ਕਿਸਾਨਾਂ ਮਜ਼ਦੂਰਾਂ ਵੱਲੋਂ ਦੂਸਰੇ ਦਿਨ ਵੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ
ਅਸ਼ੋਕ ਵਰਮਾ
ਲੰਬੀ 28 ਮਈ 2025:ਪਿੰਡ ਕਿੱਲਿਆਂਵਾਲੀ ਵਿਖੇ ਪਹੁੰਚੇ ਖੇਤੀਬਾੜੀ ਗੁਰਮੀਤ ਸਿੰਘ ਖੁਡੀਆਂ ਨੂੰ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਦੂਸਰੇ ਦਿਨ ਵੀ ਕਈ ਤਿੱਖੇ ਕੀਤੇ ਗਏ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਖੂਨਣ ਖੁਰਦ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਡਾਕਟਰ ਹਰਪਾਲ ਸਿੰਘ ਕਿੱਲਿਆਂਵਾਲੀ ਦੀ ਅਗਵਾਈ ਹੇਠ ਜੁੜੇ ਵੱਡੀ ਗਿਣਤੀ ਮਜ਼ਦੂਰਾਂ ਕਿਸਾਨਾਂ ਤੇ ਔਰਤਾਂ ਦੀ ਹਾਜ਼ਰੀ ਵਿੱਚ ਆਪ ਸਰਕਾਰ ਵੱਲੋਂ ਚੋਣਾਂ ਦੌਰਾਨ ਔਰਤਾਂ ਨੂੰ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਤੇ ਪੈਨਸ਼ਨ 2500 ਰੁਪਏ ਮਹੀਨਾ ਕਰਨ ਦਾ ਵਾਅਦਾ ਪੂਰਾ ਨਾ ਕਰਨ ਸਬੰਧੀ ਪੁੱਛਿਆ ਗਿਆ। ਉਹਨਾਂ ਪਿੰਡਾਂ ਚੋਂ ਸਰਕਾਰ ਚਲਾਉਣ ਦੇ ਦਾਅਵੇ ਨਾਲ ਸਤਾ ਚ ਆਪ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਚੰਡੀਗੜ੍ਹ ਧਰਨਾ ਲਾਉਣ ਤੋਂ ਰੋਕਣ ਲਈ ਪੂਰੇ ਪੰਜਾਬ ਨੂੰ ਪੁਲਿਸ ਛਾਉਣੀ ਚ ਤਬਦੀਲ ਕਰਨ, ਚੰਦਭਾਨ ਦੇ ਮਜ਼ਦੂਰਾਂ 'ਤੇ ਗੋਲੀਆਂ ਚਲਾਉਣ ਅਤੇ ਮਜ਼ਦੂਰ ਘਰਾਂ ਦੀ ਭੰਨਤੋੜ ਤੇ ਲੁੱਟ ਮਾਰ ਕਰਨ ਵਾਲੇ ਦੋਸ਼ੀਆਂ ਨੂੰ ਕਈ ਮਹੀਨੇ ਬੀਤਣ ਦੇ ਬਾਵਜੂਦ ਗਿਰਫ਼ਤਾਰ ਨਾ ਕਰਨ ਅਤੇ ਜਿਉਂਦ ਸਮੇਤ ਥਾਂ ਥਾਂ ਉਤੇ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਭਾਰੀ ਪੁਲਿਸ ਨਫਰੀ ਝੋਕ ਕੇ ਜ਼ਬਰੀ ਜ਼ਮੀਨਾਂ ਖੋਹਣ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ।
ਕਿਸਾਨ ਮਜ਼ਦੂਰ ਆਗੂਆਂ ਨੇ ਖੇਤੀਬਾੜੀ ਮੰਤਰੀ ਨੂੰ ਸਵਾਲ ਕੀਤਾ ਕਿ ਭਿਰਸ਼ਟਾਚਾਰ ਦੇ ਮਾਮਲੇ ਚ ਜ਼ੀਰੋ ਟੌਰਰਿੰਸ ਦੇ ਦਾਅਵਿਆਂ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ਚ ਆਦਰਸ਼ ਸਕੂਲ ਚਾਉਕੇ ਦੀ ਮੈਨੇਜਮੈਂਟ ਵੱਲੋਂ ਕੀਤੇ ਭ੍ਰਿਸ਼ਟਾਚਾਰ ਬਾਰੇ ਡਿਪਟੀ ਕਮਿਸ਼ਨਰ ਦੀ ਪੜਤਾਲੀਆ ਰਿਪੋਰਟ ਚ ਪੁਸ਼ਟੀ ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਮੈਨੇਜਮੈਂਟ ਖਿਲਾਫ ਸੰਘਰਸ਼ ਕਰਦੇ ਅਧਿਆਪਕਾਂ ਤੇ ਕਿਸਾਨਾਂ ਸਮੇਤ 13 ਮਹੀਨਿਆਂ ਦੀ ਬੱਚੀ ਨੂੰ ਜੇਲ੍ਹ ਚ ਡੱਕ ਦੇਣਾ ਭਲਾਂ ਕਿਥੋਂ ਦਾ ਨਿਆਂ ਹੈ? ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ ਤੇ ਕਿਸਾਨ ਆਗੂ ਹਰਪਾਲ ਸਿੰਘ ਕਿੱਲਿਆਂਵਾਲੀ ਨੇ ਜ਼ਾਰੀ ਬਿਆਨ ਰਾਹੀਂ ਦੱਸਿਆ ਕਿ ਖੇਤੀਬਾੜੀ ਮੰਤਰੀ ਕਿਸੇ ਵੀ ਸਵਾਲ ਦਾ ਤਸੱਲੀਬਖ਼ਸ਼ ਜਵਾਬ ਦੇਣ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਡੰਗ ਟਪਾਈ ਕਰਦੇ ਰਹੇ। ਇਸ ਮੌਕੇ ਮਹਿਲਾ ਮਜ਼ਦੂਰ ਆਗੂ ਤਾਰਾਵੰਤੀ ਤੇ ਰਾਮਪਾਲ ਸਿੰਘ ਗੱਗੜ ਤੋਂ ਇਲਾਵਾ ਕਿਸਾਨ ਆਗੂ ਵੀ ਮੌਜੂਦ ਸਨ।
ਗੁਰਮੀਤ ਸਿੰਘ ਖੁੱਡੀਆਂ ਨੂੰ ਇਹ ਪੁੱਛਿਆ ਗਿਆ ਕਿ ਉਹਨਾਂ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਮਜ਼ਦੂਰਾਂ ਕਿਸਾਨਾਂ 'ਤੇ ਲੰਬੀ ਵਿਖੇ ਹੋਏ ਲਾਠੀਚਾਰਜ ਦਾ ਮੁਕਦਮਾ ਵਾਪਸ ਲੈਣ ਦਾ ਫੈਸਲਾ ਮੁੱਖ ਮੰਤਰੀ ਦੀ ਮੀਟਿੰਗ ਦੇ ਵਿੱਚ ਤੁਹਾਡੀ ਹਾਜ਼ਰੀ 'ਚ ਲਿਆ ਗਿਆ ਸੀ ਅਤੇ ਇਸ ਨੂੰ ਅਮਲੀ ਰੂਪ 'ਚ ਲਾਗੂ ਕਰਾਉਣ ਦੀ ਜਿੰਮੇਵਾਰੀ ਵੀ ਤੁਹਾਨੂੰ ਦਿੱਤੀ ਗਈ ਸੀ ਪਰ ਕੇਸ ਵਾਪਸ ਲੈਣ ਦੀ ਬਜਾਏ ਉਸਦਾ ਚਲਾਨ ਪੇਸ਼ ਕਰ ਦਿੱਤਾ ਗਿਆ ਤਾਂ ਗੁਰਮੀਤ ਸਿੰਘ ਖੁੱਡੀਆਂ ਇਸ ਦਾ ਵੀ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਇਸੇ ਤਰ੍ਹਾਂ ਹੀ ਗੁਰਮੀਤ ਸਿੰਘ ਖੁੱਡੀਆਂ ਸ਼ੰਭੂ ਤੇ ਖਨੌਰੀ ਬਾਰਡਰਾਂ 'ਤੇ ਕਿਸਾਨਾਂ ਦੇ ਤੰਬੂ ਤੋੜਨ ਤੇ ਸਮਾਨ ਚੋਰੀ ਕਰਨ ਵਾਲੇ ਮਾਮਲੇ ਚ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ।
ਕਿਸਾਨ ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜਿਹੜੇ ਲੋਕ ਲਭਾਉਣੇ ਵਾਅਦੇ ਕਰਕੇ ਆਪ ਸਰਕਾਰ ਸਤਾ ਵਿੱਚ ਆਈ ਹੈ, ਉਹਨਾਂ ਦੇ ਹਵਾਲੇ ਨਾਲ ਪਿੰਡਾਂ 'ਚ ਆਉਣ ਵਾਲੇ ਸਰਕਾਰ ਦੇ ਹਰ ਨੁਮਾਇੰਦੇ ਨੂੰ ਸਵਾਲ ਕੀਤੇ ਜਾਣਗੇ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਰਾਮਪਾਲ ਸਿੰਘ ਗੱਗੜ ਨੇ ਆਖਿਆ ਕਿ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਪੈਨਸ਼ਨ 2500 ਰੁਪਏ ਮਹੀਨਾ ਕਾਰਨ ਅਤੇ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕਰਨ ਵਰਗੇ ਵਾਅਦਿਆਂ ਨੂੰ ਪੂਰਾ ਕਰਾਉਣ ਲਈ 30 ਮਈ ਨੂੰ ਕੈਬਨਟ ਮੰਤਰੀ ਬਲਜੀਤ ਕੌਰ ਦੇ ਮਲੋਟ ਵਾਲੀ ਰਿਹਾਇਸ਼ ਅੱਗੇ ਜਿਲਾ ਪੱਧਰੀ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।