ਰਿਫਾਇਨਰੀ ਦੀ ਕਲੋਨੀ 'ਚ ਮਜ਼ਦੂਰਾਂ ਦੀ ਮੌਤ ਮਾਮਲੇ ਵਿੱਚ ਨਿੰਬਸ ਦੇ ਜੀਐਮ ਸਣੇ ਤਿੰਨ ਖਿਲਾਫ ਕੇਸ ਦਰਜ
ਅਸ਼ੋਕ ਵਰਮਾ
ਬਠਿੰਡਾ,7 ਮਈ 2025: ਏਸ਼ੀਆ ਦੇ ਸਭ ਤੋਂ ਵੱਡੇ ਪ੍ਰਜੈਕਟ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਰਾਮਸਰਾ ਰੋਡ ਨੇ ਸਥਿਤ ਕਲੋਨੀ ਵਿੱਚ ਮੰਗਲਵਾਰ ਨੂੰ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਸਫਾਈ ਕਰਨ ਮੌਕੇ ਗੈਸ ਚੜ੍ਹ ਜਾਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਦੇ ਮਾਮਲੇ ਵਿੱਚ ਥਾਣਾ ਰਾਮਾ ਪੁਲਿਸ ਨੇ ਨਿੰਬਸ ਕੰਪਨੀ ਦੇ ਜਰਨਲ ਮੈਨੇਜਰ, ਮੈਨੇਜਰ ਅਤੇ ਸੇਫਟੀ ਦਰਜ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਅਸਤਰ ਅਲੀ ਦੇ ਭਰਾ ਅਨਵਰ ਅਲੀ ਪੁੱਤਰ ਜਾਨ ਮੁਹੰਮਦ ਵਾਸੀ ਜੱਸੀ ਬਾਗ ਵਾਲੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਜਰਨਲ ਮੈਨੇਜਰ ਸੰਜੇ ਹਰਸ਼, ਮੈਨੇਜਰ ਅਮਿਤ ਗਰਗ ਅਤੇ ਸੇਫਟੀ ਇੰਚਾਰਜ ਅਨਿਲ ਕੁਮਾਰ ਨੂੰ ਇਸ ਮੁਕੱਦਮੇ ਵਿੱਚ ਨਾਮਜਦ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅਨਵਰ ਅਲੀ ਨੇ ਮੁਦਈ ਨੇ ਬਿਆਨ ਕੀਤਾ ਕਿ ਮਿਤੀ 06.05.25 ਨੂੰ ਮੇਰਾ ਭਾਈ ਅਪਣੀ ਡਿਊਟੀ ਨਿੰਬਜ ਕੰਪਨੀ ਟਾਊਨਸ਼ਿਪ ਰਿਫਾਇਨਰੀ ਗਿਆ ਸੀ ।
ਮੈਨੂੰ ਦੁਪਹਿਰ ਨੂੰ ਖਬਰ ਮਿਲੀ ਕਿ ਮੇਰਾ ਭਰਾ ਅਸਤਰ ਅਲੀ ਜਿਸ ਦੇ ਨਾਲ ਸੁਖਪਾਲ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ, ਰਾਜਵਿੰਦਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਹੈਬੂਆਣਾ ਜ਼ਿਲ੍ਹਾ ਸਿਰਸਾ (ਹਰਿਆਣਾ) ਅਤੇ ਕ੍ਰਿਸ਼ਨ ਸਿੰਘ ਪੁੱਤਰ ਮਲੂਕਾ ਸਿੰਘ ਵਾਸੀ ਨਾਰੰਗ ਜੋ ਟਰੀਟਮੈਂਟ ਪਲਾਂਟ ਵਿੱਚ ਹੀ ਬਤੌਰ ਹੈਲਪਰ ਡਿਊਟੀ ਕਰਦੇ ਸਨ, ਕੰਮ ਕਰਦੇ ਸਮੇ ਟਰੀਟਮੈਂਟ ਪਲਾਂਟ ਦੀ ਗੈਸ ਚੜਣ ਕਰਕੇ ਉਸ ਵਿੱਚ ਡਿੱਗ ਗਏ ਹਨ ਅਤੇ ਏਮਜ਼ ਹਸਪਤਾਲ ਬਠਿੰਡਾ ਵਿੱਚ ਇਲਾਜ ਲਈ ਦਾਖਿਲ ਹਨ। ਜਦ ਮੈਂ ਅਪਣੇ ਚਾਚੇ ਵਜ਼ੀਰ ਖਾਨ ਨਾਲ ਏਮਜ਼ ਹਸਪਤਾਲ ਪੁੱਜਾ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਅਸਤਰ ਅਲੀ, ਸੁਖਪਾਲ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਸੀਵਰੇਜ ਪਲਾਂਟ ਦੀ ਗੈਸ ਚੜ੍ਹਨ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਸੀ।