ਮਜੀਠੀਆ ਦੇ ਬਿਆਨ ਤੋਂ ਲੱਗਦਾ ਹੈ ਕਿ ਉਹ ਦੋਸ਼ੀਆਂ ਨੂੰ ਜਾਣਦੇ ਹਨ ਜਾਂ ਉਹ ਸਫ਼ੇਦ ਝੂਠ ਬੋਲ ਰਹੇ ਹਨ - ਕੰਗ
- ਸੰਸਦ ਮੈਂਬਰ ਮਲਵਿੰਦਰ ਕੰਗ ਨੇ ਬਿਕਰਮ ਮਜੀਠੀਆ ਦੇ ਬਿਆਨ 'ਤੇ ਉਠਾਏ ਸਵਾਲ, ਪੁੱਛਿਆ - ਉਨ੍ਹਾਂ ਨੂੰ ਕਿਵੇਂ ਪਤਾ ਕਿ ਦੋਸ਼ੀ ਅਸਲੀ ਹਨ ਜਾਂ ਨਕਲੀ?
- ਕੰਗ ਨੇ ਕਿਹਾ- ਜੇਕਰ ਅਸਲ ਦੋਸ਼ੀਆਂ ਬਾਰੇ ਜਾਣਕਾਰੀ ਹੈ ਤਾਂ ਪੁਲਿਸ ਨੂੰ ਦੱਸੋ, ਇਸ ਤਰ੍ਹਾਂ ਜਨਤਾ ਨੂੰ ਗੁੰਮਰਾਹ ਨਾ ਕਰੋ
ਚੰਡੀਗੜ੍ਹ, 13 ਮਈ 2025 - ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ 14 ਲੋਕਾਂ ਦੀ ਮੌਤ 'ਤੇ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਵੱਲੋਂ ਮੁੱਖ ਦੋਸ਼ੀ ਬਾਰੇ ਦਿੱਤੇ ਗਏ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਵਾਲ ਉਠਾਏ ਅਤੇ ਮਜੀਠੀਆ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ।
ਕੰਗ ਨੇ ਸਵਾਲ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਜਿਹੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਬਾਰੇ ਵਿਕਰਮ ਮਜੀਠੀਆ ਨੂੰ ਕਿਵੇਂ ਪਤਾ ਲੱਗਾ ਕਿ ਉਹ ਅਸਲੀ ਹਨ ਜਾਂ ਨਕਲੀ। ਉਨ੍ਹਾਂ ਕਿਹਾ ਕਿ ਜਿਸ ਭਰੋਸੇ ਨਾਲ ਉਹ ਇਹ ਦਾਅਵਾ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਜਾਂ ਤਾਂ ਉਨ੍ਹਾਂ ਦੀ ਦੋਸ਼ੀਆਂ ਨਾਲ ਚੰਗੀ ਜਾਣ-ਪਛਾਣ ਹੈ ਜਾਂ ਉਹ ਸਰਾਸਰ ਝੂਠ ਬੋਲ ਰਹੇ ਹਨ।
ਕੰਗ ਨੇ ਕਿਹਾ ਕਿ ਜੇਕਰ ਮਜੀਠੀਆ ਨੂੰ ਲੱਗਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਗ਼ਲਤ ਹਨ ਤਾਂ ਉਨ੍ਹਾਂ ਨੂੰ ਅਸਲ ਦੋਸ਼ੀ ਦਾ ਨਾਮ ਪੁਲਿਸ ਨੂੰ ਦੱਸਣਾ ਚਾਹੀਦਾ ਹੈ। ਉਹ ਅਜਿਹੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ। ਕੰਗ ਨੇ ਕਿਹਾ ਕਿ ਹੁਣ ਇੰਨਾ ਵੱਡਾ ਦਾਅਵਾ ਕਰਨ ਤੋਂ ਬਾਅਦ, ਜੇਕਰ ਮਜੀਠੀਆ ਮੁੱਖ ਦੋਸ਼ੀ ਦਾ ਨਾਂ ਨਹੀਂ ਦੱਸਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਅਪਰਾਧੀਆਂ ਨੂੰ ਰਾਜਨੀਤਿਕ ਸੁਰੱਖਿਆ ਦੇ ਰਹੇ ਹਨ।
'ਆਪ' ਸੰਸਦ ਮੈਂਬਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਕਰਮ ਮਜੀਠੀਆ ਅਸਲ ਦੋਸ਼ੀਆਂ ਬਾਰੇ ਜਾਣਦੇ ਹਨ ਕਿਉਂਕਿ ਉਨ੍ਹਾਂ ਦਾ ਨਾਂ ਪਹਿਲਾਂ ਵੀ ਕਈ ਨਸ਼ਾ ਤਸਕਰਾਂ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ, ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਉਹ ਖ਼ੁਦ ਵੀ ਇਸ ਘਟਨਾ ਵਿੱਚ ਸ਼ਾਮਲ ਤਾਂ ਨਹੀਂ ਹਨ?