ਏਅਰ ਸਟ੍ਰਾਈਕ: ਤਿਰੰਗੇ ਲਹਿਰਾਕੇ ਕੀਤਾ ਭਾਰਤੀ ਫੌਜ ਤੇ ਕੇਂਦਰ ਸਰਕਾਰ ਦਾ ਧੰਨਵਾਦ
ਅਸ਼ੋਕ ਵਰਮਾ
ਬਠਿੰਡਾ, 7 ਮਈ 2025: ਪਹਿਲਗਾਮ ਦੀ ਬੇਸਰਾਨ ਘਾਟੀ ਵਿੱਚ ਧਰਮ ਪੁੱਛ ਕੇ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਅਤੇ ਭੈਣਾਂ ਦੇ ਉਜਾੜੇ ਗਏ ਸਿੰਧੂਰ ਦਾ ਬਦਲਾ ਲੈਣ ਲਈ ਭਾਰਤੀ ਫੌਜ ਵੱਲੋਂ ਕੀਤੇ ਆਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਨੂੰ ਨਸ਼ਟ ਕਰਨ ਅਤੇ ਅੱਤਵਾਦੀਆਂ ਦੇ ਖਾਤਮੇ ਨੂੰ ਲੈਕੇ ਭਾਜਪਾ ਆਗੂ ਸੰਦੀਪ ਅਗਰਵਾਲ ਦੀ ਅਗਵਾਈ ਹੇਠ ਮਹਿਣਾ ਚੌਂਕ ਦੇ ਦੁਕਾਨਦਾਰਾਂ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਭਾਰਤਾ ਮਤਾ ਦੀ ਜੈ ਦੇ ਨਾਅਰਿਆਂ ਨਾਲ ਕੇਂਦਰ ਦੀ ਮੋਦੀ ਸਰਕਾਰ ਤੇ ਭਾਰਤੀ ਫੌਜ ਦਾ ਧੰਨਵਾਦ ਕੀਤਾ। ਸੰਦੀਪ ਅਗਰਵਾਲ ਨੇ ਕਿਹਾ ਕਿ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ’ਤੇ ਹੋਏ ਹਮਲੇ ਇਸ ਗੱਲ ਦਾ ਸਾਫ ਸੁਬੂਤ ਹਨ ਕਿ ਹੁਣ ਦੇਸ਼ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਭਾਰਤੀ ਫੌਜ ਦੇ ਸਮੂਹ ਵਿੰਗ ਵਧਾਈ ਦੇ ਪਾਤਰ ਹਨ।
ਸੰਦੀਪ ਅਗਰਵਾਲ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ ਅਤੇ ਅੱਤਵਾਦ ਰਾਹੀਂ ਭਾਰਤ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਸੀ।ਉਨ੍ਹਾਂ ਕਿਹਾ ਕਿ ਪਾਕਿਸਤਾਨ ਭੁੱਲ ਗਿਆ ਕਿ ਹੁਣ ਭਾਰਤ ਵਿੱਚ ਮਜ਼ਬੂਰ ਨਹੀਂ ਮਜ਼ਬੂਤ ਮੋਦੀ ਸਰਕਾਰ ਹੈ ਅਤੇ ਜੋ ਵੀ ਭਾਰਤ ਵੱਲ ਮਾੜੀ ਨਜ਼ਰ ਨਾਲ ਵੇਖੇਗਾ, ਉਹਦਾ ਅੰਜਾਮ ਭਿਆਨਕ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਭਾਰਤੀ ਫੌਜ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਾ ਹੈ। ਸੰਦੀਪ ਅਗਰਵਾਲ ਤੇ ਦੁਕਾਨਦਾਰਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਤੋਂ ਸ੍ਰੀ ਨਨਕਾਣਾ ਸਾਹਿਬ ਵਾਪਸ ਲੈਣ ਅਤੇ ਕਿਸੇ ਵੀ ਕਿਸਮ ਦੀ ਅਫਵਾਹ ਨਾਂ ਫੈਲਾਉਣ ਅਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੰਨਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ’ਤੇ ਸੁਰਿੰਦਰ ਰਾਣਾ, ਸਲਾਉਦੀਨ ਅਬੂ ਨਸਰ, ਇਕਬਾਲ ਭਾਟੀਆ, ਦਵਿੰਦਰ ਸਿੰਗਲਾ, ਸੁਰਿੰਦਰ ਛਿੰਦਾ, ਟੋਨੀ, ਨਰੇਸ਼ ਕੁਮਾਰ, ਵਿਸ਼ਵਦੀਪ ਅਤੇ ਹੋਰ ਸ਼ਹਿਰੀ ਹਾਜ਼ਰ ਸਨ।