ਬਟਾਲਾ 'ਚ ਵਿੱਚ ਹੋਈ ਮੌਕ ਡਰਿਲ- ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ ਇਸ ਦਾ ਹੋਇਆ ਅਭਿਆਸ
ਰੋਹਿਤ ਗੁਪਤਾ
ਬਟਾਲਾ, 7 ਮਈ 2025 - ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ 'ਚ ਵਿੱਚ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਤ ਰੱਖਣ ਦੇ ਅਭਿਆਸ ਲਈ ਮੌਕ ਡਰਿੱਲ ਕੀਤੀ ਗਈ। ਇਸ ਸਬੰਧ ਵਿੱਚ ਇਕ ਸਾਇਰਨ ਵਜਾਇਆ ਗਿਆ ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ।
ਇਸ ਦੌਰਾਨ ਅਭਿਆਸ ਕੀਤਾ ਗਿਆ ਕਿ ਜੇਕਰ ਹਵਾਈ ਹਮਲਾ ਹੋ ਜਾਵੇ ਤਾਂ ਜੇਕਰ ਤੁਸੀਂ ਖੁੱਲੇ ਵਿੱਚ ਹੋ ਤਾਂ ਜਲਦੀ ਤੋਂ ਜਲਦੀ ਕਿਸੇ ਇਮਾਰਤ ਦੇ ਅੰਦਰ ਪਹੁੰਚੋ । ਜੇਕਰ ਬਹੁ ਮੰਜਲਾਂ ਇਮਾਰਤ ਵਿਚ ਹੋ ਤੇ ਹੇਠਲੇ ਤਲ 'ਤੇ ਆ ਜਾਓ। ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੌਸ਼ਨੀ ਨਾ ਕਰੋ। ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰਖਤ ਦੇ ਥੱਲੇ ਓਟ ਲਵੋ । ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਥੱਲੇ ਆ ਜਾਓ। ਜੇਕਰ ਤੁਹਾਡੇ ਕੋਲ ਓਟ ਲੈਣ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ਤੇ ਛਾਤੀ ਦੇ ਭਾਰ ਲੇਟ ਜਾਓ ਅਤੇ ਆਪਣੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਓ। ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦਾ ਰੌਸ਼ਨੀ ਨਾ ਕਰੋ।
ਇਸ ਤੋਂ ਬਿਨਾਂ ਇਮਾਰਤ ਦੇ ਅੰਦਰ ਕਮਰੇ ਦੇ ਕੋਨੇ ਵਿੱਚ ਸ਼ਰਨ ਲਵੋ ਜਾਂ ਕੋਈ ਕੱਪ ਬੋਰਡ ਜਾਂ ਭਾਰੀ ਚੀਜ਼ ਹੈ ਤਾਂ ਉਸਦੇ ਹੇਠਾਂ ਵੀ ਸ਼ਰਨ ਲਈ ਜਾ ਸਕਦੀ ਹੈ ਖਿੜਕੀਆਂ ਵਿੱਚ ਖੜੇ ਨਾ ਹੋਵੋ। ਗੈਸ ਪਾਣੀ ਅਤੇ ਬਿਜਲੀ ਦੀਆਂ ਸਵਿੱਚਾਂ ਬੰਦ ਕਰ ਦਿਓ।
ਇਸ ਮੌਕੇ ਨੀਰਜ ਸ਼ਰਮਾ ਫਾਇਰ ਬਿਰਗੇਡ ਅਫਸਰ, ਐਨ.ਸੀ.ਸੀ ਦੇ ਕਮਾਂਡੈਂਟ ਵੀਚਾਰ ਮਾਗੋ, ਹਰਦੀਪ ਸਿੰਘ ਬਾਜਵਾ ਡਿਪਟੀ ਚੀਫ ਵਾਰਡਨ, ਸੁਪਰਡੈਂਟ ਦਵਿੰਦਰ ਸਿੰਘ ਅਤੇ ਹਰਬਖ਼ਸ਼ ਸਿੰਘ ਨੇ ਸਮੂਹ ਲੋਕਾਂ ਨੂੰ ਇਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨਾਂ ਨੇ ਕਿਹਾ ਕਿ ਕਿਸੇ ਵੀ ਖਤਰੇ ਮੌਕੇ ਇਹਨਾਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ।