Babushahi Special: ਸੁੰਡੀਆਂ ਤੇ ਮੱਖੀਆਂ ਨੇ ਕਾਹਦੀ ਫਸਲ ਚੱਟੀ – ਨਰਮਾ ਬੀਜਣ ਤੋਂ ਪਾਸਾ ਵੱਟਗੀ ਕਪਾਹ ਪੱਟੀ
ਅਸ਼ੋਕ ਵਰਮਾ
ਬਠਿੰਡਾ,6ਮਈ2025: ਪੰਜਾਬ ਦੀ ਜਰਖੇਜ਼ ਮੰਨੀ ਜਾਂਦੀ ਕਪਾਹ ਪੱਟੀ ਵਿਚ ਨਰਮੇ ਨਾਲ ਲੱਦੇ ਖੇਤ ਹੁਣ ਨਜ਼ਰ ਨਹੀਂ ਪੈਂਦੇ ਹਨ। ਉਹ ਵੇਲਾ ਦੂਰ ਗਿਆ, ਜਦੋਂ ਨਰਮੇ ਦੇ ਢੇਰ ਮੰਡੀਆਂ ਦੇ ਫੜ੍ਹਾਂ ਨਾਲ ਖਹਿੰਦੇ ਅਤੇ ਘਰਾਂ ਦੀਆਂ ਸਬਾਤਾਂ ਚਿੱਟੇ ਫੁੱਟਾਂ ਨਾਲ ਇੱਕ-ਮਿੱਕ ਹੁੰਦੀਆਂ ਸਨ। ਪੰਜਾਬ ’ਚ ਹੁਣ ਨਰਮੇ ਦੀ ਖੇਤੀ ਪਿੱਛੇ ਪੈ ਗਈ ਹੈ ਅਤੇ ਨਰਮੇ ਹੇਠਲਾ ਰਕਬਾ ਪੂਰੀ ਤਰਾਂ ਭੁੰਜੇ ਲੱਗ ਗਿਆ ਹੈ। ਏਨਾ ਕੁ ਧਰਵਾਸ ਹੈ ਕਿ ਦੇਸ਼ ਭਰ ’ਚੋਂ ਨਰਮੇ ਦੇ ਪ੍ਰਤੀ ਏਕੜ ਝਾੜ ਵਿਚ ਪੰਜਾਬ ਦੇ ਕਿਸਾਨਾਂ ਨੇ ਝੰਡੀ ਲੈ ਲਈ ਹੈ। ਦੂਸਰੀ ਤਰਫ਼ ਕਿਸਾਨਾਂ ਵੱਲੋਂ ਨਰਮਾ ਕਪਾਹ ਬੀਜਣ ਤੋਂ ਪਾਸਾ ਵੱਟਣ ਕਾਰਨ ਦੇਸ਼ ਦੇ ਮੋਹਰੀ ਦਸ ਨਰਮਾ ਉਤਪਾਦਕ ਸੂਬਿਆਂ ’ਚੋ ਪੰਜਾਬ ਪੈਦਾਵਾਰ ਦੇ ਮਾਮਲੇ ’ਚ ਖਿਸਕ ਕੇ ਨੌਵੇਂ ਸਥਾਨ ’ਤੇ ਚਲਾ ਗਿਆ ਹੈ। ਲਗਾਤਾਰ ਫਸਲਾਂ ਨੂੰ ਮਰਨ ਕਾਰਨ ਪਹਿਲਾਂ ਹਰਿਆਣਾ ਅਤੇ ਹੁਣ ਰਾਜਸਥਾਨ ਨੇ ਵੀ ਪੰਜਾਬ ਨਾਲੋਂ ਉੱਪਰਲੀ ਥਾਂ ਹਾਸਲ ਕਰ ਲਈ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਨਰਮੇ ਦੀ ਫਸਲ ਨਾਜ਼ੁਕ ਹੁੰਦੀ ਹੈ ਜੋ ਕੀਟਾਂ ਦਾ ਹੱਲਾ ਨਹੀਂ ਝੱਲਦੀ। ਪਹਿਲਾਂ ਕਰੀਬ ਇੱਕ ਦਹਾਕਾ ਅਮਰੀਕਨ ਸੁੰਡੀ ਨੇ ਖੇਤ ਦਮੋਂ ਕੱਢੀ ਰੱਖੋ। ਮਗਰੋਂ ਸਾਲ 2015 ਵਿਚ ਚਿੱਟੀ ਮੱਖੀ ਨੇ ਫ਼ਸਲ ਤਬਾਹ ਕਰ ਦਿੱਤੀ। ਮਾਰਕਫੈੱਡ ਦੇ ਇੱਕ ਸੇਵਾਮੁਕਤ ਓ.ਐੱਸ.ਡੀ (ਕਾਟਨ) ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਨਰਮੇ ਦੀ ਖੇਤੀ ’ਚ ਖ਼ਤਰਾ ਦਿੱਖਣ ਲੱਗਾ ਹੈ, ਜਿਸ ਕਰਕੇ ਨਰਮੇ ਹੇਠਲਾ ਰਕਬਾ ਹੁਣ ਜੀਰੀ ਵਿਚ ਤੇਜ਼ੀ ਨਾਲ ਤਬਦੀਲ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਵੱਡੀ ਪੱਧਰ ਤੇ ਦਿੱਤੇ ਗਏ ਹਨ ਅਤੇ ਸਰਕਾਰ ਨੇ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਹੋਈ ਹੈ ਜਿਸ ਕਰਕੇ ਕਿਸਾਨਾਂ ਨੂੰ ਜੀਰੀ ਦੀ ਫ਼ਸਲ ਜ਼ਿਆਦਾ ਲਾਹੇਵੰਦ ਜਾਪਣ ਲੱਗੀ ਹੈ। ਨਰਮੇ ਦੀ 95 ਫੀਸਦੀ ਫਸਲ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜਿਲਿ੍ਹਆਂ ਵਿੱਚ ਹੁੰਦੀ ਸੀ ਜਿੱਥੇ ਝੋਨੇ ਦੀ ਫਸਲ ਨੇ ਆਪਣਾ ਗਲਬਾ ਕਾਇਮ ਕਰ ਲਿਆ ਹੈ।
ਕਪਾਹ ਪੱਟੀ ਚੋਂ ਬਠਿੰਡਾ ਅਜਿਹਾ ਜਿਲ੍ਹਾ ਸੀ ਜਿੱਥੇ ਕਿਸਾਨਾਂ ਨੇ ਹੱਦ ਗੁਜ਼ਰ ਜਾਣ ਤੋਂ ਬਾਅਦ ਨਰਮੇ ਦੀ ਫਸਲ ਤਿਆਗੀ ਹੈ। ਸਾਲ 2015 ’ਚ ਚਿੱਟੀ ਮੱਖੀ ਦੇ ਹੱਲੇ ਤੋਂ ਬਾਅਦ ਖੇਤੀ ਵਿਭਾਗ ਦੇ ਯਤਨਾਂ ਸਦਕਾ 2016-17 ’ਚ 97 ਹਜ਼ਾਰ ਹੈਕਟੇਅਰ ਰਕਬੇ ’ਚ ਨਰਮੇ ਦੀ ਬਿਜਾਂਦ ਹੋਈ ਸੀ। ਅਗਲੇ ਸਾਲ ਇਹ ਰਕਬਾ ਵਧਕੇ 99 ਹਜ਼ਾਰ ਹੈਕਟੇਅਰ ਹੋ ਗਿਆ। ਸਾਲ 2018-19 ’ਚ 91 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਂਦ ਹੋਈ ਸੀ ਜੋ 2019-20 ਵਿੱਚ ਘਟਕੇ 78 ਹਜ਼ਾਰ ਹੈਕਟੇਅਰ ਰਹਿ ਗਈ। ਸਾਲ 2020-21 ਵਿੱਚ 80 ਹਜ਼ਾਰ 900 ਹੈਕਟੇਅਰ ’ਚ ਨਰਮਾ ਬੀਜਿਆ ਗਿਆ ਜੋਕਿ 2021-22 ਵਿੱਚ 78 ਹਜ਼ਾਰ 200 ਹੈਕਟੇਅਰ ਰਹਿ ਗਿਆ। ਸਾਲ 2022-23 ਵਿੱਚ ਇਹ ਰਕਬਾ ਸਿਰਫ 70 ਹਜ਼ਾਰ 500 ਰਿਹਾ ਜਿਸ ਵਿੱਚ ਸਾਲ 2023 –24 ਅਤੇ ਸਾਲ 2024-25ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਇੰਨ੍ਹਾਂ ਦੋ ਸਾਲਾਂ ਦੌਰਾਨ ਇਹ ਰਕਬਾ ਕ੍ਰਮਾਵਾਰ 55 ਅਤੇ 35 ਹਜ਼ਾਰ ਹੈਕਟੇਅਰ ਰਹਿ ਗਿਆ ਹੈ।
ਸੁੰਡੀ ਤੇ ਮੱਖੀ ਨੇ ਡਰਾਏ ਕਿਸਾਨ
ਕਪਾਹ ਪੱਟੀ ਦੇ ਕਿਸਾਨ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਡੰਗ ਤੋਂ ਐਨੇ ਜਿਆਦਾ ਡਰੇ ਹੋਏ ਹਨ ਕਿ ਖੇਤੀ ਵਿਭਾਗ ਵੀ ਇਹ ਡਰ ਦੂਰ ਕਰਨ ਵਿੱਚ ਅਸਫਲ ਰਿਹਾ ਹੈ। ਪਿਛਲੇ 8 ਸਾਲਾਂ ਦੀ ਤੁਲਨਾ ਵਿੱਚ ਨਰਮੇ ਹੇਠਲਾ ਰਕਬਾ ਅੱਧਾ ਰਹਿ ਗਿਆ ਹੈ। ਹਾਲਾਂਕਿ ਅਮਰੀਕਟ ਸੁੰਡੀ ਦੀ ਰੋਕਥਾਮ ਲਈ ਸਰਕਾਰ ਬੀਟੀ ਬੀਜ ਲਿਆਈ ਸੀ ਜਿਸ ਦੀ ਕਿਸਾਨਾਂ ਨੇ ਬਿਜਾਂਦ ਵੀ ਕੀਤੀ ਪਰ 2015 ਵਿੱਚ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦੇ ਵੱਡੇ ਹਮਲੇ ਨੇ ਸਮੁੱਚੀ ਫਸਲ ਬਰਬਾਦ ਕਰ ਦਿੱਤੀ। ਅਜੇ ਕਿਸਾਨ ਸੰਭਲੇ ਵੀ ਨਹੀਂ ਸਨ ਕਿ ਸਾਲ 2021 ਵਿੱਚ ਗੁਲਾਬੀ ਸੁੰਡੀ ਸ਼ਰੀਕ ਬਣ ਗਈ ਜਿਸ ਨੇ ਸਭ ਤੋਂ ਜਿਆਦਾ ਨੁਕਸਾਨ ਬਠਿੰਡਾ ਜਿਲ੍ਹੇ ਵਿੱਚ ਕੀਤਾ ਸੀ।
ਸੱਚੇ ਪਿੱਟਦੇ ਨੇ ਕਪਾਹ ਪੱਟੀ ਦੇ ਕਿਸਾਨ
ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਪਾਹ ਪੱਟੀ ਦੇ ਅੱਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ ਜੋ 10 ਸਾਲ ਬਾਅਦ ਵੀ ਤੋੜ ਨਹੀਂ ਚੜ੍ਹਿਆ ਹੈ। ਪ੍ਰਧਾਨ ਮੰਤਰੀ ਨੇ ਤਾਂ ਮਲੋਟ ਰੈਲੀ ਵਿੱਚ ਇਹੋ ਕਿਹਾ ਸੀ ਕਿ ‘ਨਰਮਾ ਹੁਣ ਨਰਮ ਨਹੀਂ ਰਹਿਣ ਦੇਣਾ’ ਹੈ। ਪਿੰਡ ਝੁੰਬਾ ਦੇ ਕਿਸਾਨ ਜਗਸੀਰ ਸਿੰਘ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਵਾਅਦਾ ਕਰਨ ਦੇ ਬਾਵਜੂਦ ਕਪਾਹ ਪੱਟੀ ਵਿਚਲੇ ਕਿਸਾਨਾਂ ਦੇ ਪਸੀਨੇ ਦਾ ਮੁੱਲ ਨਹੀਂ ਪਾਇਆ ਹੈ।
ਸਰਕਾਰੀ ਨੀਤੀਆਂ ਜਿੰਮੇਵਾਰ-ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਨਰਮਾ ਉਤਪਾਦਕ ਕਿਸਾਨਾਂ ਨੂੰ ਘਟੀਆ ਬੀਜਾਂ ਅਤੇ ਸਪਰੇਆਂ ਨੇ ਮੰਦਹਾਲੀ ਵਿੱਚ ਧੱਕਿਆ ਅਤੇ ਨਰਮਾ ਤਿਆਗਣਾ ਕਿਸਾਨਾਂ ਦੀ ਮਜਬੂਰੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਰਮੇ ਕਪਾਹ ਦੀ ਫਸਲ ਦਾ ਸਹੀ ਮੁੱਲ ਨਾਂ ਮਿਲਣਾ ਵੀ ਮੋਹ ਭੰਗ ਹੋਣ ਲਈ ਜਿੰਮੇਵਾਰ ਹੈ ਅਤੇ ਰਕਬਾ ਘਟਣ ਪਿੱਛੇ ਸਰਕਾਰ ਦੀਆਂ ਨੀਤੀਆਂ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਖੇਤੀ ਨੀਤੀ ਵਿੱਚ ਸਪਸ਼ਟ ਹੋਣਾ ਚਾਹੀਦਾ ਹੈ ਕਿ ਕਿਸ ਇਲਾਕੇ ਵਿੱਚ ਕਿਹੜੀ ਫਸਲ ਬੀਜੀ ਜਾਣੀ ਹੈ ਪਰ ਚਿੰਤਾ ਦੀ ਗੱਲ ਹੈ ਕਿ ਫਸਲਾਂ ਦੀ ਵੱਡੀ ਤਬਾਹੀ ਦੇ ਬਾਵਜੂਦ ਸਰਕਾਰਾਂ ਕੋਈ ਰੋਡ ਮੈਪ ਨਹੀਂ ਤਿਆਰ ਕਰ ਸਕੀਆਂ ਹਨ।