ਹੋਟਲਾਂ/ਮੋਟਲ/ਗੈਸਟ ਹਾਊਸ ਅਤੇ ਸਰਾਵਾਂ ’ਚ ਬਿਨਾਂ ਸ਼ਨਾਖਤ ਤੋਂ ਕਿਸੇ ਨੂੰ ਵੀ ਠਹਿਰਾਉਣ ’ਤੇ ਪਾਬੰਦੀ
- ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ ’ਚ ਵਿਆਹ-ਸ਼ਾਦੀਆਂ ਤੇ ਹੋਰ ਸਮਾਜਿਕ ਪ੍ਰੋਗਰਾਮਾਂ ’ਚ ਹਥਿਆਰ ਲੈ ਕੇ ਜਾਣ ’ਤੇ ਰੋਕ
- ਘਰਾਂ ’ਚ ਨੌਕਰ, ਕਿਰਾਏਦਾਰ ਅਤੇ ਹੋਰ ਕਾਮੇ ਰੱਖਣ ਸਬੰਧੀ ਪੁਲਿਸ ਸਾਂਝ ਕੇਂਦਰਾਂ ’ਚ ਇਤਲਾਹ ਦੇਣਾ ਲਾਜ਼ਮੀ
ਜਲੰਧਰ, 7 ਮਈ 2025: ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਕੋਈ ਵੀ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਦੇ ਮਾਲਕ/ਪ੍ਰਬੰਧਕ ਕਿਸੇ ਵੀ ਵਿਅਕਤੀ/ਯਾਤਰੀ ਨੂੰ ਉਸ ਦੀ ਸ਼ਨਾਖਤ ਕੀਤੇ ਬਗੈਰ ਨਹੀਂ ਠਹਿਰਾਉਣਗੇ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰਣ ਵਾਲੇ ਹਰੇਕ ਵਿਅਕਤੀ/ਯਾਤਰੀ ਦਾ ਵੈਲਿਡ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵੱਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਉਸ ਵਿਅਕਤੀ/ਯਾਤਰੀ ਵੱਲੋਂ ਸਵੈ-ਤਸਦੀਕਸ਼ੁਦਾ ਫੋਟੋ ਕਾਪੀ ਬਤੌਰ ਰਿਕਾਰਡ ਰੱਖਣਗੇ ਅਤੇ ਵਿਅਕਤੀ/ਯਾਤਰੀ ਦਾ ਮੋਬਾਇਲ ਨੰਬਰ ਤਸਦੀਕ ਕਰਨ ਤੋਂ ਇਲਾਵਾ ਠਹਿਰਣ ਵਾਲੇ ਵਿਅਕਤੀ/ਯਾਤਰੀ ਦਾ ਰਿਕਾਰਡ ਦਿੱਤੇ ਪ੍ਰੋਫਾਰਮੇ ਵਿੱਚ ਰਜਿਸਟਰ ’ਤੇ ਮੇਨਟੇਨ ਕਰਨਗੇ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰੇ ਵਿਅਕਤੀਆਂ/ਯਾਤਰੀਆਂ ਸਬੰਧੀ ਜਾਣਕਾਰੀ ਰੋਜ਼ਾਨਾ ਸਵੇਰੇ 10 ਵਜੇ ਸਬੰਧਿਤ ਮੁੱਖ ਅਫ਼ਸਰ ਥਾਣਾ ਨੂੰ ਭੇਜਣਗੇ ਅਤੇ ਠਹਿਰੇ ਵਿਅਕਤੀਆਂ/ਯਾਤਰੀਆਂ ਸਬੰਧੀ ਰਜਿਸਟਰ ਵਿਚ ਦਰਜ ਰਿਕਾਰਡ ਨੂੰ ਹਰੇਕ ਸੋਮਵਾਰ ਨੂੰ ਸਬੰਧਿਤ ਮੁੱਖ ਅਫ਼ਸਰ ਥਾਣਾ ਪਾਸੋਂ ਤਸਦੀਕ ਕਰਵਾਉਣਗੇ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਉਣਗੇ।
ਇਸ ਤੋਂ ਇਲਾਵਾ ਜਦੋਂ ਵੀ ਕੋਈ ਵਿਦੇਸ਼ੀ ਵਿਅਕਤੀ ਕਿਸੇ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਵਿਚ ਠਹਿਰਦਾ ਹੈ ਤਾਂ ਇਸ ਸਬੰਧੀ ਇਤਲਾਹ ਇੰਚਾਰਜ ਫੌਰਨਰਸ ਰਜਿਸਟਰੇਸ਼ਨ ਆਫਿਸ, ਦਫ਼ਤਰ ਕਮਿਸ਼ਨਰ ਪੁਲਿਸ, ਜਲੰਧਰ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਹਰੇਕ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦੇ ਕੋਰੀਡੋਰ, ਲਿਫ਼ਟ, ਰਿਸੈਪਸ਼ਨ ਕਾਊਂਟਰ ਅਤੇ ਮੁੱਖ ਪ੍ਰਵੇਸ਼ ਦਰਵਾਜ਼ੇ ’ਤੇ ਸੀ. ਸੀ. ਟੀ. ਵੀ ਕੈਮਰੇ ਲਗਾਏ ਜਾਣ। ਜੇਕਰ ਕੋਈ ਸ਼ੱਕੀ ਵਿਅਕਤੀ ਹੋਟਲ/ਮੋਟਲ/ਗੈਸਟ ਹਾਊਸ, ਰੈਸਟੋਰੈਂਟ ਅਤੇ ਸਰ੍ਹਾਂ ਵਿਖੇ ਠਹਿਰਦਾ/ਆਉਂਦਾ ਹੈ, ਜੋ ਕਿਸੇ ਪੁਲਿਸ ਕੇਸ ਵਿਚ ਲੋੜੀਂਦਾ ਹੈ ਜਾਂ ਕਿਸੇ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਵਿਚੋਂ ਠਹਿਰੇ/ਆਏ ਵਿਅਕਤੀ/ਯਾਤਰੀ ਨੂੰ ਕਿਸੇ ਹੋਰ ਰਾਜ/ਜ਼ਿਲ੍ਹੇ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦਾ ਮਾਲਕ/ਪ੍ਰਬੰਧਕ ਤੁਰੰਤ ਇਸ ਦੀ ਸੂਚਨਾ ਸਬੰਧਤ ਥਾਣੇ/ਪੁਲਿਸ ਕੰਟਰੋਲ ਰੂਮ ਨੂੰ ਦੇਣ ਦੇ ਜ਼ਿੰਮੇਵਾਰ ਹੋਣਗੇ।
ਪੁਲਿਸ ਕਮਿਸ਼ਨਰ ਵਲੋਂ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਹਥਿਆਰ ਜਿਵੇਂ ਕਿ ਬੇਸਬਾਲ, ਤੇਜ਼ ਹਥਿਆਰ, ਨੋਕੀਲਾ ਹਥਿਆਰ ਜਾਂ ਕੋਈ ਵੀ ਜਾਨਲੇਵਾ ਹਥਿਆਰ ਗੱਡੀ ਵਿੱਚ ਰੱਖ ਕੇ ਚੱਲਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ, ਸਮਾਗਮ/ਜਲੂਸ ਵਿੱਚ ਹਥਿਆਰ ਲੈ ਕੇ ਚੱਲਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਨਾਅਰੇਬਾਜ਼ੀ ਕਰਨ ’ਤੇ ਪਾਬੰਦੀ ਲਗਾਈ ਗਈ ਹੈ।
ਇਸੇ ਤਰ੍ਹਾਂ ਕਮਿਸ਼ਨਰ ਪੁਲਿਸ ਵਲੋਂ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ, ਵਿਆਹ-ਸ਼ਾਦੀਆਂ ਦੇ ਪ੍ਰੋਗਰਾਮਾਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਵਿੱਚ ਪਬਲਿਕ ਵਲੋਂ ਹਥਿਆਰ ਲੈ ਕੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਮੈਰਿਜ ਪੈਲੇਸਾਂ ਅਤੇ ਦਾਅਵਤ ਹਾਲਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੈਰਿਜ ਪੈਲਸਾਂ/ਦਾਅਵਤ ਹਾਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਜ਼ਿੰਮੇਵਾਰ ਹੋਣਗੇ।
ਇਸੇ ਤਰ੍ਹਾਂ ਕਮਿਸ਼ਨਰ ਪੁਲਿਸ ਵਲੋਂ ਪੁਲਿਸ ਕਮਿਸ਼ਨਰੇਟ, ਜਲੰਧਰ ਦੇ ਇਲਾਕੇ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਇਕ ਹੋਰ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਮਕਾਨ ਮਾਲਕ ਘਰਾਂ ਵਿੱਚ ਕਿਰਾਏਦਾਰ ਅਤੇ ਪੀ.ਜੀ. ਮਾਲਕ, ਪੀ.ਜੀ.ਅਤੇ ਇਸ ਤੋਂ ਇਲਾਵਾ ਆਮ ਲੋਕ ਘਰਾਂ ਵਿੱਚ ਨੌਕਰ ਅਤੇ ਹੋਰ ਕਾਮੇ ਆਪਣੇ ਨੇੜੇ ਦੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਵਿੱਚ ਸੂਚਨਾ/ਇਤਲਾਹ ਦਿੱਤੇ ਬਿਨਾਂ ਨਹੀਂ ਰੱਖਣਗੇ।
ਇਸ ਤੋਂ ਇਲਾਵਾ ਇਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿੱਚ ਸਮੂਹ ਪਟਾਕਿਆਂ ਦੇ ਨਿਰਮਾਣਕਾਂ/ਡੀਲਰਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਪਟਾਖਿਆਂ ਦੇ ਪੈਕਟਾਂ ਉਪਰ ਆਵਾਜ਼ ਦਾ ਲੈਵਲ (ਡੈਸੀਬਲ ਵਿੱਚ) ਪ੍ਰਿੰਟ ਹੋਣਾ ਲਾਜ਼ਮੀ ਹੈ। ਉਪਰੋਕਤ ਇਹ ਸਾਰੇ ਹੁਕਮ ਮਿਤੀ 06.05.2025 ਤੋਂ 05.07.2025 ਤੱਕ ਲਾਗੂ ਰਹਿਣਗੇ।