USA ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
ਹਰਦਮ ਮਾਨ
ਸਰੀ, 14 ਮਈ 2025-ਆਪਣੇ ਸਾਹਿਤਕ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਬੀਤੇ ਦਿਨੀਂ ‘ਰੰਧਾਵਾ ਫਾਊਂਡੇਸ਼ਨ, ਕੈਂਟ ਸਿਆਟਲ’ ਵਿਖੇ ਕਰਵਾਏ ਗਏ ਸਾਹਿਤਕ ਪ੍ਰੋਗਰਾਮ ਸੰਸਾਰ-ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀ 52ਵੀਂ ਬਰਸੀ ਨੂੰ ਸਮਰਪਿਤ ਕੀਤਾ ਗਿਆ। ਸਮਾਰੋਹ ਦੌਰਾਨ ਉੱਘੇ ਵਿਦਵਾਨ, ਬਹੁ-ਭਾਸ਼ੀ ਸਾਹਿਤਕਾਰ, ਸਿੱਖਿਆ ਸ਼ਾਸ਼ਤਰੀ ਅਤੇ ਕਈ ਸੰਸਥਾਵਾਂ ਦੀ ਸਥਾਪਨਾ ਕਰ ਕੇ ਲੋੜਵੰਦਾਂ ਨੂੰ ਸੇਵਾਵਾਂ ਦੇ ਰਹੇ, ਸਭਾ ਦੇ ਸੀਨੀਅਰ ਮੈਂਬਰ ਡਾ. ਪ੍ਰੇਮ ਕੁਮਾਰ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ।
.jpg)
ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਸ਼ਿਵ ਕੁਮਾਰ ਬਟਾਲਵੀ ਵੱਲੋਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਈਆਂ ਕਿਤਾਬਾਂ - ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਲੂਣਾ ਆਦਿ ਦੀ ਜਾਣਕਾਰੀ ਸਾਂਝੀ ਕੀਤੀ। ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਸਨਮਾਨਿਤ ਸ਼ਖ਼ਸੀਅਤ ਡਾ. ਪ੍ਰੇਮ ਕੁਮਾਰ ਦੀ ਜਾਣ ਪਹਿਚਾਣ ਕਰਵਾਈ ਅਤੇ ਸ਼ਿਵ ਦੀ ਲੂਣਾ ਦਾ ਜ਼ਿਕਰ ਕਰਦਿਆਂ ਉਹਨਾਂ ‘ਲੂਣਾ’ ਬਾਰੇ ਕੁਝ ਸੋਚਣ ਲਈ ਸਮਾਜ ਨੂੰ ਪ੍ਰੇਰਿਆ ਜੋ ਸਮਾਜ ਦੇ ਧੱਕਿਆਂ ਦੀਆਂ ਸ਼ਿਕਾਰ ਹੋ ਕੇ ਅੱਲ੍ਹੜ-ਉਮਰੇ ਕੈਨੇਡਾ ਦੀ ਫ੍ਰੇਜ਼ਰ ਨਦੀ ਦੇ ਪੁਲ ਤੋਂ ਛਾਲ ਮਾਰ ਕੇ ਆਪਣੀਆਂ ਜੀਵਨ-ਲੀਲਾਵਾਂ ਸਮਾਪਤ ਕਰ ਚੁੱਕੀਆਂ ਹਨ ਜਾਂ ਕਰ ਰਹੀਆਂ ਹਨ। ‘ਲੂਣਾ’ ਵਰਗੇ ਮਹਾਂਕਾਵਿ ਨਾਲ ਔਰਤਾਂ ਦੀ ਪ੍ਰਚੱਲਤ ਦਸ਼ਾ-ਦਿਸ਼ਾ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਾਲੇ ਬ੍ਰਿਹੋਂ-ਸਮਰਾਟ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕਈ ਪੱਖਾਂ ‘ਤੇ ਚਾਨਣਾ ਪਾਉਂਦਿਆਂ, ਉਹਨਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਡਾ. ਪ੍ਰੇਮ ਕੁਮਾਰ ਨੇ ਸ਼ਿਵ ਦੀਆਂ ਰਚਨਾਵਾਂ ਅਤੇ ਉਹਨਾਂ ਦੀ ਜ਼ਿੰਦਗੀ ਦੀਆਂ ਕਈ ਖਾਸ ਘਟਨਾਵਾਂ, ਉਹਨਾਂ ਦੇ ਸੁਭਾਅ, ਰਹਿਣ ਸਹਿਣ ਦੇ ਢੰਗ ਦੇ ਕਈ ਪੱਖਾਂ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ। ਅਵਤਾਰ ਸਿੰਘ ਆਦਮਪੁਰੀ, ਰਾਜਿੰਦਰ ਸਿੰਘ ਮਿਨਹਾਸ, ਹਰਜਿੰਦਰ ਸਿੰਘ ਸੰਧਾਵਾਲੀਆ, ਹਰਸ਼ਿੰਦਰ ਸਿੰਘ ਸੰਧੂ, ਕਿਰਨ ਸੋਹਲ, ਮਨਜੀਤ ਕੌਰ ਕੋਟਕਪੂਰਾ, ਜਗੀਰ ਸਿੰਘ, ਉਪਿੰਦਰ ਸਿੰਘ ਢੀਂਡਸਾ, ਹਰਦੇਵ ਸਿੰਘ ਜੱਜ, ਹਰਕੀਰਤ ਕੌਰ, ਜੰਗਪਾਲ ਸਿੰਘ ਨੇ ਸ਼ਿਵ ਦੀਆਂ ਲੋਕ-ਸਾਹਿਤ ਦਾ ਹਿੱਸਾ ਬਣੀਆਂ ਅਤੇ ਅਮਰ ਹੋ ਚੁੱਕੀਆਂ ਲਿਖਤਾਂ ਦੀ ਗੱਲ ਕੀਤੀ।
ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਲਈ ਦਹਾਕਿਆਂ ਤੋਂ ਸਮਰਪਿਤ ਦੀ ਭਾਵਨਾ ਨਾਲ ਕੰਮ ਕਰ ਰਹੇ, ਆਉਣ ਵਾਲੀ ਪੀੜੀ ਲਈ ਤਕੜਾ ਪਲੇਟਫਾਰਮ ਮੁਹੱਈਆ ਕਰਵਾਉਣ ਵਾਲੇ, ਮਾਂ ਬੋਲੀ ਪੰਜਾਬੀ ਦੇ ਸਰਵ ਪੱਖੀ ਵਿਕਾਸ ਲਈ ਯਤਨ ਕਰ ਰਹੇ ਸੂਝਵਾਨ, ਮਿੱਠ ਬੋਲੜੇ ਸਾਹਿਤਕਾਰ ਅਤੇ ਸਭਾ ਦੇ ਸਤਿਕਾਰਿਤ ਸੀਨੀਅਰ ਮੈਂਬਰ ਡਾ. ਪ੍ਰੇਮ ਕੁਮਾਰ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ। ਸਭਾ ਦੇ ਪ੍ਰੈਸ ਸਕੱਤਰ ਮੰਗਤ ਕੁਲਜਿੰਦ ਨੇ ਉਹਨਾਂ ਦੇ ਲਿਖੇ ਇਕ ਸ਼ਿਅਰ ‘ਪਹਿਲੀ ਵਾਰ ਜਦੋਂ ਉਹ ਘਰ ਤੋਂ ਬਾਹਰ ਗਿਆ, ਬੰਦ ਬੂਹੇ ਨੂੰ ਚੁੱਪ ਦਾ ਜੰਦਰਾ ਮਾਰ ਗਿਆ।’ ਰਾਹੀਂ ਆਪਣੇ ਸਤਿਕਾਰ ਦਾ ਇਜ਼ਹਾਰ ਕੀਤਾ ਅਤੇ ਡਾ. ਪ੍ਰੇਮ ਕੁਮਾਰ ਦੀ ਸ਼ਖ਼ਸੀਅਤ ਨੂੰ ਉਭਾਰਦੀ ਇਕ ਕਵਿਤਾ ਪੇਸ਼ ਕੀਤੀ। ਸਭਾ ਦੇ ਸਮੂਹ ਮੈਂਬਰਾਂ, ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਸਨਮਾਨ-ਚਿੰਨ੍ਹ ਦੇ ਕੇ ਅਤੇ ਉਹਨਾਂ ਦੀ ਸੁਪਤਨੀ ਸਵਰਨ ਕੁਮਾਰ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਸ਼ਹਿਰ ਦੀਆਂ ਕਈ ਹੋਰ ਬਹੁ-ਗੁਣੀ ਸ਼ਖ਼ਸੀਅਤਾਂ ਨੂੰ ਵੀ ਸਭਾ ਵੱਲੋਂ ਸਨਮਾਨਿਆ ਗਿਆ।
ਰਚਨਾਵਾਂ ਦੇ ਦੌਰ ਵਿਚ ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਨੇ ਧੀ-ਪਿਉ ਦੇ ਨਿੱਘੇ ਰਿਸ਼ਤੇ ਨੂੰ ਦਰਸਾਉਂਦਾ ਗੀਤ ‘ਤੇਰੇ ਮਹਿਲਾਂ ਵਿੱਚ ਪਾਇਆ ਮੈਂ ਤੇਰਾ ਪਿਆਰ ਬਾਪੂ’ ਅਤੇ ਗਾਇਕ ਬਲਬੀਰ ਸਿੰਘ ਲਹਿਰਾ ਨੇ ਸ਼ਿਵ ਦਾ ਗੀਤ ‘ਕੀ ਪੁੱਛਦੇ ਹੋ ਹਾਲ ਫਕੀਰਾਂ ਦਾ...’ ਨੂੰ ਆਪਣੀ ਸੋਜ਼ ਭਰੀ ਆਵਾਜ਼ ਵਿੱਚ ਪੇਸ਼ ਕੀਤਾ। ਸਾਧੂ ਸਿੰਘ ਝੱਜ ਦਾ ਗੀਤ ‘ਮਦਰ ਡੇਅ’ ਨੂੰ ਸਮਰਪਿਤ ਰਿਹਾ। ਦਵਿੰਦਰ ਹੀਰਾ ਨੇ ‘ਪੂਜੋ ਉਹਨਾਂ ਨੇਕ ਇਨਸਾਨਾਂ ਨੂੰ...’, ਜਸਬੀਰ ਸਿੰਘ ਬਾਦਨ ਨੇ ਹਰਮੋਨੀਅਮ ਧੁਨਾਂ ਨੂੰ ਆਪਣੇ ਗੀਤ ਰਾਹੀਂ ਕਾਇਮ ਰੱਖਿਆ। ਰੇਖਾ ਸੂਦ ਆਪਣੇ ਗੀਤ ‘ਮੈਂ ਧੂੰਏਂ ਦੇ ਪੱਜ ਰੋਵਾਂ’ ਰਾਹੀਂ ਔਰਤ ਦੀ ਵੇਦਨਾ ਕਹਿ ਰਹੀ ਸੀ।
ਹੋਰਨਾਂ ਤੋਂ ਇਲਾਵਾ ਲਾਲੀ ਸੰਧੂ, ਜਸਵੀਰ ਸਹੋਤਾ, ਸ਼ਿੰਦਰਪਾਲ ਸਿੰਘ ਔਜਲਾ, ਜਸਵਿੰਦਰ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਪਰਾਨ ਵਾਹੀ, ਸੰਤੋਸ਼ ਵਾਹੀ, ਗੁਰਮੁਖ ਸਿੰਘ, ਰਾਕੇਸ਼ ਖੰਨਾ, ਨਰਿੰਦਰ ਸੂਦ, ਬਲਵੰਤ ਸਿੰਘ, ਦਲਜੀਤ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ, ਹਰਦੀਪ ਸਿੰਘ ਗਿੱਲ, ਰਸ਼ਮੀ ਸ਼ਰਮਾ, ਜੋਤੀ ਕੌਰ ਵਾਡਨ, ਸੁਖਦਰਸ਼ਨ ਸਿੰਘ, ਇੰਦਰਜੀਤ ਕੌਰ ਮਨਹਾਸ, ਗੁਰਿੰਦਰ ਗਰੇਵਾਲ, ਗੁਰਜੀਤ ਕੌਰ ਗਰੇਵਾਲ, ਸੁੱਚਾ ਸਿੰਘ ਗਿੱਲ, ਕੰਵਲਜੀਤ ਕੌਰ ਗਿੱਲ, ਪਰਮਜੀਤ ਸਿੰਘ ਸ਼ੇਰਗਿੱਲ, ਮਨਮੋਹਨ ਸਿੰਘ ਧਾਲੀਵਾਲ, ਜਤਿੰਦਰ ਕੌਰ ਧਾਲੀਵਾਲ, ਜਸਵੀਰ ਸਿੰਘ ਸਹੋਤਾ, ਰਮਿੰਦਰਪਾਲ ਸਿੰਘ ਗਿੱਲ, ਅਮਰੀਕ ਸਿੰਘ ਰੰਧਾਵਾ, ਸ਼ਿਵ ਬੱਤਰਾ, ਬਿਕਰਮਜੀਤ ਸਿੰਘ ਚੀਮਾ, ਗੁਰਮੀਤ ਸਿੰਘ ਥਿੰਦ, ਪਵਨਜੀਤ ਸਿੰਘ ਗਿੱਲ, ਸੈਮ ਵਿਰਕ, ਮਲਕੀਤ ਸਿੰਘ, ਸ਼ਾਹ ਨਿਵਾਜ ਵੀ ਸਮਾਗਮ ਵਿਚ ਹਾਜਰ ਸਨ।
ਸਟੇਜ ਸੰਚਾਲਨ ਕਰਿਦਆਂ ਪ੍ਰਿਤਪਾਲ ਸਿੰਘ ਟਿਵਾਣਾ ਅਤੇ ਰਣਜੀਤ ਸਿੰਘ ਮੱਲ੍ਹੀ ਨੇ ਰੌਚਕਤਾ ਬਣਾਈ ਰੱਖੀ। ਅੰਤ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਸਭਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਆਏ ਹੋਏ ਪਤਵੰਤਿਆਂ ਦਾ ਦਿਲੀ ਧੰਨਵਾਦ ਕੀਤਾ। ਸਾਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਨ ਅਤੇ ਸੋਸ਼ਲ ਮੀਡੀਏ ਦੇ ਵਿਹੜੇ ਲੈ ਜਾਣ ਦਾ ਕੰਮ ਰਣਜੀਤ ਸਿੰਘ ਮੱਲ੍ਹੀ ਨੇ ਕੀਤਾ। ਇਸ ਮੌਕੇ ਬਠਿੰਡਾ (ਪੰਜਾਬ) ਤੋਂ ਨਿਕਲਦੇ ਹਾਸ ਵਿਅੰਗ ਦੇ ਤਿਮਾਹੀ ਮੈਗਜ਼ੀਨ ‘ਸ਼ਬਦ ਤ੍ਰਿੰਜਣ’ ਦੇ ਨਵਾਂ ਅੰਕ ਅਤੇ ਦੇਸ਼ ਵਿਦੇਸ਼ ਦੇ ਉਭਰਦੇ ਕਵੀਆਂ-ਕਵਿਤਰੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ‘ਮੁਹੱਬਤਾਂ ਸਾਂਝੇ ਪੰਜਾਬ ਦੀਆਂ’ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਰੀਲੀਜ਼ ਕੀਤਾ ਗਿਆ।