ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ
ਹਰਜਿੰਦਰ ਸਿੰਘ ਭੱਟੀ
ਥੇਹ ਕਲੰਦਰ, 28 ਮਈ 2025 - ਕਲਗੀਧਰ ਟਰੱਸਟ ਬੜੂ ਸਾਹਿਬ ਵਿਦਿਅਕ ਸੰਸਥਾ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ "ਸ਼ਹੀਦਾਂ ਦੇ ਸਰਤਾਜ" ਅਤੇ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸਵੇਰ ਦੀ ਅਰਦਾਸ ਦੌਰਾਨ ਅਕਾਲ ਅਕੈਡਮੀ ਥੇਹ ਕਲੰਦਰ ਦੇ ਪ੍ਰਿੰਸੀਪਲ ਗੁਰਜੀਤ ਕੌਰ ਦੀ ਅਗਵਾਈ ਹੇਠ ਗੁਰਮਤਿ ਅਤੇ ਸੰਗੀਤ ਵਿਭਾਗ ਦੀ ਇੰਚਾਰਜ ਤਲਵਿੰਦਰ ਕੌਰ ਵੱਲੋਂ ਕਰਵਾਏ ਗਏ। ਸਮਾਗਮ ਦੌਰਾਨ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਨਿੱਤਨੇਮ ਉਪਰੰਤ ਵਾਹਿਗੁਰੂ ਜਾਪ, ਸ਼ਬਦ ਕੀਰਤਨ, ਕਵਿਤਾਵਾਂ ਅਤੇ ਕਵੀਸ਼ਰੀਆਂ ਰਾਹੀਂ ਆਪਣੀ ਸ਼ਰਧਾ ਭਾਵਨਾ ਪ੍ਰਗਟ ਕੀਤੀ।
ਦਸਵੀਂ ਜਮਾਤ ਦੀ ਵਿਦਿਆਰਥਣ ਅੰਤਰੀਵ ਕੌਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ 'ਤੇ ਅਧਾਰਿਤ ਆਪਣੀ ਲਿਖੀ ਹੋਈ ਕਵਿਤਾ ਪੇਸ਼ ਕਰਕੇ ਸਭ ਦੇ ਮਨ ਮੋਹ ਲਏ। ਇਸ ਸਮਾਗਮ ਵਿੱਚ ਅਕੈਡਮੀ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਵਿੱਚ ਸ਼ਿਰਕਤ ਕੀਤੀ। ਅੰਤ ਵਿੱਚ ਪ੍ਰਿੰਸੀਪਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਕਲਯੁਗ ਵਿੱਚ ਤਪਦੀ ਹੋਈ ਮਨੁੱਖਤਾ ਨੂੰ ਠੰਡ ਪਾਉਣ, ਸੱਚਾਈ ਦਾ ਰਾਹ ਵਿਖਾਉਣ ਅਤੇ ਨਿਮਰਤਾ, ਸੇਵਾ ਤੇ ਸ਼ਾਂਤੀ ਦੀ ਸਿਖਿਆ ਦੇਣ ਲਈ ਅਵਤਾਰ ਧਾਰਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ 'ਤੇ ਚੱਲਦਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਅਰਥਪੂਰਨ ਬਣਾਉਣਾ ਚਾਹੀਦਾ ਹੈ। ਇਹ ਸਮਾਗਮ ਅਕੈਡਮੀ ਵੱਲੋਂ ਧਾਰਮਿਕ ਅਤੇ ਆਧਿਆਤਮਿਕ ਮੁੱਲਾਂ ਦੀ ਸਥਾਪਨਾ ਵੱਲ ਇਕ ਹੋਰ ਕਦਮ ਸੀ, ਜਿਸ ਰਾਹੀਂ ਵਿਦਿਆਰਥੀਆਂ ਦੇ ਮਨ ਵਿੱਚ ਗੁਰੂ ਸਾਹਿਬਾਨਾਂ ਪ੍ਰਤੀ ਪਿਆਰ, ਸਤਿਕਾਰ ਅਤੇ ਨਿਮਰਤਾ ਦਾ ਬੀਜ ਬੀਜਿਆ ਗਿਆ।