Babushahi Special: ਕੌਮਾਂਤਰੀ ਸਰੱਹਦ ਤੇ ਬਣੇ ਤਣਾਅ ਮਗਰੋਂ ਬਠਿੰਡਾ ਜਿਲ੍ਹੇ ਵਿੱਚ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਦੀ ਚੂੜੀ ਕਸੀ
ਅਸ਼ੋਕ ਵਰਮਾ
ਬਠਿੰਡਾ,7 ਮਈ2025: ਬੀਤੀ ਦੇਰ ਰਾਤ ਭਾਰਤੀ ਫੌਜਾਂ ਵੱਲੋਂ ਅੱਤਵਾਦੀ ਧਿਰਾਂ ਤੇ ਕਾਰਵਾਈ ਮਗਰੋਂ ਕੌਮਾਂਤਰੀ ਸਰਹੱਦ ਤੇ ਦੋ ਮੁਲਕਾਂ ਵਿੱਚ ਬਣੇ ਤਣਾਅ ਤੋਂ ਬਾਅਦ ਬਠਿੰਡਾ ਪੁਲਿਸ ਨੇ ਜ਼ਿਲ੍ਹੇ ’ਚ ਸੁਰੱਖਿਆ ਚੂੜੀ ਕਸ ਦਿੱਤੀ ਹੈ । ਪੁਲਿਸ ਦੀ ਇਸ ਕਵਾਇਦ ਦਾ ਮੰਤਵ ਆਮ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਦਿਵਾਉਣਾ ਹੈ ਤਾਂ ਜੋ ਉਹ ਬੇਫਿਕਰ ਹੋਕੇ ਨਿਰਵਿਘਨ ਆਪੋ ਆਪਣੇ ਕੰਮ ਧੰਦੇ ਕਰ ਸਕਣ। ਸੂਤਰ ਦੱਸਦੇ ਹਨ ਕਿ ਜਿਵੇਂ ਹੀ ਤਣਾਅ ਦੀਆਂ ਖਬਰਾਂ ਆਈਆਂ ਤਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਬਠਿੰਡਾ ਪੁਲੀਸ ਇੱਕਦਮ ਹਰਕਤ ਵਿੱਚ ਆ ਗਈ । ਹਾਲਾਂਕਿ ਬਠਿੰਡਾ ਪੁਲਿਸ ਵੱਲੋਂ ਕੁੱਝ ਦਿਨ ਪਹਿਲਾਂ ਤੋਂ ਹੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਸੀ ਪਰ ਅੱਜ ਸਮੂਹ ਥਾਣਿਆ ਅਤੇ ਰਿਜ਼ਰਵ ਫੋਰਸਾਂ ਨੂੰ ਵਿਸ਼ੇਸ਼ ਤੌਰ ਤੇ ਚੌਕਸ ਰਹਿਣ ਲਈ ਆਖਿਆ ਗਿਆ ਹੈ। ਹਾਲਾਤਾਂ ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਦਾ ਖੁਫੀਆ ਵਿੰਗ ਨੂੰ ਵੀ ਹਰਕਤ ਵਿੱਚ ਲਿਆਂਦਾ ਗਿਆ ਹੈ ।
ਮਹੱਤਵਪੂਰਨ ਇਹ ਵੀ ਹੈ ਕਿ ਜਦੋਂ ਕੋਈ ਹੰਗਾਮੀ ਸਥਿਤੀ ਬਣਦੀ ਹੈ ਤਾਂ ਬਠਿੰਡਾ ਵਿੱਚ ਮਾਲਵੇ ਨੂੰ ਤੇਲ ਸਪਲਾਈ ਕਰਨ ਲਈ ਬਣੇ ਤੇਲ ਕੰਪਨੀਆਂ ਦੇ ਡਿਪੂ , ਹਵਾਈ ਅੱਡਾ ,ਫੌਜੀ ਛਾਉਣੀ, ਰੇਲਵੇ ਜੰਕਸ਼ਨ, ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਤਾਪ ਬਿਜਲੀ ਘਰ ਹੋਣ ਕਰਕੇ ਪੁਲਿਸ ਦੇ ਫਿਕਰ ਵਧ ਜਾਂਦੇ ਹਨ। ਵੱਡੇ ਪ੍ਰਜੈਕਟਾਂ ਵਾਲਾ ਜਿਲ੍ਹਾ ਹੋਣ ਕਰਕੇ ਪੁਲਿਸ ਅਫਸਰ ਕਿਸੇ ਵੀ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਹਨ। ਪੁਲਿਸ ਲਈ ਚਿੰਤਾ ਵਾਲੀ ਗੱਲ ਹੈ ਕਿ ਸੁਰੱਖਿਆ ਦੇ ਲਿਹਾਜ ਤੋਂ ਬਠਿੰਡਾ ਖਤਰੇ ਵਾਲਾ ਜੋਨ ਬਣ ਗਿਆ ਹੈ। ਭਾਵੇਂ ਤਣਾਅ ਵਾਲੀ ਸਥਿਤੀ ਅੱਜ ਬਣੀ ਹੈ ਪਰ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਇੱਕ ਦਿਨ ਪਹਿਲਾਂ ਹੀ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਦੀ ਸਾਂਝੀ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈ ਲਿਆ ਸੀ। ਸੂਤਰਾਂ ਮੁਤਾਬਕ ਜਿਲ੍ਹਾ ਪੁਲਿਸ ਨੇ ਸੁਰੱਖਿਆ ਹੋਰ ਕਰੜੀ ਕਰਨ ਲਈ ਰਿਫ਼ਾਇਨਰੀ ਤੇ ਤੇਲ ਡਿੱਪੂਆਂ ਨੂੰ ਹਾਈ ਅਲਰਟ ਜਾਰੀ ਕੀਤਾ ਹੈ।
ਏਦਾਂ ਦੇ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੌਮੀ ਖਾਦ ਕਾਰਖਾਨੇ ਤੇ ਤਾਪ ਬਿਜਲੀ ਘਰਾਂ ਦੇ ਪ੍ਰਬੰਧਕਾਂ ਨੂੰ ਵੀ ਢੁੱਕਵੇਂ ਕਦਮ ਚੁੱਕਣ ਲਈ ਆਖੇ ਗਏ ਹਨ। ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸ਼ਨ ਨੇ ਇਸ ਤੋਂ ਬਿਨਾਂ ਤਕਰੀਬਨ ਹੋਰ ਵੀ ਸਾਰੇ ਵੱਡੇ ਪ੍ਰਜੈਕਟਾਂ ਦੇ ਪ੍ਰਬੰਧਕਾਂ ਨੂੰ ਖਤਰੇ ਤੋਂ ਜਾਣੂੰ ਕਰਵਾਇਆ ਹੈ ਤੇ ਸੁਰੱਖਿਆ ਦਾ ਸਖਤ ਪਹਿਰਾ ਲਾਉਣ ਲਈ ਕਿਹਾ ਹੈ । ਸੂਤਰਾਂ ਮੁਤਾਬਕ ਰਿਫਾਇਨਰੀ ਪ੍ਰਬੰਧਕਾਂ ਨੇ ਵੀ ਅਲਰਟ ਨੂੰ ਕਾਫੀ ਗੰਭੀਰਤਾ ਨਾਲ ਲਿਆ ਅਤੇ ਖਤਰੇ ਨੂੰ ਭਾਂਪਦਿਆਂ ਆਪਣੇ ਸੁਰੱਖਿਆ ਸਟਾਫ ਨੂੰ ਅਹਿਤਿਹਾਤੀ ਕਦਮ ਵਜੋਂ ਪ੍ਰਜੈਕਟ ਅੰਦਰ ਦਾਖਲ ਹੋਣ ਵਾਲਿਆਂ ਦੀ ਜਾਂਚ ਨੂੰ ਹੋਰ ਵੀ ਗੰਭੀਰਤਾ ਨਾਲ ਕਰਨ ਲਈ ਕਿਹਾ ਹੈ। ਸੂਤਰਾਂ ਅਨੁਸਾਰ ਆਖਦੇ ਹਨ ਕਿ ਜਿਲ੍ਹਾ ਪੁਲਿਸ ਨੇ ਰਿਫਾਇਨਰੀ ਦੇ ਨਜ਼ਦੀਕ ਬਣੀ ਪੁਲਿਸ ਚੌਂਕੀ ਦੀ ਟੀਮ ਨੂੰ ਵੀ ਚੌਕਸ ਰਹਿਣ ਲਈ ਕਿਹਾ ਹੈ। ਜਿਲ੍ਹਾ ਪੁਲਿਸ ਨੇ ਸ਼ਹਿਰ ਵਿੱਚ ਦਾਖਲ ਹੋਣ ਵਾਲੀ ਗੱਡੀਆਂ ਦੀ ਗੰਭੀਰਤਾ ਨਾਲ ਚੈਕਿੰਗ ਕਰਨ ਦੀ ਹਦਾਇਤ ਦਿੱਤੀ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ਤਾਇਨਾਤ ਅੱਤਵਾਦ ਵਿਰੋਧੀ ਦਸਤੇ ਅਤੇ ਪੁਲਿਸ ਦੀਆਂ ਕੁਇੱਕ ਐਕਸ਼ਨ ਟੀਮਾਂ ਨੂੰ ਹਰ ਪ੍ਰਕਾਰ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਬਰ ਰਹਿਣ ਵਾਸਤੇ ਆਖ ਦਿੱਤਾ ਗਿਆ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪੁਲਿਸ ਮੁਲਾਜਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਪਰ ਕੋਈ ਇਸ ਦੀ ਨਹੀਂ ਹੋਈ ਹੈ। ਜਿਲ੍ਹਾ ਪੁਲਿਸ ਨੇ ਸਾਰੇ ਹੀ ਥਾਣਿਆਂ ਦੇ ਮੁੱਖ ਅਫਸਰਾਂ ਨੂੰ ਗਸ਼ਤ ਤੇਜ ਕਰਨ ਤੋਂ ਇਲਾਵਾ ਲਿੰਕ ਸੜਕਾਂ ’ਤੇ ਵਧੇਰੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ । ਪੀ.ਸੀ.ਆਰ ਟੀਮਾਂ ਨੂੰ ਸੰਵੇਦਨਸ਼ੀਲ ਥਾਵਾਂ, ਜਿਆਦਾ ਰੌਣਕ ਵਾਲੇ, ਬਜ਼ਾਰਾਂ , ਧਾਰਮਿਕ ਸਥਾਨਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਖਾਸ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਜੰਗ ਲੱਗਣ ਦੀ ਸੂਰਤ ’ਚ ਬਚਾਅ ਰੱਖਣ ਲਈ ਵੀ ਜਾਗਰੂਕ ਕਰ ਰਿਹਾ ਹੈ ਜਿਸ ਨੇ ਲੋਕਾਂ ਨੂੰ ਹੌਂਸਲਾ ਦਿੱਤਾ ਹੈ।
ਪੁਲਿਸ ਨੂੰ ਪੂਰੀ ਤਰਾਂ ਮੁਸਤੈਦ-ਐਸ.ਐਸ.ਪੀ.
ਸੀਨੀਅਰ ਕਪਤਾਨ ਪੁਲਿਸ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਅਤੇ ਕਿਸੇ ਵੀ ਤਰਾਂ ਦੀ ਬਦਅਮਨੀ ਫੈਲਾਉਣ ਵਾਲਿਆਂ ਨਾਲ ਕਰੜੇ ਹੱਥੀਂ ਨਿਪਟਿਆ ਜਾਏਗਾ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫੋਰਸਾਂ ਨੂੰ ਪੂਰੀ ਪੂਰੀ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰਾਂ ਚੌਕਸ ਰਹਿਣ ਅਤੇ ਅਫਵਾਹਾਂ ਤੇ ਬਿਲਕੁਲ ਵੀ ਯਕੀਨ ਨਾ ਕਰਨ । ਉਨ੍ਹਾਂ ਕਿਸੇ ਵੀ ਸ਼ੱਕੀ ਬੰਦੇ ਦਾ ਪਤਾ ਲੱਗਣ ਜਾਂ ਲਾਵਾਰਿਸ ਵਸਤੂ ਸਬੰਧੀ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦੇਣ ਦੀ ਅਪੀਲ ਵੀ ਕੀਤੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਵੀ ਨਸੀਹਤ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਆਮ ਲੋਕਾਂ ਅਤੇ ਮੀਡੀਆ ਕਰਮੀਆਂ ਨੂੰ ਫੌਜ ਜਾਂ ਇਸ ਨਾਲ ਜੁੜੀਆਂ ਸਰਗਰਮੀਆਂ ਦੀਆਂ ਤਸਵੀਰਾਂ ਜਾਂ ਵੀਡੀਓ ਜਿਲ੍ਹਾ ਪ੍ਰਸ਼ਾਸ਼ਨ ਜਾਂ ਫੌਜ ਪ੍ਰਸ਼ਾਸ਼ਨ ਵੱਲੋਂ ਪੁਸ਼ਟੀ ਕਰਨ ਤੋਂ ਬਗੈਰ ਕਿਸੇ ਵੀ ਪਲੇਟਫਾਰਮ ਤੇ ਸ਼ੇਅਰ ਨਾਂ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਦੇ ਹੁਕਮ ਨਾਂ ਮੰਨਣ , ਅਫਵਾਹਾਂ ਅਤੇ ਦਹਿਸ਼ਤ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਮੀਡੀਆ ਤੇ ਆਮ ਲੋਕਾਂ ਨੂੰ ਇਸ ਤਰਾਂ ਦੀ ਹੰਗਾਮੀ ਸਥਿਤੀ ਦਰਮਿਆਨ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ ਹੈ।