ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਮਿਲੇਗਾ ਛੁਟਕਾਰਾ– ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਨਸ਼ਾ ਮੁਕਤੀ ਯਾਤਰਾ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿਖੇ ਡਿਫੈਂਸ ਕਮੇਟੀਆਂ ਨਾਲ ਮੀਟਿੰਗ
ਸ੍ਰੀ ਮੁਕਤਸਰ ਸਾਹਿਬ/ਮਲੋਟ/ਗਿੱਦੜਬਾਹਾ/ਲੰਬੀ, 28 ਮਈ
ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੰਦੇ ਹੋਏ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਲੁਹਾਰਾ, ਕਿੱਲਿਆਂਵਾਲੀ, ਵੜਿੰਗ ਖੇੜਾ, ਫੱਤਾ ਕੇਰਾ ਵਿਖੇ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਅਤੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਦੀ ਸਹੁੰ ਚੁਕਾਈ।
ਸ. ਖੁੱਡੀਆਂ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਤੇ ਇਸ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾਵਾਂ ਤਹਿਤ ਰੋਜ਼ਾਨਾ ਦੇ ਆਧਾਰ ਉਤੇ ਪਿੰਡਾਂ ਵਿੱਚ ਨਸ਼ਿਆਂ ਦੇ ਖਾਤਮੇ ਦਾ ਸੱਦਾ ਦਿੰਦੇ ਹੋਏ ਲੋਕਾਂ ਨੂੰ ਇਸ ਵੱਡੀ ਸਮਾਜਿਕ ਬੁਰਾਈ ਦੇ ਖਾਤਮੇ ਲਈ ਇੱਕਜੁੱਟ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਹੀ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਪਿੰਡ ਮੋਤਲੇਵਾਲ, ਚੱਕ ਮੋਤਲੇਵਾਲ ਅਤੇ ਮਡਾਹਰ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਜਿਹੜੇ ਲੋਕ ਕਿਸੇ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ, ਉਹਨਾਂ ਦਾ ਮੁਫਤ ਇਲਾਜ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਉਹ ਅਜਿਹੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਹੋ ਕੇ ਆਪਣਾ ਇਲਾਜ ਜ਼ਰੂਰ ਕਰਵਾਉਣ ਅਤੇ ਨਸ਼ਾ ਰਹਿਤ ਜਿੰਦਗੀ ਜਿਊਣ।
ਮਲੋਟ ਹਲਕੇ ਦੇ ਪਿੰਡ ਲੱਕੜ ਵਾਲਾ, ਲਖਮੀਰੇਆਣਾ, ਖੂੰਨਣ ਕਲਾਂ , ਖੁੰਡੇ ਹਲਾਲ ਅਤੇ ਮਲੋਟ ਸ਼ਹਿਰ ਦੇ ਵਾਰਡ ਨੰਬਰ 1,2,3,4 ਤੇ 5 ਵਿੱਚ ਚੇਅਰਮੈਨ ਮਾਰਕਿਟ ਕਮੇਟੀ, ਸ੍ਰੀ ਜਸ਼ਨ ਬਰਾੜ ਨੇ ਕਿਹਾ ਕਿ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਨਸ਼ੇ ਵੇਚ ਕੇ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਨਾਜਾਇਜ਼ ਜਾਇਦਾਦਾਂ ਨੂੰ ਵੀ ਢਾਹਿਆ ਜਾ ਰਿਹਾ ਹੈ ਅਤੇ ਇਸ ਨਸ਼ੇ ਦੇ ਖਾਤਮੇ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ।
ਹਲਕਾ ਗਿੱਦੜਬਾਹਾ ਦੇ ਪਿੰਡ ਲੌਹਾਰਾ, ਦੋਦਾ ਅਤੇ ਕੋਠੇ ਸੁਰਗਾਪੁਰੀ ਵਿਖੇ ਹਲਕਾ ਵਿਧਾਇਕ ਸ੍ਰੀ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਕਾਰਜ ਵਿੱਚ ਲੋਕਾਂ ਤੋਂ ਵੱਡਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕ ਨਸ਼ਾ ਛੱਡਣ ਲਈ ਅੱਗੇ ਵੀ ਆ ਰਹੇ ਹਨ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਵੀ ਦੇ ਰਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਨਾ ਕੇਵਲ ਨਸ਼ਾ ਤਸਕਰਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਸਗੋਂ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਖੇਡ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਯੂਥ ਆਗੂ ਅਮੀਤ ਸਿੰਘ ਖੁੱਡੀਆਂ, ਅਭੇ ਸਿੰਘ ਢਿੱਲੋਂ ਅਤੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਇੰਚਾਰਜ ਮਨਵੀਰ ਸਿੰਘ ਖੁੱਡੀਆਂ ਤੋਂ ਇਲਾਵਾ ਹਲਕਾ ਮਲੋਟ ਮੋਰਚੇ ਦੇ ਕੁਆਰਡੀਨੇਟਰ ਬਲਰਾਜ ਸਿੰਘ, ਹਲਕਾ ਗਿੱਦੜਬਾਹਾ ਮੋਰਚੇ ਦੇ ਇੰਚਾਰਜ ਮਾਧੋ ਦਾਸ ਸਿੰਘ ਖਾਲਸਾ, ਹਲਕਾ ਲੰਬੀ ਮੋਰਚੇ ਦੇ ਇੰਚਾਰਜ ਪਰਮਪਾਲ ਸਿੰਘ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਮੋਰਚੇ ਦੇ ਇੰਚਾਰਜ ਸਰਪੰਚ ਜਗਸੀਰ ਸਿੰਘ ਸੰਧੂ ਹਾਜ਼ਰ ਸਨ।