਖੇਡ ਦੇ ਮੈਦਾਨ ਆਦਿ ਦੇਖਦੇ ਹਨ ਤਾਂ ਉਸ ਮੌਕੇ ਉਥੇ ਪੜ੍ਹ ਰਹੇ ਬੱਚਿਆਂ ਦੇ ਚਿਹਰਿਆਂ ਤੇ ਆਈ ਮੁਸਕਾਨ ਹੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦਾ ਸਭ ਤੋਂ ਵੱਡਾ ਧੰਨਵਾਦ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ ਇੱਕ ਨਿਸ਼ਾਨਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿੱਖ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾ ਕੇ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਮਿਆਰੀ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣਾ ਹੈ।
ਇਸ ਮੌਕੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਰਹੀ।