ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਕਲੋਨੀ ਵਿੱਚ ਸੀਵਰੇਜ਼ ਸਫਾਈ ਦੌਰਾਨ ਤਿੰਨ ਮਜ਼ਦੂਰਾਂ ਦੀ ਮੌਤ
ਅਸ਼ੋਕ ਵਰਮਾ
ਬਠਿੰਡਾ,6ਮਈ2025: ਏਸ਼ੀਆ ਦੇ ਸਭ ਤੋਂ ਵੱਡੇ ਪ੍ਰਜੈਕਟ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਰਾਮਸਰਾ ਰੋਡ ਨੇ ਸਥਿਤ ਕਲੋਨੀ ਵਿੱਚ ਮੰਗਲਵਾਰ ਨੂੰ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਸਫਾਈ ਕਰਨ ਮੌਕੇ ਗੈਸ ਚੜ੍ਹ ਜਾਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ ਚੌਥੇ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ ਵੀਸੀ ਚੱਕ ਅਤਰ ਸਿੰਘ ਵਾਲਾ, ਰਾਜਵਿੰਦਰ ਸਿੰਘ ਵਾਸੀ ਭੁਵਾਨਾ ਜਿਲ੍ਹਾ ਸਿਰਸਾ ਹਰਿਆਣਾ ਅਤੇ ਅਸਤਰ ਅਲੀ ਵਾਸੀ ਜੱਸੀ ਬਾਗ ਵਾਲੀ ਵਜੋਂ ਹੋਈ ਹੈ । ਚੌਥੇ ਕ੍ਰਿਸ਼ਨ ਕੁਮਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਫਾਇਨਰੀ ਟਾਊਨਸ਼ਿਪ ਵਿੱਚ ਨਿੰਬਸ ਹਾਰਬਰ ਠੇਕੇਦਾਰ ਕੰਪਨੀ ਦੇ 4 ਕਰਮਚਾਰੀ ਐਸਟੀਪੀ ਦੀ ਸਫਾਈ ਕਰ ਰਹੇ ਸਨ। ਇਸ ਦੌਰਾਨ, 4 ਮਜ਼ਦੂਰਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ।
ਸੂਚਨਾ ਮਿਲਦੇ ਹੀ ਸਿਹਤ ਅਤੇ ਸੁਰੱਖਿਆ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਬਠਿੰਡਾ ਏਮਜ਼ ਲਿਜਾਇਆ ਗਿਆ। ਅਤੇ ਪ੍ਰਬੰਧਕਾਂ ਨੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕੀਤਾ। ਕੋਸ਼ਿਸ਼ ਕਰਨ ਦੇ ਬਾਵਜੂਦ, ਤਿੰਨ ਕਰਮਚਾਰੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਜਦੋਂ ਕਿ ਇੱਕ ਦੀ ਹਾਲਤ ਸਥਿਰ ਹੈ। ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਦਾ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਕਲੋਨੀ ਜਿਸ ਵਿੱਚ ਮੁਲਾਜਮ ਅਤੇ ਅਫਸਰਾਂ ਰਹਿੰਦੇ ਹਨ ਦੇ ਸੀਵਰੇਜ਼ ਪਲਾਂਟ ਦੀ ਸਫਾਈ ਕਰ ਰਹੇ ਤਿੰਨ ਮੁਲਾਜਮ ਬੇਹੋਸ਼ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਨੂੰ ਏਮਜ਼ ਹਸਪਤਾਲ ਲਿਆਂਦਾ ਸੀ ਜਿੱਥੇ ਤਿੰਨ ਨੂੰ ਡਾਕਟਰਾਂ ਨੇ ਮਿਤਕ ਐਲਾਨਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਵਾਰਿਸਾਂ ਵੱਲੋਂ ਦਿੱਤੇ ਬਿਆਨਾ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।