ਹੱਜ ਯਾਤਰੀਆਂ ਦੀ ਸਹੂਲਤ ਲਈ ਅੱਜ ਵਿਸ਼ੇਸ਼ ਟੀਕਾਕਰਨ ਕੈਂਪ
- ਵਿਧਾਇਕ ਜਮੀਲ ਉਰ ਰਹਿਮਾਨ ਨੇ ਪਵਿੱਤਰ ਹੱਜ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ
ਮਾਲੇਰਕੋਟਲਾ, 07 ਮਈ 2025 - ਪੰਜਾਬ ਹੱਜ ਕਮੇਟੀ ਵੱਲੋਂ ਸਾਊਦੀ ਅਰਬ ਲਈ ਹੱਜ 'ਤੇ ਜਾਣ ਵਾਲੇ ਪੰਜਾਬ ਭਰ ਦੇ 312 ਹਾਜੀਆਂ ਦਾ ਟੀਕਾਕਰਨ ਕੈਂਪ ਸਥਾਨਕ ਸਾਗਰ ਪੈਲੇਸ ਵਿਖੇ ਲਗਾਇਆ ਗਿਆ। ਕੈਂਪ ਵਿੱਚ ਹੱਜ 'ਤੇ ਜਾਣ ਵਾਲੇ ਹਾਜੀਆਂ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਹਸਪਤਾਲ ਦੀ ਮੈਡੀਕਲ ਟੀਮ ਸਮੇਤ ਸਮੂਹ ਯਾਤਰੀਆਂ ਨੂੰ ਲੋੜੀਂਦੇ ਟੀਕੇ ਲਗਾਏ ਗਏ।
ਕੈਂਪ 'ਚ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਜਮੀਲ ਉਰ ਰਹਿਮਾਨ ਨੇ ਸੰਬੋਧਨ ਕਰਦਿਆਂ ਪਵਿੱਤਰ ਹੱਜ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਯਾਤਰਾ ਦੌਰਾਨ ਆਪਣੇ ਦੇਸ਼ ਦੀ ਤਰੱਕੀ-ਖੁਸ਼ਹਾਲੀ ਤੇ ਆਪਸੀ ਭਾਈਚਾਰੇ ਲਈ ਦੁਆ ਕਰਨ ਦੇ ਨਾਲ-ਨਾਲ ਵਿਸ਼ਵ ਭਰ ਅੰਦਰ ਅਮਨ-ਸ਼ਾਂਤੀ ਬਣੇ ਰਹਿਣ ਦੀ ਵੀ ਦੁਆ ਕਰਨ।
ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਨੇ ਹੱਜ ਯਾਤਰੀਆਂ ਨੂੰ ਜ਼ਰੂਰੀ ਟਰੇਨਿੰਗ ਦੇਣ ਦੇ ਨਾਲ-ਨਾਲ ਯਾਤਰਾ 'ਤੇ ਜਾਣ ਸਬੰਧੀ ਜ਼ਰੂਰੀ ਕਾਗ਼ਜ਼ੀ ਕਾਰਵਾਈਆਂ ਪੂਰੀਆਂ ਕਰਾਉਣ 'ਚ ਹੱਜ ਯਾਤਰੀਆਂ ਦਾ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਕੈਂਪ ਲਗਾ ਕੇ ਹੱਜ ਯਾਤਰੀਆਂ ਦੀਆਂ ਸਾਰੀਆਂ ਸਬੰਧਿਤ ਤਿਆਰੀਆਂ ਮੁਕੰਮਲ ਕਰਵਾਈਆਂ ਹਨ।
ਇਸ ਦੌਰਾਨ ਪੰਜਾਬ ਹੱਜ ਕਮੇਟੀ ਦੇ ਸਮੂਹ ਮੈਂਬਰ, ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫਰ ਅਲੀ, ਵਿਧਾਇਕ ਦੇ ਪੀ.ਏ ਗੁਰਮੁਖ ਸਿੰਘ, ਅਸ਼ਰਫ ਅਬਦੁੱਲਾ, ਬਲਾਕ ਪ੍ਰਧਾਨ ਅਬਦੁਲ ਹਲੀਮ , ਬਲਾਕ ਸੋਸ਼ਲ ਮੀਡੀਆ ਇਨਚਾਰਜ ਯਾਸਰ ਅਰਫਾਤ, ਯਾਸੀਨ ਨੇਸਤੀ, ਸਮਾਜ ਸੇਵੀ ਨਦੀਮ ਅਨਵਾਰ ਖਾਂ, ਮੁਹੰਮਦ ਇਕਲਾਕ, ਸਾਗਕ ਪੈਲਸ ਦੇ ਐਮ.ਡੀ ਹਾਜੀ ਖੁੱਸ਼ੀ, ਸਗੀਰ ਢਿੱਲੋ, ਚੌਧਰੀ ਉਮਰਦੀਨ ਮੌਜੂਦ ਸਨ ।