ਡਾ. ਸੁਰਜੀਤ ਪਾਤਰ ਜਿਹੀਆਂ ਸ਼ਖ਼ਸੀਅਤਾਂ ਦਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਣਾ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ: ਡਾ. ਜਗਦੀਪ ਸਿੰਘ
- ਮਰਹੂਮ 'ਪੰਜਾਬੀ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਯਾਦਗਾਰੀ ਭਾਸ਼ਣ ਲੜੀ' ਅਧੀਨ ਕਰਵਾਇਆ ਪਹਿਲਾ ਵਿਸ਼ੇਸ਼ ਭਾਸ਼ਣ
ਪਟਿਆਲਾ, 28 ਮਈ 2025 - ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਗਈ ਮਰਹੂਮ 'ਪੰਜਾਬੀ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਯਾਦਗਾਰੀ ਭਾਸ਼ਣ ਲੜੀ' ਅਧੀਨ ਪਹਿਲਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਵੱਲੋਂ ਆਪਣੇ ਵਡਮੁੱਲੇ ਸਾਹਿਤ ਨਾਲ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਅਥਾਹ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਇਸ ਮੌਕੇ ਡਾ. ਸੁਰਜੀਤ ਪਾਤਰ ਨਾਲ਼ ਆਪਣੀਆਂ ਕੁੱਝ ਮੁਲਕਾਤਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਨਿੱਘੇ ਸੁਭਾਅ ਦੇ ਗੁਣਵਾਨ ਮਨੁੱਖ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਸੁਰਜੀਤ ਪਾਤਰ ਇੱਥੋਂ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਨੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਦੀ ਗੋਦ ਵਿੱਚ ਬੈਠ ਕੇ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਜੋ ਥਾਂ ਡਾ. ਪਾਤਰ ਦੀ ਹੈ, ਉਹ ਕੋਈ ਦੂਜਾ ਨਹੀਂ ਲੈ ਸਕਦਾ।
ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਸੁਰਜੀਤ ਸਿੰਘ ਭੱਟੀ ਨੇ ਆਪਣੇ ਭਾਸ਼ਣ ਵਿੱਚ ਡਾ. ਸੁਰਜੀਤ ਪਾਤਰ ਬਾਰੇ ਗੱਲ ਕਰਦਿਆਂ ਉਹਨਾਂ ਦੀ ਜ਼ਿੰਦਗੀ ਅਤੇ ਰਚਨਾਵਾਂ ਸਬੰਧੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਡਾ. ਸੁਰਜੀਤ ਪਾਤਰ ਇੱਕ ਸਫਲ ਕਵੀ ਹੀ ਨਹੀਂ ਸਗੋਂ ਇੱਕ ਸੰਵੇਦਨਸ਼ੀਲ ਸ਼ਖ਼ਸੀਅਤ ਦੇ ਮਾਲਕ ਵੀ ਸਨ। ਉਹਨਾਂ ਦੱਸਿਆ ਕਿ ਕਿਵੇਂ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਛੋਟੀਆਂ—ਛੋਟੀਆਂ ਘਟਨਾਵਾਂ ਨੂੰ ਡਾ. ਸੁਰਜੀਤ ਪਾਤਰ ਜੀ ਨੇ ਜੀਅ ਕੇ ਕਵਿਤਾ ਜਾਂ ਗ਼ਜ਼ਲ ਦੇ ਰੂਪ ਵਿੱਚ ਸ਼ਬਦਾਂ ਵਿੱਚ ਢਾਲਿਆ।
ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਡਾ. ਸੁਰਜੀਤ ਪਾਤਰ ਜੀ ਦੇ ਪੰਜਾਬੀ ਭਾਸ਼ਾ ਪ੍ਰਤੀ ਚਿੰਤਨ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਅੰਤਲੇ ਸਮੇਂ ਤੱਕ ਪਾਤਰ ਸਾਹਿਬ ਪੰਜਾਬੀ ਭਾਸ਼ਾ ਨੂੰ ਲੈ ਕੇ ਸੰਵੇਦਨਸ਼ੀਲ ਸਨ।
ਯੂਨੀਵਰਸਿਟੀ ਧੁਨੀ ਨਾਲ ਸ਼ੁਰੂ ਹੋਏ ਇਸ ਸਮਾਗਮ ਦੇ ਸੰਚਾਲਕ ਡਾ. ਪਰਮਿੰਦਰਜੀਤ ਕੌਰ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਹਨਾਂ ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਵਿਸ਼ੇਸ਼ ਭਾਸ਼ਣ ਲੜੀ ਦੇ ਆਗਾਜ਼ ਕਰਨ ਵਾਲੇ ਇਸ ਪਲੇਠੇ ਸਮਾਗਮ ਦੀ ਪ੍ਰਵਾਨਗੀ ਲਈ ਉਪਕੁਲਪਤੀ ਪ੍ਰੋ. ਜਗਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸਮਾਗਮ ਦੌਰਾਨ ਰਸਮੀ ਸਵਾਗਤੀ ਭਾਸ਼ਣ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਫ਼ੈਲੋ ਡਾ. ਸੁਰਿੰਦਰ ਮੰਡ ਨੇ ਦਿੱਤਾ। ਉਨ੍ਹਾਂ ਡਾ. ਸੁਰਜੀਤ ਪਾਤਰ ਜੀ ਬਾਰੇ ਗੱਲਾਂ ਕਰਦਿਆਂ ਉਨ੍ਹਾਂ ਦੀ ਗ਼ਜ਼ਲ ‘ਬਹੁਤ ਗੁਲ ਖ਼ਿਲੇ ਨੇ ਨਿਗ੍ਹਾਵਾਂ ਤੋਂ ਚੋਰੀ, ਕਿੱਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ’ ਦਾ ਖ਼ੂੁਬਸੂਰਤ ਗਾਇਨ ਕੀਤਾ।ਅੰਤ ਵਿੱਚ ਡਾ. ਪਰਮੀਤ ਕੌਰ ਨੇ‘ਧੰਨਵਾਦੀ ਸ਼ਬਦ’ ਪੇਸ਼ ਕੀਤੇ।