ਜਗਰਾਉਂ: ਨਸ਼ਾ ਤਸਕਰ ਦਾ ਮਕਾਨ JCB ਨਾਲ ਤੋੜਿਆ
ਦੀਪਕ ਜੈਨ, ਜਗਰਾਉਂ
ਜਿੱਥੇ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਖਤ ਹੋ ਚੁੱਕੀ ਹੈ ਅਤੇ ਜ਼ਿਲਾ ਮੁਖੀਆਂ ਨੂੰ ਉਚੇਚੇ ਤੌਰ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਡੱਕਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉੱਥੇ ਨਸ਼ਾ ਤਸਕਰਾਂ ਦੀਆਂ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਵੀ ਵੱਡੇ ਪੱਧਰ ਤੇ ਤੋੜਿਆ ਜਾ ਰਿਹਾ ਹੈ। ਪੁਲਿਸ ਜਿਲਾ ਲੁਧਿਆਣਾ ਦਿਹਾਤੀ ਵੱਲੋਂ ਵੀ ਪਿਛਲੇ ਦੋ ਮਹੀਨਿਆਂ ਤੋਂ ਇਲਾਕੇ ਦੇ ਕਈ ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਕਾਬੂ ਕਰਕੇ ਜੇਲਾਂ ਅੰਦਰ ਭੇਜ ਦਿੱਤਾ ਗਿਆ ਹੈ ਅਤੇ ਵੱਡੇ ਤਸਕਰਾਂ ਵੱਲੋਂ ਬਣਾਈਆਂ ਗਈਆਂ ਮਹਿਲ ਨੁਮਾ ਹਵੇਲੀਆਂ ਅਤੇ ਕੋਠੀਆਂ ਨੂੰ ਵੀ ਜੋ ਸੀ ਵੀ ਮਸ਼ੀਨ ਚਲਾ ਕੇ ਤੋੜ ਦਿੱਤਾ ਗਿਆ ਹੈ।
ਇਸੇ ਲੜੀ ਤਹਿਤ ਅੱਜ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਖੁਦ ਮੌਕੇ ਤੇ ਜਾ ਕੇ ਇੱਕ ਨਸ਼ਾ ਤਸਕਰ ਜੋੜੀ ਦੇ ਘਰ ਨੂੰ ਤੁੜਵਾਇਆ ਗਿਆ ਅਤੇ ਪੂਰੀ ਕਾਰਵਾਈ ਵਿੱਚ ਉਹ ਖੁਦ ਮੌਕੇ ਤੇ ਮੌਜੂਦ ਰਹੇ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਲੁਧਿਆਣਾ ਦਿਹਾਤੀ ਨੇ ਦੱਸਿਆ ਕਿ ਪਿੰਡ ਨਾਰੰਗਵਾਲ ਥਾਣਾ ਜੋਧਾਂ ਦੇ ਤਸਕਰ ਪਤੀ ਪਤਨੀ ਕੁਲਵੀਰ ਕੌਰ ਪਤਨੀ ਬਲਵੰਤ ਸਿੰਘ ਅਤੇ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਨਾਰੰਗਵਾਲ ਥਾਣਾ ਜੋਧਾ ਦੇ ਪੰਚਾਇਤੀ ਜਮੀਨ ਉੱਪਰ ਬਣੇ ਹੋਏ ਮਕਾਨ ਨੂੰ ਰਿਨਿਊ ਡਿਪਾਰਟਮੈਂਟ ਤੋਂ ਕਰਵਾਈ ਪੜਤਾਲ ਮਗਰੋਂ ਜੇਸੀਬੀ ਮਸ਼ੀਨ ਚਲਵਾ ਕੇ ਤੋੜਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਇਹਨਾਂ ਪਤੀ ਪਤਨੀ ਤਸਕਰ ਜੋੜੀ ਉੱਪਰ ਤਿੰਨ ਤਿੰਨ ਅਲੱਗ ਅਲੱਗ ਨਸ਼ਾ ਤਸਕਰੀ ਦੇ ਮਾਮਲੇ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਥਾਣਿਆਂ ਅੰਦਰ ਦਰਜ ਹਨ।
ਐਸਐਸਪੀ ਡਾਕਟਰ ਅੰਕਰ ਗੋਇਲ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਤਾੜਨਾ ਕੀਤੀ ਹੈ ਕਿ ਉਹ ਇਲਾਕੇ ਅੰਦਰ ਆਪੋ ਆਪਣਾ ਨਸ਼ੇ ਦਾ ਕਾਰੋਬਾਰ ਬੰਦ ਕਰ ਕਿ ਆਪਣਾ ਬੋਰੀਆ ਬਿਸਤਰ ਗੋਲ ਕਰ ਲੈਣ ਨਹੀਂ ਤਾਂ ਉਹਨਾਂ ਨੂੰ ਜਿੱਥੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ ਉਥੇ ਉਹਨਾਂ ਦੇ ਨਜਾਇਜ਼ ਉਸਾਰੀ ਕਰਕੇ ਬਣਾਏ ਹੋਏ ਮਕਾਨ ਅਤੇ ਜਮੀਨਾਂ ਫਰੀਜ ਕਰਕੇ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਲਵੇਗੀ।